For the best experience, open
https://m.punjabitribuneonline.com
on your mobile browser.
Advertisement

ਸੱਤ ਸਾਲਾਂ ਮਗਰੋਂ ਮੁੜ ਸਰਗਰਮ ਹੋਏ ਕਰਨਵੀਰ ਟਿਵਾਣਾ

08:57 AM Apr 12, 2024 IST
ਸੱਤ ਸਾਲਾਂ ਮਗਰੋਂ ਮੁੜ ਸਰਗਰਮ ਹੋਏ ਕਰਨਵੀਰ ਟਿਵਾਣਾ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਅਪਰੈਲ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਵਰਗੇ ਵੱਡੇ ਕੱਦਾਵਰ ਨੇਤਾਵਾਂ ਨਾਲ ਸਾਂਝ ਰੱਖਣ ਦੇ ਬਾਵਜੂਦ ਸੱਤ ਸਾਲ ਲੋਪ ਰਹਿਣ ਵਾਲੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ‘ਆਪ’ ਦੇ ਸੀਨੀਅਰ ਆਗੂ ਕਰਨਵੀਰ ਸਿੰਘ ਟਿਵਾਣਾ ਹੁਣ ਅਚਾਨਕ ਮੁੜ ਸਰਗਰਮ ਹੋ ਗਏ ਹਨ। ਪਾਰਟੀ ਵਿੱਚ ਉਹ ਰਾਜ ਸਭਾ ਮੈਂਬਰ ਸੰਜੈ ਸਿੰਘ ਦੀ ਹਾਲ ਹੀ ’ਚ ਹੋਈ ਰਿਹਾਈ ਸਬੰਧੀ ਇਥੇ ਇਕੱਤਰਤਾ ਕਰਕੇ ਮਨਾਈ ਗਈ ਖੁਸ਼ੀ ਸਮੇਂ ਸਰਗਰਮ ਹੋਏ। ਉਨ੍ਹਾਂ ਭਾਵੇਂ ਪਾਰਟੀ ਛੱਡੀ ਤਾਂ ਨਹੀਂ ਸੀ ਪਰ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਦੀਆਂ ਸਰਗਰਮੀਆਂ ਨਾਂ-ਮਾਤਰ ਹੀ ਰਹੀਆਂ। ਉਨ੍ਹਾਂ ਦੇ ਮੁੜ ਅਚਾਨਕ ਸਰਗਰਮ ਹੋ ਜਾਣ ਕਰਕੇ ‘ਆਪ’ ਦੇ ਖੇਮੇ ਵਿੱਚ ਚਰਚਾ ਹੋਣ ਲੱਗ ਪਈ ਹੈ। ‘ਆਪ’ ਆਗੂ ਸੰਜੈ ਸਿੰਘ ਦੀ ਫੇਰੀ ਮੌਕੇ ਤਾਂ ਉਹ ਅਕਸਰ ਹੀ ਉਨ੍ਹਾਂ ਦੇ ਨਾਲ ਰਿਹਾ ਕਰਦੇ ਸਨ। ਬਲਕਿ ਅਰਵਿੰਦ ਕੇਜਰੀਵਾਲ ਦੀ ਆਮਦ ਮੌਕੇ ਵੀ ਉਨ੍ਹਾਂ ਦੇ ਨਾਲ ਹੀ ਰਹਿੰਦੇ ਸਨ। ਕੇਜਰੀਵਾਲ ਦੀ ਪਟਿਆਲਾ ਫੇਰੀ ਮੌਕੇ ਜਦੋਂ ਉਨ੍ਹਾਂ ਦੀ ਕਾਰ ਮਹਿਲਾ ਪੱਤਰਕਾਰ ਦੇ ਪੈਰ ’ਤੇ ਚੜ੍ਹਨ ਕਰਕੇ ਮੀਡੀਆ ਅਤੇ ਸ਼ੋਸਲ ਮੀਡੀਆ ’ਚ ਚਰਚਾ ਛਿੜੀ ਸੀ, ਉਦੋਂ ਇਹ ਕਾਰ ਕਰਨਵੀਰ ਟਿਵਾਣਾ ਦੀ ਹੀ ਸੀ। ਇਸ ਵਿੱਚ ਹੀ ਕੇਜਰੀਵਾਲ ਸਵਾਰ ਸਨ ਤੇ ਟਿਵਾਣਾ ਚਲਾ ਰਹੇ ਸਨ।
ਮਰਹੂਮ ਗੁਰਚਰਨ ਸਿੰਘ ਟੌਹੜਾ ਤੋਂ ਸਿਆਸਤ ਦੀ ਗੁੜ੍ਹਤੀ ਲੈ ਕੇ ਇਲਾਕੇ ਵਿੱਚ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣਨ ਦਾ ਮਾਣ ਰੱਖਣ ਵਾਲੇ ਕਰਨਵੀਰ ਸਿੰਘ ਟਿਵਾਣਾ ਨੇ 2017 ਵਿੱਚ ‘ਆਪ’ ਵੱਲੋਂ ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ। ਇੱਥੋਂ ਭਾਵੇਂ ਸੀਨੀਅਰ ਕਾਂਗਰਸੀ ਆਗੂ ਬ੍ਰਹਮ ਮਹਿੰਦਰਾ ਜਿੱਤ ਗਏ ਪਰ ਕਰਨਵੀਰ 42 ਹਜ਼ਾਰ ਵੋਟਾਂ ਹਾਸਲ ਕਰਨ ’ਚ ਸਫ਼ਲ ਰਹੇ। ਮਗਰੋਂ ਉਹ ਪਾਰਟੀ ਤੋਂ ਪਿਛਾਂਹ ਹੋ ਕੇ ਰਹਿਣ ਲੱਗੇ। ਇਸੇ ਕਾਰਨ 2022 ਵਿੱਚ ਪਾਰਟੀ ਨੇ ਪਟਿਆਲਾ ਦਿਹਾਤੀ ਹਲਕੇ ਤੋਂ ਡਾ. ਬਲਬੀਰ ਸਿੰਘ ਨੂੰ ਟਿਕਟ ਦਿੱਤੀ, ਜੋ ਜੇਤੂ ਹੋ ਕੇ ਸਿਹਤ ਮੰਤਰੀ ਬਣੇ ਤੇ ਹੁਣ ਲੋਕ ਸਭਾ ਹਲਕਾ ਪਟਿਆਲਾ ਤੋਂ ‘ਆਪ’ ਦੇ ਉਮੀਦਵਾਰ ਹਨ। ਹੁਣ ਸੰਜੈ ਸਿੰਘ ਦੀ ਰਿਹਾਈ ਉਪਰੰਤ ਟਿਵਾਣਾ ਵੱਲੋਂ ਆਪਣੇ ਘਰ ’ਚ ਵੱਡੀ ਗਿਣਤੀ ਆਪਣੇ ਸਮਰਥਕਾਂ ਦਾ ਇਕੱਠ ਕਰਕੇ ਜਿਥੇ ਲੱਡੂ ਵੰਡੇ, ਉਥੇ ਹੀ ਇਨ੍ਹਾਂ ਵਰਕਰਾਂ ਨੇ ਭੰਗੜੇ ਵੀ ਪਾਏ। ਸਿਆਸੀ ਗਲਿਆਰਿਆਂ ’ਚ ਚਰਚਾ ਹੈ ਕਿ ਸੰਜੈ ਸਿੰਘ ਦੇ ਕਹਿਣ ’ਤੇ ਹੀ ਕਰਨਵੀਰ ਮੁੜ ਸਰਗਰਮ ਹੋਏ ਹਨ। ਉਧਰ, ਕੇਜਰੀਵਾਲ ਦੀ ਗ੍ਰਿਫ਼ਤਾਰੀ ਕਾਰਨ ਸੰਜੈ ਸਿੰਘ ਦਾ ਮੁੜ ਪੰਜਾਬ ’ਚ ਸਰਗਰਮ ਹੋਣਾ ਤੈਅ ਹੈ। ਇਹ ਵੀ ਚਰਚਾ ਹੋ ਰਹੀ ਹੈ ਕਿ ਜੇ ਪਟਿਆਲਾ ਤੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜਿੱਤ ਕੇ ਐੱਮਪੀ ਬਣ ਜਾਂਦੇ ਹਨ, ਤਾਂ ਪਟਿਆਲਾ ਦਿਹਾਤੀ ਹਲਕੇ ਦੀ ਹੋਣ ਵਾਲੀ ਜ਼ਿਮਨੀ ਚੋਣ ‘ਆਪ’ ਵੱਲੋਂ ਕਰਨਵੀਰ ਟਿਵਾਣਾ ਨੂੰ ਲੜਾਈ ਜਾ ਸਕਦੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×