ਨਿਗਮ ਚੋਣਾਂ ਦੇ ਐਲਾਨ ਮਗਰੋਂ ਸਿਆਸੀ ਧਿਰਾਂ ਪੱਬਾਂ ਭਾਰ
ਚਰਨਜੀਤ ਭੁੱਲਰ
ਚੰਡੀਗੜ੍ਹ, 8 ਦਸੰਬਰ
ਪੰਜਾਬ ’ਚ ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਐਲਾਨ ਨਾਲ ਹੀ ਸਿਆਸੀ ਪਾਰਟੀਆਂ ਨੇ ਕਮਰ ਕੱਸੇ ਕਰ ਲਏ ਹਨ। ਸਭਨਾਂ ਸਿਆਸੀ ਧਿਰਾਂ ਵੱਲੋਂ ਇਨ੍ਹਾਂ ਚੋਣਾਂ ’ਚ ਵੋਟਰਾਂ ਦੀ ਨਬਜ਼ ਫੜੀ ਜਾਵੇਗੀ ਅਤੇ ਮਿਸ਼ਨ 2027 ਲਈ ਸਿਆਸੀ ਆਗੂ ਇਨ੍ਹਾਂ ਚੋਣਾਂ ਵਿੱਚ ਪੂਰਾ ਤਾਣ ਲਾਉਣਗੇ। ਆਮ ਆਦਮੀ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਅਮਨ ਅਰੋੜਾ ਆਪਣੀ ਸਿਆਸੀ ਪਕੜ ਇਨ੍ਹਾਂ ਚੋਣਾਂ ਜ਼ਰੀਏ ਪਰਖਣਗੇ। ‘ਆਪ’ ਨੂੰ ਸੱਤਾ ਵਿੱਚ ਹੋਣ ਦਾ ਫ਼ਾਇਦਾ ਮਿਲਣ ਦੀ ਆਸ ਹੈ ਅਤੇ ਲੰਘੀਆਂ ਜ਼ਿਮਨੀ ਚੋਣਾਂ ਵਿੱਚ ਮਿਲੀ ਕਾਮਯਾਬੀ ਦਾ ਅਸਰ ਵੀ ਇਨ੍ਹਾਂ ਚੋਣਾਂ ’ਤੇ ਪਵੇਗਾ।
‘ਆਪ’ ਨੇ ਹਿੰਦੂ ਚਿਹਰਾ ਹੋਣ ਕਰਕੇ ਅਮਨ ਅਰੋੜਾ ਹੱਥ ਕਮਾਨ ਦਿੱਤੀ ਹੈ। ਨਿਗਮ ਚੋਣਾਂ ਸ਼ਹਿਰੀ ਅਧਾਰ ਵਾਲੀਆਂ ਹਨ ਜਿਸ ਕਰ ਕੇ ਅਰੋੜਾ ਲਈ ਇਹ ਚੋਣਾਂ ਵੱਕਾਰੀ ਹੋਣਗੀਆਂ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਅਸਰ ਦਿੱਲੀ ਚੋਣਾਂ ’ਤੇ ਵੀ ਪਵੇਗਾ ਜਿਸ ਕਰ ਕੇ ‘ਆਪ’ ਦੀ ਹਾਈਕਮਾਨ ਵੀ ਇਨ੍ਹਾਂ ਚੋਣਾਂ ’ਤੇ ਸਿੱਧੀ ਨਜ਼ਰ ਰੱਖੇਗੀ। ਵਿਰੋਧੀ ਧਿਰ ਕਾਂਗਰਸ ਵੱਲੋਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਮੁੱਦਾ ਬਣਾਇਆ ਜਾ ਸਕਦਾ ਹੈ।
‘ਆਪ’ ਨੇ ਅੱਜ ਨਿਗਮਾਂ ਲਈ ਸਕਰੀਨਿੰਗ ਕਮੇਟੀਆਂ ਬਣਾ ਦਿੱਤੀਆਂ ਹਨ। ਅੰਮ੍ਰਿਤਸਰ ਨਿਗਮ ਦੀ ਅਗਵਾਈ ਮੰਤਰੀ ਕੁਲਦੀਪ ਧਾਲੀਵਾਲ ਨੂੰ ਦਿੱਤੀ ਗਈ ਹੈ, ਉਨ੍ਹਾਂ ਨਾਲ ਵਿਧਾਇਕ ਡਾ. ਜਸਬੀਰ ਗਿੱਲ, ਡਾ. ਇੰਦਰਵੀਰ ਸਿੰਘ ਨਿੱਝਰ, ਜੀਵਨਜੋਤ ਕੌਰ ਤੇ ਅਜੇ ਗੁਪਤਾ ਆਦਿ ਲਾਏ ਗਏ ਹਨ। ਜਲੰਧਰ ਨਿਗਮ ਦਾ ਇੰਚਾਰਜ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਲਾਇਆ ਹੈ, ਉਨ੍ਹਾਂ ਨਾਲ ਵਜ਼ੀਰ ਮੋਹਿੰਦਰ ਭਗਤ, ਪਵਨ ਟੀਨੂੰ ਅਤੇ ਰਮਨ ਅਰੋੜਾ ਆਦਿ ਲਾਏ ਗਏ ਹਨ। ਫਗਵਾੜਾ ਨਿਗਮ ਲਈ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਅਤੇ ਉਨ੍ਹਾਂ ਨਾਲ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਅਤੇ ਸਾਬਕਾ ਵਿਧਾਇਕ ਜੋਗਿੰਦਰ ਮਾਨ ਆਦਿ ਲਾਏ ਗਏ ਹਨ। ਪਟਿਆਲਾ ਨਿਗਮ ਲਈ ਮੰਤਰੀ ਬਰਿੰਦਰ ਗੋਇਲ ਇੰਚਾਰਜ ਅਤੇ ਡਾ. ਬਲਬੀਰ ਸਿੰਘ, ਹਰਚੰਟ ਬਰਸਟ, ਅਜੀਤਪਾਲ ਸਿੰਘ ਕੋਹਲੀ ਤੇ ਹਰਮੀਤ ਪਠਾਨਮਾਜਰਾ ਆਦਿ ਨਾਲ ਤਾਇਨਾਤ ਰਹਿਣਗੇ। ਬਾਕੀ ਕੌਂਸਲਾਂ ਦੀਆਂ ਵੀ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਚੋਣਾਂ ਵਿੱਚ ਤਾਇਨਾਤ ਕੀਤੇ ਇੰਚਾਰਜਾਂ ਦੀ ਕਾਰਗੁਜ਼ਾਰੀ ਵੀ ਪਰਖੀ ਜਾਣੀ ਹੈ।
ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਦੀ ਪ੍ਰਧਾਨਗੀ ਹੇਠ ਹਾਲ ਹੀ ਵਿੱਚ ਲੜੀਆਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਹਾਰ ਦਾ ਝਟਕਾ ਲੱਗਿਆ ਹੈ, ਲਈ ਇਹ ਚੋਣਾਂ ਵੱਕਾਰੀ ਹੋਣਗੀਆਂ। ਰਾਜਾ ਵੜਿੰਗ ਲੁਧਿਆਣਾ ਤੋਂ ਸੰਸਦ ਮੈਂਬਰ ਹਨ ਜਿਸ ਕਰ ਕੇ ਲੁਧਿਆਣਾ ਨਿਗਮ ਚੋਣ ਦੇ ਨਤੀਜੇ ਨਿੱਜੀ ਤੌਰ ’ਤੇ ਰਾਜਾ ਵੜਿੰਗ ਦੇ ਸਿਆਸੀ ਭਵਿੱਖ ਵੱਲ ਇਸ਼ਾਰਾ ਕਰਨਗੇ। ਇਨ੍ਹਾਂ ਚੋਣਾਂ ’ਚ ਕਾਂਗਰਸ ਦੀ ਕਾਰਗੁਜ਼ਾਰੀ ਪਾਰਟੀ ਦੇ 2027 ਦੇ ਮਿਸ਼ਨ ਨੂੰ ਪ੍ਰਭਾਵਿਤ ਕਰੇਗੀ।
ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਵੱਲੋਂ ਧਾਰਮਿਕ ਸਜ਼ਾ ਨੂੰ ਭੁਗਤੇ ਜਾਣ ਅਤੇ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਕਾਰਨ ਪਾਰਟੀ ਸ਼ਹਿਰੀ ਵੋਟਰਾਂ ’ਚੋਂ ਹਮਦਰਦੀ ਤਲਾਸ਼ੇਗੀ। ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਚੋਣਾਂ ਬਹਾਨੇ ਲੋਕਾਂ ਦੇ ਰੌਂਅ ਦਾ ਵੀ ਪਤਾ ਲੱਗੇਗਾ। ਭਾਜਪਾ ਲਈ ਵੀ ਇਹ ਚੋਣਾਂ ਵੱਕਾਰੀ ਹਨ ਕਿਉਂਕਿ ਜ਼ਿਮਨੀ ਚੋਣਾਂ ਵਿੱਚ ਭਾਜਪਾ ਦੇ ਤਿੰਨ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਪਟਿਆਲਾ ਨਿਗਮ ਦੀ ਚੋਣ ਅਮਰਿੰਦਰ ਪਰਿਵਾਰ ਦੀ ਪਰਖ ਦਾ ਸਬੱਬ ਬਣੇਗੀ। ਪੰਜਾਬ ਵਿੱਚ 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵੀ ਹੋ ਰਹੀਆਂ ਹਨ ਜੋ ਸਭਨਾਂ ਧਿਰਾਂ ਦੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੀ ਕਾਰਗੁਜ਼ਾਰੀ ਨੂੰ ਦਰਸਾਉਣਗੀਆਂ।
ਬਸਪਾ ਵੱਲੋਂ ਨਿਗਮ ਚੋਣਾਂ ਪਾਰਟੀ ਚੋਣ ਨਿਸ਼ਾਨ ’ਤੇ ਲੜਨ ਦਾ ਐਲਾਨ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਬਸਪਾ ਵੱਲੋਂ ਅੱਜ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਸੂਬਾ ਪੱਧਰੀ ਸੰਮੇਲਨ ਹੋਇਆ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਹੋਏ ਸੰਮੇਲਨ ਵਿੱਚ ਪਾਰਟੀ ਦੇ ਪੰਜਾਬ-ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਣੀਵਾਲ, ਵਿਪੁਲ ਕੁਮਾਰ ਤੇ ਸੂਬਾ ਇੰਚਾਰਜ ਡਾ. ਨਛੱਤਰ ਪਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸ੍ਰੀ ਬੈਣੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਹੋਣ ਜਾ ਰਹੀਆਂ ਨਿਗਮ ਚੋਣਾਂ ਬਸਪਾ ਆਪਣੇ ਚੋਣ ਨਿਸ਼ਾਨ ਹਾਥੀ ’ਤੇ ਲੜੇਗੀ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਨਮਨ ਕਰਦਿਆਂ ਕਿਹਾ ਕਿ ਸਿੱਖਿਆ ਰਾਸ਼ਟਰ ਨਿਰਮਾਣ ਦਾ ਜ਼ਰੀਆ ਹੈ ਪਰ ਕੇਂਦਰ ਦੀ ਸੱਤਾ ਵਿੱਚ ਰਹੀਆਂ ਭਾਜਪਾ-ਕਾਂਗਰਸ ਸਰਕਾਰਾਂ ਤੇ ਸੂਬੇ ਦੀ ਸੱਤਾਧਾਰੀ ‘ਆਪ’ ਦੀਆਂ ਸਰਕਾਰ ਨੇ ਮਾੜੀਆਂ ਨੀਤੀਆਂ ਲਾਗੂ ਕਰਕੇ ਬੱਚਿਆਂ ਤੋਂ ਸਿੱਖਿਆ ਖੋਹਣ ਦਾ ਕੰਮ ਕੀਤਾ ਹੈ। ਵਿਧਾਇਕ ਡਾ. ਨਛੱਤਰ ਪਾਲ ਨੇ ਕਿਹਾ ਕਿ ਸੂਬੇ ਵਿੱਚ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਲੋਕਾਂ ਨੂੰ ਇਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ।