ਹਾਦਸੇ ਮਗਰੋਂ ਹਾਈਵੇਅ ’ਤੇ ਲੱਗਾ ਜਾਮ
ਜਲੰਧਰ (ਪੱਤਰ ਪ੍ਰੇਰਕ): ਇੱਥੋਂ ਦੇ ਪੀਏਪੀ ਚੌਕ ਨੇੜੇ ਅੱਜ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ ਜਿਸ ਕਾਰਨ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ। ਘਟਨਾ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲੀਸ ਨੇ ਕੁਝ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਜਾਮ ਨੂੰ ਸਾਫ਼ ਕਰਵਾਇਆ। ਟਰੱਕ ਡਰਾਈਵਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਫਗਵਾੜਾ ਤੋਂ ਚੌਲ ਲੈ ਕੇ ਜੰਡਿਆਲਾ ਗੁਰੂ ਵੱਲ ਜਾ ਰਿਹਾ ਸੀ। ਜਦੋਂ ਉਹ ਪੀਏਪੀ ਫਲਾਈਓਵਰ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਕਾਰ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਿਆਂ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਫਿਰ ਉਕਤ ਕਾਰ ਅਤੇ ਟਰੱਕ ਨੂੰ ਅੱਗ ਲੱਗ ਗਈ। ਟਰੱਕ ਡਰਾਈਵਰ ਨੇ ਬ੍ਰੇਕ ਲਗਾ ਕੇ ਆਪਣੇ ਆਪ ਨੂੰ ਵੱਡੇ ਹਾਦਸੇ ਤੋਂ ਬਚਾਇਆ। ਕਾਰ ਨੂੰ ਫੋਲੜੀਵਾਲ ਦਾ ਰਹਿਣ ਵਾਲਾ ਬਲਦੇਵ ਚਲਾ ਰਿਹਾ ਸੀ। ਉਕਤ ਹਾਈਵੇਅ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ। ਅਜਿਹੇ ’ਚ ਹਾਦਸੇ ਤੋਂ ਬਾਅਦ ਹਾਈਵੇਅ ਦਾ ਇਕ ਪਾਸਾ ਪੂਰੀ ਤਰ੍ਹਾਂ ਬੰਦ ਹੋ ਗਿਆ ਜਿਸ ਤੋਂ ਬਾਅਦ ਪੁਲੀਸ ਨੇ ਕਿਸੇ ਤਰ੍ਹਾਂ ਮੌਕੇ ’ਤੇ ਪਹੁੰਚ ਕੇ ਹਾਈਵੇਅ ਨੂੰ ਜਾਮ ਤੋਂ ਮੁਕਤ ਕਰਵਾਇਆ ਅਤੇ ਕੁਝ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਆਵਾਜਾਈ ਫਿਰ ਤੋਂ ਆਮ ਵਾਂਗ ਹੋ ਗਈ।