For the best experience, open
https://m.punjabitribuneonline.com
on your mobile browser.
Advertisement

ਦਸ ਸਾਲਾਂ ਦਾ ਕੰਮ ਦੇਖ ਕੇ ਲੋਕਾਂ ਨੇ ਤੀਜੀ ਵਾਰ ਫ਼ਤਵਾ ਦਿੱਤਾ: ਮੋਦੀ

06:30 AM Jul 03, 2024 IST
ਦਸ ਸਾਲਾਂ ਦਾ ਕੰਮ ਦੇਖ ਕੇ ਲੋਕਾਂ ਨੇ ਤੀਜੀ ਵਾਰ ਫ਼ਤਵਾ ਦਿੱਤਾ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਵਿੱਚ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ਰਾਹੁਲ ਗਾਂਧੀ ਨੂੰ ‘ਬਾਲਕ ਬੁੱਧੀ’ ਦੱਸ ਕੇ ਭੰਡਿਆ
* ਕਾਂਗਰਸ ਨੂੰ ਲੋਕਾਂ ਵੱਲੋਂ ਦਿੱਤੇ ਫ਼ਤਵੇ ਨੂੰ ਇਮਾਨਦਾਰੀ ਨਾਲ ਸਮਝਣ ਤੇ ਸਵੀਕਾਰ ਕਰਨ ਦੀ ਦਿੱਤੀ ਸਲਾਹ
* ਰਾਜ ਸਭਾ ਵਿਚ ਅੱਜ ਦੇਣਗੇ ਧੰਨਵਾਦ ਮਤੇ ’ਤੇ ਬਹਿਸ ਦਾ ਜਵਾਬ

Advertisement

ਨਵੀਂ ਦਿੱਲੀ, 2 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦੇ ਲੋਕਾਂ ਨੇ ਉਨ੍ਹਾਂ ਦੀ ਸਰਕਾਰ ਦੇ ਪਿਛਲੇ ਦਸ ਸਾਲਾਂ ਦੇ ਕੰਮਕਾਜ ਨੂੰ ਦੇਖ ਕੇ ਹੀ ਉਨ੍ਹਾਂ (ਦੀ ਸਰਕਾਰ) ਨੂੰ ਲਗਾਤਾਰ ਤੀਜੇ ਕਾਰਜਕਾਲ ਲਈ ਸਥਿਰਤਾ ਤੇ ਲਗਾਤਾਰਤਾ ਲਈ ਫ਼ਤਵਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਇਹ ਬਿਰਤਾਂਤ ਸਿਰਜਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਿ ਉਸ ਨੇ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ ਸ਼ਿਕਸਤ ਦਿੱਤੀ ਹੈ। ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ਉੱਤੇ ਸੰਸਦ ਦੇ ਦੋਵਾਂ ਸਦਨਾਂ ਵਿਚ ਦੋ ਦਿਨ ਤੱਕ ਚੱਲੀ ਬਹਿਸ ਦਾ ਅੱਜ ਲੋਕ ਸਭਾ ਵਿਚ ਜਵਾਬ ਦਿੰਦਿਆਂ ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਦੇਸ਼ ਵਿਚ ਆਰਥਿਕ ਅਰਾਜਕਤਾ ਪੈਦਾ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਸ ਸਦਨ ਨੇ ਇਕ ਵਿਅਕਤੀ ਦਾ ਰੋਣ-ਪਿੱਟਣ ਦੇਖਿਆ, ਜਿਸ ਦੀ ‘ਬਾਲਕ ਬੁੱਧੀ’ ਹੈ। ਇਸ ‘ਬਾਲਕ ਬੁੱਧੀ’ ਨੇ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਖ਼ੁਦ ਵੱਲੋੋਂ ਕੀਤੀਆਂ ਗ਼ਲਤੀਆਂ ਤੋਂ ਪਰਦਾ ਨਹੀਂ ਚੁੱਕਿਆ। ਸ੍ਰੀ ਮੋਦੀ ਭਲਕੇ ਰਾਜ ਸਭਾ ਵਿਚ ਬਹਿਸ ਦਾ ਜਵਾਬ ਦੇਣਗੇ। ਵਿਰੋਧੀ ਧਿਰਾਂ ਵੱਲੋਂ ਮਨੀਪੁਰ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ ਦਰਮਿਆਨ ਸ੍ਰੀ ਮੋਦੀ ਨੇ ਕਿਹਾ, ‘‘ਇਹ ਪਹਿਲੀ ਵਾਰ ਹੈ ਜਦੋਂ ਕਾਂਗਰਸ ਲਗਾਤਾਰ ਤਿੰਨ ਵਾਰ 100 ਸੀਟਾਂ ਦਾ ਅੰਕੜਾ ਪਾਰ ਕਰਨ ਵਿਚ ਨਾਕਾਮ ਰਹੀ ਹੈ। ਹਾਰ ਮਿਲਣ ਦੇ ਬਾਵਜੂਦ ਵੀ ਉਹ ਬਹੁਤ ਹੰਕਾਰੀ ਹਨ। ਉਹ ਇਹ ਬਿਰਤਾਂਤ ਸਿਰਜਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਕਿ ਉਨ੍ਹਾਂ ਸਾਨੂੰ ਹਰਾ ਦਿੱਤਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਸਭਾ ਵਿਚ ਹਮਦਰਦੀ ਹਾਸਲ ਕਰਨ ਲਈ ਨਵਾਂ ਡਰਾਮਾ ਖੇਡਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਗਾਂਧੀ ਦੇ ਸਪਸ਼ਟ ਹਵਾਲੇ ਨਾਲ ਕਿਹਾ, ‘‘ਉਨ੍ਹਾਂ ਨੂੰ ਇਹ ਸੱਚ ਪਤਾ ਹੈ ਕਿ ਉਹ ਹਜ਼ਾਰਾਂ ਕਰੋੜ ਰੁਪਏ ਦੇ ਗ਼ਬਨ ਨੂੰ ਲੈ ਕੇ ਜ਼ਮਾਨਤ ’ਤੇ ਹਨ, ਓਬੀਸੀ ਲੋਕਾਂ ਨੂੰ ਚੋਰ ਕਹਿਣ ਲਈ ਦੋਸ਼ੀ ਠਹਿਰਾਏ ਜਾ ਚੁੱਕੇ ਹਨ ਤੇ ਦੇਸ਼ ਦੀ ਸਿਖਰਲੀ ਅਦਾਲਤ ਬਾਰੇ ਗੈਰਜ਼ਿੰਮੇਵਾਰਾਨਾ ਟਿੱਪਣੀਆਂ ਲਈ ਉਨ੍ਹਾਂ ਨੂੰ ਮੁਆਫ਼ੀ ਵੀ ਮੰਗਣੀ ਪਈ ਹੈ।’’
ਸ੍ਰੀ ਮੋਦੀ ਨੇ ਕਿਹਾ ਕਿ ਅਗਨੀਪਥ ਸਕੀਮ ਤੇ ਕਿਸਾਨਾਂ ਦੀ ਜਿਣਸ ਲਈ ਐੱਮਐੱਸਪੀ ਦੇ ਮੁੱਦੇ ’ਤੇ ਸੰਸਦ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅਗਨੀਪਥ ਸਕੀਮ ਤੇ ਐੱਮਐੱਸਪੀ ਬਾਰੇ ਝੂਠ ਬੋਲੇ ਗਏ। ਜਦੋਂ ਇਨ੍ਹਾਂ (ਗਾਂਧੀ) ਵਰਗੇ ਤਜਰਬੇਕਾਰ ਆਗੂ ਅਰਾਜਕਤਾ ਦਾ ਰਾਹ ਚੁਣਦੇ ਹਨ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਮੁਸੀਬਤ ਵੱਲ ਵਧ ਰਿਹਾ ਹੈ।’’ ਸ੍ਰੀ ਮੋਦੀ ਨੇ ਕਿਹਾ, ‘‘ਸਪੀਕਰ ਸਰ... ਤੁਸੀਂ ਇਕ ਮੁਸਕਾਨ ਨਾਲ ਸਭ ਕੁਝ ਸਹਿ ਲੈਂਦੇ ਹੋ, ਪਰ ਸੋਮਵਾਰ ਨੂੰ ਇਥੇ ਜੋ ਕੁਝ ਹੋਇਆ ਉਸ ਲਈ ਕੁਝ ਤਾਂ ਕਰਨਾ ਬਣਦਾ ਹੈ, ਨਹੀਂ ਤਾਂ ਇਹ ਸੰਸਦ ਲਈ ਚੰਗਾ ਨਹੀਂ ਹੋਵੇਗਾ। ਅਜਿਹੀਆਂ ਕੋਸ਼ਿਸ਼ਾਂ ਨੂੰ ‘ਬਾਲਕ ਬੁੁੱਧੀ’ ਦੱਸ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਕੋਈ ਡੂੰਘੀ ਸਾਜ਼ਿਸ਼ ਹੈ।’’
ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਨੇ ਉਨ੍ਹਾਂ ਦੀ ਸਰਕਾਰ ਦੀ ਪਿਛਲੇ ਦਸ ਸਾਲਾਂ ਦੀ ਸਮਰਪਣ ਭਾਵਨਾ ਨੂੰ ਦੇਖਿਆ ਹੈ, ਜਿਸ ਨਾਲ ਕੰਮ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਵਾਇਤੀ ਵਿਰੋਧੀਆਂ ਨੂੰ ਵਿਰੋਧੀ ਖੇਮੇ ਵਿਚ ਬੈਠਣ ਦਾ ਫ਼ਤਵਾ ਮਿਲਿਆ ਹੈ। ਉਨ੍ਹਾਂ ਕਿਹਾ, ‘‘ਲੋਕਾਂ ਵੱਲੋਂ ਦਿੱਤੇ ਫ਼ਤਵੇ ਨੂੰ ਇਮਾਨਦਾਰੀ ਨਾਲ ਸਮਝਣ ਤੇ ਸਵੀਕਾਰ ਕਰਨ ਦੀ ਲੋੜ ਹੈ। ਮੈਂ ਕਾਂਗਰਸ ਨੂੰ ਅਪੀਲ ਕਰਾਂਗਾ ਕਿ ਉਹ ਫ਼ਤਵੇ ਨੂੰ ਸਵੀਕਾਰ ਕਰਨ ਤੇ ਝੂਠੇ ਜਿੱਤ ਦੇ ਜਸ਼ਨਾਂ ਪਿੱਛੇ ਨਾ ਲੁਕਣ।’’ ਪ੍ਰਧਾਨ ਮੰਤਰੀ ਦੇ ਜਵਾਬ ਤੋਂ ਪਹਿਲਾਂ ਵਿਰੋਧੀ ਧਿਰਾਂ ਦੇ ਮੈਂਬਰ ਚਾਹੁੰਦੇ ਸੀ ਕਿ ਸਪੀਕਰ ਓਮ ਬਿਰਲਾ ਮਨੀਪੁਰ ਨਾਲ ਸਬੰਧਤ ਸੰਸਦ ਮੈਂਬਰਾਂ ਨੂੰ ਸਦਨ ਵਿਚ ਬੋਲਣ ਦੀ ਇਜਾਜ਼ਤ ਦੇਣ, ਪਰ ਉਨ੍ਹਾਂ (ਬਿਰਲਾ) ਕਿਹਾ ਕਿ ਉੱਤਰਪੂਰਬੀ ਰਾਜ ਦਾ ਮੈਂਬਰ ਸੋਮਵਾਰ ਨੂੰ ਪਹਿਲਾਂ ਹੀ ਇਸ ਬਾਰੇ ਬੋਲ ਚੁੱਕਾ ਹੈ। ਇਸ ਮਗਰੋਂ ਵਿਰੋਧੀ ਧਿਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰਾਂ ਦੀ ਨਾਅਰੇਬਾਜ਼ੀ ਦਰਮਿਆਨ ਕਿਹਾ, ‘‘ਦੇਸ਼ ਦੇ ਲੋਕਾਂ ਨੇ ਸਾਨੂੰ ਹਰੇਕ ਕਸੌਟੀ ’ਤੇ ਪਰਖਣ ਮਗਰੋਂ ਹੀ ਇਹ ਫ਼ਤਵਾ ਦਿੱਤਾ ਹੈ। ਲੋਕਾਂ ਨੇ ਪਿਛਲੇ ਦਸ ਸਾਲਾਂ ਦਾ ਸਾਡਾ ਟਰੈਕ ਰਿਕਾਰਡ ਦੇਖਿਆ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੁਝ ਲੋਕਾਂ ਦੀ ਪੀੜ ਨੂੰ ਸਮਝ ਸਕਦੇ ਹਨ, ਜਿਨ੍ਹਾਂ ਨੂੰ ਇੰਨਾ ਝੂਠ ਬੋਲਣ ਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਬਾਵਜੂਦ ਲੋਕ ਸਭਾ ਚੋਣਾਂ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ, ‘‘ਇਸ ਸਭ ਤੋਂ ਵੱਡੀ ਚੋਣ ਮਸ਼ਕ ਦੌਰਾਨ ਲੋਕਾਂ ਨੇ ਸਾਨੂੰ ਚੁਣਿਆ। ਮੈਂ ਕੁਝ ਲੋਕਾਂ ਦੇ ਦਰਦ ਨੂੰ ਸਮਝ ਸਕਦਾ ਹਾਂ, ਜਿਨ੍ਹਾਂ ਨੂੰ ਇੰਨਾ ਝੂਠ ਬੋਲਣ ਦੇ ਬਾਵਜੂਦ ਵੱਡੀ ਹਾਰ ਨਸੀਬ ਹੋਈ ਹੈ।’’ ਉਨ੍ਹਾਂ ਕਿਹਾ, ‘‘ਇਹ ਕਾਂਗਰਸ ਲਈ ਤੀਜੀ ਸਭ ਤੋਂ ਵੱਡੀ ਹਾਰ ਹੈ। ਚੰਗਾ ਹੁੰਦਾ ਜੇ ਕਾਂਗਰਸ ਆਪਣੀ ਹਾਰ ਨੂੰ ਸਵੀਕਾਰ ਕਰ ਲੈਂਦੀ ਤੇ ਅੰਤਰਝਾਤ ਮਾਰ ਲੈਂਦੀ। ਪਰ ਇਹ ਤਾਂ ‘ਸਿਰਸਆਸਨ’ ਵਿਚ ਰੁੱਝੀ ਹੈ। ਕਾਂਗਰਸ ਤੇ ਇਸ ਦਾ ਪ੍ਰਬੰਧ ਲੋਕਾਂ ਦੇ ਦਿਮਾਗ ’ਚ ਇਹ ਗੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਸਾਨੂੰ ਹਰਾ ਦਿੱਤਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਮਾਣ-ਤਾਣ ਵਧਿਆ ਹੈ ਤੇ ਕੁੱਲ ਆਲਮ ਵੱਲੋਂ ਭਾਰਤ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਦੇਸ਼ ਨੇ ਦੇਖਿਆ ਹੈ ਕਿ ਸਾਡਾ ਮੁੱਢਲਾ ਮਨੋਰਥ ‘ਦੇਸ਼ ਪਹਿਲਾਂ’ ਹੈ ਤੇ ਸਾਡੇ ਵੱਲੋਂ ਚੁੱਕਿਆ ਹਰੇਕ ਕਦਮ ਇਸੇ ਦਿਸ਼ਾ ’ਚ ਸੇਧਤ ਹੈ। ਅਸੀਂ ਇਸ ਗੱਲ ਨੂੰ ਜ਼ਿਹਨ ’ਚ ਰੱਖ ਕੇ ਸੁਧਾਰ ਜਾਰੀ ਰੱਖੇ ਹਨ। ਅਸੀਂ ਤੁਸ਼ਟੀਕਰਨ ਵਿਚ ਨਹੀਂ ਬਲਕਿ ‘ਸੰਤੁਸ਼ਟੀਕਰਨ’ ਵਿਚ ਯਕੀਨ ਰੱਖਦੇ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੌਰਾਨ ਹੀ ਲੋਕ ਸਭਾ ਨੇ ਮਤਾ ਪਾਸ ਕਰਕੇ ਵਿਰੋਧੀ ਧਿਰਾਂ ਵੱਲੋਂ ਸੰਸਦੀ ਕਾਰਵਾਈ ’ਚ ਪਾਏ ਅੜਿੱਕੇ ਦੀ ਨਿਖੇਧੀ ਕੀਤੀ। ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨੇ ਸੰਸਦੀ ਨੇਮਾਂ ਨੂੰ ‘ਤਾਰ ਤਾਰ’ ਕਰ ਦਿੱਤਾ ਹੈ। ਸਿੰਘ ਵੱਲੋਂ ਪੇਸ਼ ਮਤੇ ਦੀ ਤਾਈਦ ਮਜੀਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਤੇ ਇਸ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। -ਪੀਟੀਆਈ

‘ਪੇਪਰ ਲੀਕ ਦੇ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ’

ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਨੂੰ ਦੱਸਿਆ ਕਿ ਸਰਕਾਰ ਪੇਪਰ ਲੀਕ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨਾਲ ਖੇਡਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਵਿਰੋਧੀ ਧਿਰਾਂ ਵੱਲੋਂ ਨੀਟ-ਯੂਜੀ ਵਿਵਾਦ ਤੇ ਨੈੱਟ ਮੁੱਦੇ ’ਤੇ ਸੰਸਦ ਵਿਚ ਚਰਚਾ ਕਰਵਾਏ ਜਾਣ ਦੀ ਮੰਗ ਦਰਮਿਆਨ ਸ੍ਰੀ ਮੋਦੀ ਨੇ ਕਿਹਾ ਕਿ ਨੀਟ ਮੁੱਦੇ ਨੂੰ ਲੈ ਕੇ ਦੇਸ਼ ਭਰ ਵਿਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿਚ ਪੇਪਰ ਲੀਕ ਮਾਮਲੇ ’ਤੇ ਫ਼ਿਕਰ ਜਤਾਇਆ ਸੀ। ਮੈਂ ਵੀ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸੰਜੀਦਾ ਹੈ ਤੇ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਜੰਗੀ ਪੱਧਰ ’ਤੇ ਉਪਰੋਥੱਲੀ ਕਦਮ ਚੁੱਕੇ ਹਨ। ’’ -ਪੀਟੀਆਈ

ਲੋਕ ਸਭਾ ਅਣਮਿੱਥੇ ਸਮੇਂ ਲਈ ਉਠਾਈ

ਨਵੀਂ ਦਿੱਲੀ: 18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਅੱਜ ਅਣਮਿੱਥੇ ਸਮੇਂ ਲਈ ਚੁੱਕ ਦਿੱਤਾ ਗਿਆ ਹੈ। ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ਨੂੰ ਲੈ ਕੇ ਹੋਈ ਬਹਿਸ ਦਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਵਾਬ ਦਿੱਤੇ ਜਾਣ ਨਾਲ ਹੇਠਲੇ ਸਦਨ ਵਿਚ ਸੰਸਦੀ ਕਾਰਵਾਈ ਦਾ ਅਮਲ ਨਿੱਬੜ ਗਿਆ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ 24 ਜੂਨ ਨੂੰ ਸ਼ੁਰੂ ਹੋਏ ਇਜਲਾਸ ਦੌਰਾਨ ਸੱਤ ਬੈਠਕਾਂ ਹੋਈਆਂ ਜੋ 34 ਘੰਟੇ ਤੋਂ ਵੱਧ ਸਮਾਂ ਚੱਲੀਆਂ ਤੇ ਇਸ ਦੌਰਾਨ ਸਦਨ ਦਾ ਕੰਮਕਾਜ 103 ਫੀਸਦ ਰਿਹਾ। ਧੰਨਵਾਦ ਮਤੇ ’ਤੇ ਹੋਈ ਬਹਿਸ ਵਿਚ 68 ਤੋਂ ਵੱਧ ਮੈਂਬਰ ਸ਼ਾਮਲ ਹੋਏ ਤੇ ਬਹਿਸ ਦਾ ਅਮਲ 18 ਘੰਟਿਆਂ ਤੱਕ ਚੱਲਿਆ। -ਪੀਟੀਆਈ

‘ਤੁਮਸੇ ਨਾ ਹੋ ਪਾਏਗਾ’

ਨਵੀਂ ਦਿੱਲੀ: ਕਾਂਗਰਸ ਨੇ ਅੱਜ ਲੋਕ ਸਭਾ ’ਚ ਆਪਣੇ ਸੰਬੋਧਨ ਦੌਰਾਨ ਪਾਰਟੀ ਦੀ ਤਿੱਖੀ ਆਲੋਚਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਭਾਸ਼ਣ ਵਿੱਚ ‘ਤੁਮ ਸੇ ਨਾ ਹੋ ਪਾਏਗਾ’ ਦਾ ਜ਼ਿਕਰ ਕੀਤਾ ਸੀ ਜਦਕਿ 140 ਕਰੋੜ ਭਾਰਤੀਆਂ ਨੇ ਹਾਲ ਹੀ ਵਿੱਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਸਰਕਾਰ ਨੂੰ ਇਹੀ ਗੱਲ ਕਹੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਲਈ ‘ਪਰਜੀਵੀ’ ਸ਼ਬਦ ਦੀ ਵਰਤੋਂ ਕੀਤੇ ਜਾਣ ’ਤੇ ਮੋਦੀ ਦੀ ਆਲੋਚਨਾ ਕੀਤੀ ਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ 2021 ਵਿੱਚ ਕਿਸਾਨਾਂ ਲਈ ਵੀ ਅਜਿਹੇ ਹੀ ਸ਼ਬਦ ਦੀ ਵਰਤੋਂ ਕੀਤੀ ਹੈ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘‘ਆਪਣੇ ਦੋ ਘੰਟੇ 24 ਮਿੰਟ ਦੇ ਭਾਸ਼ਣ ’ਚ ਜਿਸ ਤਰ੍ਹਾਂ ਤੁਸੀਂ ‘ਤੁਮ ਸੇ ਨਾ ਹੋ ਪਾਏਗਾ’ ਦਾ ਜ਼ਿਕਰ ਕੀਤਾ, ਉਹੀ ਗੱਲ 140 ਕਰੋੜ ਭਾਰਤੀਆਂ ਨੇ ਤੁਹਾਡੀ ਸਰਕਾਰ ਨੂੰ ਇਨ੍ਹਾਂ ਚੋਣਾਂ ’ਚ ਕਹੀ। ਸਾਨੂੰ ਰੋਟੀ ਮੁਹੱਈਆ ਕਰਨ ਵਾਲੇ ਕਿਸਾਨਾਂ ਨੇ ਤੁਹਾਡੇ ‘ਆਮਦਨ ਦੁੱਗਣੀ ਕਰਨ’ ਦੇ ਝੂਠੇ ਵਾਅਦਿਆਂ ਖ਼ਿਲਾਫ਼ ਵੋਟ ਪਾਈ ਤੇ ਕਿਹਾ ‘ਤੁਮ ਸੇ ਨਾ ਹੋ ਪਾਏਗਾ।’’ ਉਨ੍ਹਾਂ ਕਿਹਾ ਕਿ ਨੌਕਰੀਆਂ ਲਈ ਦਰ-ਦਰ ਭਟਕ ਰਹੇ ਨੌਜਵਾਨਾਂ, ਦਲਿਤਾਂ, ਆਦਿਵਾਸੀਆਂ, ਪੱਛੜੇ/ਘੱਟ ਗਿਣਤੀ ਤੇ ਗਰੀਬ ਵਰਗਾਂ ਨੇ ਭਾਜਪਾ ਦੇ ਦਾਅਵਿਆਂ ਖ਼ਿਲਾਫ਼ ਵੋਟ ਪਾਈ ਹੈ। ਉਨ੍ਹਾਂ ਕਿਹਾ, ‘ਮੋਦੀ ਜੀ ਤੁਸੀਂ ਲੋਕ ਫਤਵੇ ਦੀ ਬੇਇੱਜ਼ਤੀ ਕੀਤੀ ਹੈ। ਲੋਕਾਂ ਦੀਆਂ ਭਾਵਨਾਵਾਂ ਸਮਝੋ ਤੇ ਤਾਨਾਸ਼ਾਹੀ ਛੱਡੋ।’ ਖੜਗੇ ਨੇ ਕਿਹਾ, ‘ਤੁਸੀਂ ਕਿਸਾਨਾਂ ਦੇ ਇੱਕ ਸਾਲ ਤੱਕ ਚੱਲੇ ਸੰਘਰਸ਼ ਦੀ ਬੇਇੱਜ਼ਤੀ ਕੀਤੀ। ਤੁਹਾਡੀ ਸਰਕਾਰ ਫਿਰ ਕਿਸਾਨਾਂ ਅੱਗੇ ਝੁਕੀ ਤੇ ਤਿੰਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈ ਲਏ।’ ਉਨ੍ਹਾਂ ਕਿਹਾ, ‘ਤੁਸੀਂ ਅੱਜ ਇਹੀ ਸ਼ਬਦ ਕਾਂਗਰਸ ਪਾਰਟੀ ਲਈ ਵਰਤ ਰਹੇ ਹੋ। ਇਹ ਕਾਂਗਰਸ ਪਾਰਟੀ ਲਈ ਬੇਇੱਜ਼ਤੀ ਨਹੀਂ ਹੈ। ਕਿਸਾਨਾਂ ਦੇ ਨਾਲ ਦੇਸ਼ ਖਾਤਰ ਆਪਣੀ ਜਾਨ ਕੁਰਬਾਨ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।’ -ਪੀਟੀਆਈ

ਧਨਖੜ ਤੇ ਖੜਗੇ ਵਿਚਾਲੇ ਸ਼ਬਦੀ ਜੰਗ

* ਕਾਂਗਰਸ ਸੰਸਦ ਮੈਂਬਰ ਨੇ ਚੇਅਰਮੈਨ ਦੀ ‘ਪਰਜੀਵੀ’ ਟਿੱਪਣੀ ਦਾ ਕੀਤਾ ਵਿਰੋਧ

ਰਾਜ ਸਭਾ ’ਚ ਸੰਬੋਧਨ ਕਰਦੇ ਹੋਏ ਕਾਂਗਰਸ ਆਗੂ ਮਲਿਕਾਰਜੁਨ ਖੜਗੇ। ਉਨ੍ਹਾਂ ਨਾਲ ਕਾਂਗਰਸ ਸੰਸਦ ਮੈਂਬਰ ਸੋਨੀਆ ਗਾਂਧੀ ਵੀ ਹਨ। -ਫੋਟੋ: ਪੀਟੀਆਈ

ਨਵੀਂ ਦਿੱਲੀ, 2 ਜੁਲਾਈ
ਰਾਜ ਸਭਾ ’ਚ ਅੱਜ ਉਸ ਸਮੇਂ ਸ਼ਬਦੀ ਜੰਗ ਦੇਖਣ ਨੂੰ ਮਿਲੀ ਜਦੋਂ ਸਦਨ ਦੇ ਚੇਅਰਮੈਨ ਜਗਦੀਪ ਧਨਖੜ ਨੇ ਤਨਜ਼ ਕਸਦਿਆਂ ਕਿਹਾ ਕਿ ਜੈਰਾਮ ਰਮੇਸ਼ ਨੂੰ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਦੀ ਥਾਂ ਲੈ ਲੈਣੀ ਚਾਹੀਦੀ ਹੈ। ਖੜਗੇ ਜੋ ਕਿ ਕਾਂਗਰਸ ਦੇ ਪ੍ਰਧਾਨ ਵੀ ਹਨ, ਨੇ ਚੇਅਰਮੈਨ ਦੀ ਟਿੱਪਣੀ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ‘ਵਰਣ’ ਪ੍ਰਬੰਧ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਰਾਜ ਸਭਾ ਵਿੱਚ ਸੰਬੋਧਨ ਕਰਦੇ ਹੋਏ ‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ। -ਫੋਟੋ: ਪੀਟੀਆਈ

ਇਹ ਸ਼ਬਦੀ ਜੰਗ ਉਸ ਸਮੇਂ ਸ਼ੁਰੂ ਹੋਈ ਜਦੋਂ ਧਨਖੜ ਨੇ ਕਾਂਗਰਸ ਦੇ ਪ੍ਰਮੋਦ ਤਿਵਾੜੀ ਨੂੰ ਗ਼ੈਰ-ਪ੍ਰਮਾਣਤ ਤੱਥ ਪੇਸ਼ ਨਾ ਕਰਨ ਲਈ ਕਿਹਾ। ਇਸ ’ਤੇ ਰਮੇਸ਼ ਨੇ ਕਿਹਾ ਕਿ ਇਨ੍ਹਾਂ ਨੂੰ ਪ੍ਰਮਾਣਤ ਕੀਤਾ ਜਾਵੇਗਾ। ਰਾਜ ਸਭਾ ਦੇ ਚੇਅਰਮੈਨ ਨੇ ਕਿਹਾ, ‘ਸੀਨੀਅਰ ਲੀਡਰਸ਼ਿਪ (ਖੜਗੇ) ਇੱਥੇ ਹੈ। ਮੈਨੂੰ ਲਗਦਾ ਹੈ ਕਿ ਤੁਹਾਨੂੰ (ਰਮੇਸ਼) ਬਦਲ (ਖੜਗੇ ਨਾਲ) ਦੇਣਾ ਚਾਹੀਦਾ ਹੈ। ਤੁਸੀਂ ਬਹੁਤ ਹੁਸ਼ਿਆਰ, ਪ੍ਰਤਿਭਾਸ਼ਾਲੀ ਤੇ ਹੁਨਰਮੰਦ ਹੋ। ਤੁਹਾਨੂੰ ਤੁਰੰਤ ਆ ਕੇ ਸ੍ਰੀ ਖੜਗੇ ਦੀ ਥਾਂ ਲੈ ਲੈਣੀ ਚਾਹੀਦੀ ਹੈ ਕਿਉਂਕਿ ਕੁੱਲ ਮਿਲਾ ਕੇ ਤੁਸੀਂ ਉਨ੍ਹਾਂ ਦਾ ਕੰਮ ਕਰ ਰਹੇ ਹੋ।’ ਖੜਗੇ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ, ‘ਵਰਣ ਪ੍ਰਬੰਧ ਨਾ ਲਿਆਓ। ਇਸ ਲਈ ਤੁਸੀਂ ਰਮੇਸ਼ ਨੂੰ ਬਹੁਤ ਸਿਆਣਾ ਕਹਿ ਰਹੇ ਹੋ ਤੇ ਮੈਨੂੰ ਬੇਵਕੂਫ ਕਹਿ ਰਹੇ ਹੋ।’ ਗੁੱਸੇ ’ਚ ਆਏ ਧਨਖੜ ਨੇ ਖੜਗੇ ’ਤੇ ਉਨ੍ਹਾਂ ਦੀ ਟਿੱਪਣੀ ਨੂੰ ਤੋੜਨ-ਮਰੋੜਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਇਹ ਮਤਲਬ ਕਦੀ ਨਹੀਂ ਸੀ। ਉਨ੍ਹਾਂ ਕਿਹਾ, ‘ਸੰਸਦੀ ਲੋਕਤੰਤਰ ਤੇ ਰਾਜ ਸਭਾ ਦੀ ਕਾਰਵਾਈ ਦੇ ਇਤਿਹਾਸ ’ਚ ਕਦੀ ਵੀ ਚੇਅਰਮੈਨ ਦਾ ਅਜਿਹਾ ਅਪਮਾਨ ਨਹੀਂ ਹੋਇਆ।’ ਖੜਗੇ ਨੇ ਕਿਹਾ ਕਿ ਅੱਜ ਉਹ ਜੋ ਕੁਝ ਵੀ ਹਨ, ਕਾਂਗਰਸ ਆਗੂ ਸੋਨੀਆ ਗਾਂਧੀ ਤੇ ਦੇਸ਼ ਦੇ ਲੋਕਾਂ ਕਾਰਨ ਹਨ। ਬਾਅਦ ਵਿੱਚ ਤਿਵਾੜੀ ਨੇ ਸੰਸਦ ਦੇ ਸਾਂਝੇ ਸੈਸ਼ਨ ’ਚ ਰਾਸ਼ਟਰਪਤੀ ਵੱਲੋਂ ਦਿੱਤੇ ਭਾਸ਼ਣ ’ਤੇ ਧੰਨਵਾਦੀ ਮਤੇ ’ਤੇ ਆਪਣੀ ਗੱਲ ਜਾਰੀ ਰੱਖੀ। ਇਸ ਦੌਰਾਨ ਵਿਰੋਧੀ ਧਿਰਾਂ ਨੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਅੱਜ ਰਾਜ ਸਭਾ ਵਿਚ ਸਰਕਾਰ ਨੂੰ ਘੇਰੀ ਰੱਖਿਆ ਤੇ ਨੀਟ ਪ੍ਰੀਖਿਆ ਰੱਦ ਕੀਤੇ ਜਾਣ ਦੀ ਮੰਗ ਕੀਤੀ। ‘ਆਪ’ ਦੇ ਰਾਘਵ ਚੱਢਾ ਨੇ ਕਿਹਾ ਕਿ ਦੇਸ਼ ਵਿਚ ਦੋ ਤਰ੍ਹਾਂ ਦੇ ਆਈਪੀਐੱਲ ਖੇਡੇ ਗਏ- ਇਕ ਸੀ ਇੰਡੀਅਨ ਪ੍ਰੀਮੀਅਰ ਲੀਗ ਤੇ ਦੂਜਾ ਇੰਡੀਅਨ ਪੇਪਰ ਲੀਕ। ਚੱਢਾ ਨੇ ਕਿਹਾ ਕਿ ਦੇਸ਼ ਵਿਚ ਸਿੱਖਿਆ ਤੇ ਪ੍ਰੀਖਿਆ ਮਾਫੀਆ ਉਭਰਿਆ ਹੈ, ਜਿਸ ਨੇ ਦੇਸ਼ ਦੇ ਕਰੋੜਾਂ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿਚ ਧੱਕ ਦਿੱਤਾ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×