ਸੀਲ ਕਰਨ ਉਪਰੰਤ ਮੁੜ ਚੱਲੇ ਕਰੱਸ਼ਰ, ਕੇਸ ਦਰਜ
ਜਗਜੀਤ ਸਿੰਘ
ਮੁਕੇਰੀਆਂ, 16 ਸਤੰਬਰ
ਪੌਂਗ ਡੈਮ ਦੇ 52 ਗੇਟਾਂ ਦੇ ਹੇਠ ਚੱਲ ਰਹੇ ਕਥਿਤ ਨਾਜਾਇਜ਼ ਕਰੱਸ਼ਰ ਦਾ ਮਾਮਲਾ ਸਾਹਮਣੇ ਆਉਣ ਬਾਅਦ ਤਲਵਾੜਾ ਪੁਲੀਸ ਨੇ ਮਾਈਨਿੰਗ ਵਿਭਾਗ ਦੀ ਸ਼ਿਕਾਇਤ ’ਤੇ ਸ਼ਿਵ ਸ਼ਕਤੀ ਸਟੋਨ ਕਰੱਸ਼ਰ ਤੇ ਉਸ ਦੇ ਮਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਲੇ ਤੱਕ ਮਾਈਨਿੰਗ ਵਿਭਾਗ ਨੇ ਪੁਲੀਸ ਨੂੰ ਕੇਵਲ ਸ਼ਿਕਾਇਤ ਹੀ ਦਿੱਤੀ ਹੈ। ਕਰੱਸ਼ਰ ਦਾ ਕੋਈ ਦਸਤਾਵੇਜ਼ ਜਾਂ ਕਰੱਸ਼ਰ ਦੇ ਮਾਲਕ ਦਾ ਨਾਮ ਪੁਲੀਸ ਨੂੰ ਮਾਈਨਿੰਗ ਵਿਭਾਗ ਨੇ ਹਾਲੇ ਤੱਕ ਨਹੀਂ ਦੱਸਿਆ ਹੈ। ਇਸ ਕਾਰਨ ਪੁਲੀਸ ਨੇ ਕਰੱਸ਼ਰ ਦੇ ਨਾਮ ਤੇ ਅਣਪਛਾਤੇ ਮਾਲਕ ’ਤੇ ਹੀ ਕੇਸ ਦਰਜ ਕੀਤਾ ਹੈ, ਜਦੋਂਕਿ ਇਸ ਕਰੱਸ਼ਰ ’ਤੇ ਪਹਿਲਾਂ ਵੀ ਜੁਲਾਈ 2022 ਵਿੱਚ ਪੁਲੀਸ ਨੇ ਕੇਸ ਦਰਜ ਕਰਕੇ ਸੀਲ ਕੀਤਾ ਸੀ। 16 ਸਤੰਬਰ ਨੂੰ ‘ਪੰਜਾਬੀ ਟ੍ਰਿਬਿਊਨ’ ਵੱਲੋਂ ‘ਆਪ’ ਸਰਕਾਰ ਵੱਲੋਂ ਸੀਲ ਕਰੱਸ਼ਰ ਨੇ ਮੁੜ ਧੂੜਾਂ ਪੱਟੀਆਂ’ ਸਿਰਲੇਖ ਹੇਠ ਖ਼ਬਰ ਛਾਪੀ ਗਈ ਸੀ। ਕੇਸ ਦੇ ਜਾਂਚ ਅਧਿਕਾਰੀ ਤਲਵਾੜਾ ਪੁਲੀਸ ਦੇ ਏਐੱਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਬੀਤੇ ਦਿਨ ਜੇਈ ਕਮ ਮਾਈਨਿੰਗ ਇੰਸਪੈਕਟਰ ਦਸੂਹਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ 14/15 ਦੀ ਦਰਮਿਆਨੀ ਰਾਤ ਨੂੰ ਮਾਈਨਿੰਗ ਵਿਭਾਗ ਨੇ ਛਾਪਾ ਮਾਰਿਆ ਸੀ ਤਾਂ ਪੌਂਗ ਡੈਮ ਦੇ 52 ਗੇਟਾਂ ਨੇੜਲਾ ਸ਼ਿਵ ਸ਼ਕਤੀ ਸਟੋਨ ਕਰੱਸ਼ਰ ਚੱਲਦਾ ਮਿਲਿਆ। ਇਸ ਦੌਰਾਨ ਸ਼ਿਵ ਸ਼ਕਤੀ ਸਟੋਨ ਕਰੱਸ਼ਰ ਅਤੇ ਉਸ ਦੇ ਮਾਲਕ ਖ਼ਿਲਾਫ਼ ਮਾਈਨਿੰਗ ਐਂਡ ਮਿਨਰਲ ਐਕਟ 1957 ਦੀ ਧਾਰਾ 21(1) ਅਧੀਨ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਨੇ ਪੁਲੀਸ ਨੂੰ ਕੋਈ ਵਾਹਨ ਜ਼ਬਤ ਕਰਨ ਬਾਰੇ ਸੂਚਿਤ ਨਹੀਂ ਕੀਤਾ ਅਤੇ ਨਾ ਹੀ ਕਰੱਸ਼ਰ ਦੇ ਮਾਲਕ ਬਾਰੇ ਕੋਈ ਜਾਣਕਾਰੀ ਦਿੱਤੀ ਹੈ। ਮਾਈਨਿੰਗ ਵਿਭਾਗ ਵੱਲੋਂ ਦਸਤਾਵੇਜ਼ ਮੁਹੱਈਆ ਕਰਾਉਣ ’ਤੇ ਕਰੱਸ਼ਰ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।