For the best experience, open
https://m.punjabitribuneonline.com
on your mobile browser.
Advertisement

ਸੂਰਤ ਮਗਰੋਂ ਹੁਣ ਇੰਦੌਰ: ਕਾਂਗਰਸ ਉਮੀਦਵਾਰ ਅਕਸ਼ੈ ਕਾਂਤੀ ਬਾਮ ਨੇ ਲਿਆ ਪਰਚਾ ਵਾਪਸ

06:46 AM Apr 30, 2024 IST
ਸੂਰਤ ਮਗਰੋਂ ਹੁਣ ਇੰਦੌਰ  ਕਾਂਗਰਸ ਉਮੀਦਵਾਰ ਅਕਸ਼ੈ ਕਾਂਤੀ ਬਾਮ ਨੇ ਲਿਆ ਪਰਚਾ ਵਾਪਸ
Advertisement

ਇੰਦੌਰ (ਮੱਧ ਪ੍ਰਦੇਸ਼), 29 ਅਪਰੈਲ
ਪਿਛਲੇ 35 ਸਾਲ ਤੋਂ ਇੰਦੌਰ ਲੋਕ ਸਭਾ ਸੀਟ ਜਿੱਤਣ ਦੀ ਉਡੀਕ ਕਰ ਰਹੀ ਕਾਂਗਰਸ ਦੇ ਉਮੀਦਵਾਰ ਅਕਸ਼ੈ ਕਾਂਤੀ ਬਾਮ ਨੇ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਅੱਜ ਨਾਮਜ਼ਦਗੀ ਦੇ ਆਖਰੀ ਦਿਨ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਹਨ। ਨਾਮਜ਼ਦਗੀ ਕਾਗਜ਼ ਵਾਪਸ ਲੈਣ ਮਗਰੋਂ ਉਹ ਭਾਜਪਾ ਦਫ਼ਤਰ ਪਹੁੰਚ ਗਏ। ਭਾਜਪਾ ਵੱਲੋਂ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਗਈ ਇੱਕ ਤਸਵੀਰ ’ਚ ਬਾਮ ਮੱਧ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਜਗਦੀਸ਼ ਦੇਵੜਾ, ਕੈਬਨਿਟ ਮੰਤਰੀ ਕੈਲਾਸ਼ ਵਿਜੈਵਰਗੀਆ ਤੇ ਹੋਰ ਭਾਜਪਾ ਆਗੂਆਂ ਨਾਲ ਦਿਖਾਈ ਦੇ ਰਹੇ ਹਨ। ਸੂਤਰਾਂ ਅਨੁਸਾਰ ਬਾਮ ਭਾਜਪਾ ਵਿੱਚ ਸ਼ਾਮਲ ਹੋਣਗੇ। ਇੰਦੌਰ ਲੋਕ ਸਭਾ ਸੀਟ ਲਈ ਨਾਮਜ਼ਦਗੀ ਦਾਖਲ ਕਰਨ ਦਾ ਅੱਜ ਆਖਰੀ ਦਿਨ ਸੀ। ਇੱਥੇ 13 ਮਈ ਨੂੰ ਵੋਟਾਂ ਪੈਣਗੀਆਂ। ਇੰਦੌਰ ਦੇ ਕੁਲੈਕਟਰ ਆਸ਼ੀਸ਼ ਸਿੰਘ ਨੇ ਬਾਮ ਵੱਲੋਂ ਨਾਮਜ਼ਦਗੀ ਵਾਪਸ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਉਹ ਸਥਾਨਕ ਭਾਜਪਾ ਵਿਧਾਇਕ ਰਮੇਸ਼ ਮੈਂਡੋਲਾ ਨਾਲ ਕੁਲੈਕਟਰ ਦਫ਼ਤਰ ਪੁੱਜੇ ਤੇ ਨਾਮਜ਼ਦਗੀ ਕਾਗਜ਼ ਵਾਪਸ ਲਏ। ਵਾਪਸੀ ’ਤੇ ਪੱਤਰਕਾਰਾਂ ਦੇ ਸਵਾਲਾਂ ਨੂੰ ਅਣਸੁਣਿਆਂ ਕਰਦਿਆਂ ਉਹ ਕਾਰ ਵਿੱਚ ਮੈਂਡੋਲਾ ਨਾਲ ਬੈਠ ਕੇ ਚਲੇ ਗਏ। ਮੈਂਡੋਲਾ, ਵਿਜੈਵਰਗੀਆ ਦੇ ਭਰੋਸੇਯੋਗ ਸਾਥੀ ਹਨ। ਕੁਲੈਕਟਰ ਆਸ਼ੀਸ਼ ਸਿੰਘ ਨੇ ਕਿਹਾ, ‘ਕਾਂਗਰਸ ਦੇ ਬਾਮ ਸਮੇਤ ਤਿੰਨ ਉਮੀਦਵਾਰਾਂ ਨੇ ਅੱਜ ਆਪਣੀਆਂ ਨਾਮਜ਼ਦਗੀਆਂ ਵਾਪਸ ਲਈਆਂ ਹਨ। ਇਸ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ।’ ਵਿਜੈਵਰਗੀਆ ਨੇ ਆਪਣੇ ‘ਐਕਸ’ ਅਕਾਊਂਟ ’ਤੇ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਬਾਮ ਕਾਰ ਵਿੱਚ ਉਨ੍ਹਾਂ ਤੇ ਮੈਂਡੋਲਾ ਨਾਲ ਬੈਠੇ ਨਜ਼ਰ ਆ ਰਹੇ ਹਨ। ਵਿਜੈਵਰਗੀਆ ਨੇ ਕਿਹਾ ਕਿ ਬਾਮ ਦਾ ਭਾਜਪਾ ’ਚ ਸਵਾਗਤ ਕੀਤਾ ਜਾਵੇਗਾ। -ਪੀਟੀਆਈ

Advertisement

ਅਕਸ਼ੈ ਬਾਮ ਭਾਜਪਾ ਆਗੂ ਕੈਲਾਸ਼ ਵਿਜੈਵਰਗੀਆ ਤੇ ਹੋਰਾਂ ਨਾਲ। -ਫੋਟੋ: ਪੀਟੀਆਈ

ਇਹ ਲੋਕਤੰਤਰ ਦੀ ਹੱਤਿਆ: ਕਾਂਗਰਸ

ਨਵੀਂ ਦਿੱਲੀ: ਇੰਦੌਰ ਲੋਕ ਸਭਾ ਸੀਟ ਤੋਂ ਉਮੀਦਵਾਰ ਅਕਸ਼ੈ ਬਾਮ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ ਕਾਂਗਰਸ ਨੇ ਅੱਜ ਕਿਹਾ ਕਿ ‘ਲੋਕਤੰਤਰ ਲਈ ਖਤਰਾ’ ਹੈ। ਕਾਂਗਰਸ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਜਦੋਂ ਚੋਣ ਕਮਿਸ਼ਨ ਕਿਸੇ ਹੋਰ ਪਾਸੇ ਦੇਖ ਰਿਹਾ ਹੈ ਤਾਂ ਕੀ ਆਜ਼ਾਦ ਤੇ ਨਿਰਪੱਖ ਚੋਣਾਂ ਹੋਣਗੀਆਂ ਜਦਕਿ ਉਮੀਦਵਾਰਾਂ ਨੂੰ ਡਰਾਇਆ ਜਾ ਰਿਹਾ ਹੈ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ, ‘ਜਿਸ ਸੱਜਣ ਦਾ ਤੁਸੀਂ ਨਾਂ ਲੈ ਰਹੇ ਹੋ, ਉਨ੍ਹਾਂ ਦੀਆਂ ਕੁਝ ਯੂਨੀਵਰਸਿਟੀਆਂ ਤੇ ਕਾਲਜ ਚੱਲਦੇ ਹਨ। ਉਨ੍ਹਾਂ ’ਤੇ ਇੱਕ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ’ਤੇ ਕੀ ਦਬਾਅ ਸੀ, ਮੈਨੂੰ ਨਹੀਂ ਪਤਾ ਪਰ ਕੋਈ ਐਂਵੇ ਹੀ ਨਾਮਜ਼ਦਗੀ ਵਾਪਸ ਨਹੀਂ ਲੈਂਦਾ ਤੇ ਭਾਜਪਾ ’ਚ ਸ਼ਾਮਲ ਨਹੀਂ ਹੁੰਦਾ। ਇਹ ਲੋਕਤੰਤਰ ਦੀ ਹੱਤਿਆ ਹੈ।’ -ਪੀਟੀਆਈ

Advertisement
Author Image

Advertisement
Advertisement
×