ਸਿਹਤਯਾਬ ਹੋਣ ਮਗਰੋਂ ਵਿਦਿਆਰਥੀ ਆਗੂ ਰਾਜਿੰਦਰ ਸਿੰਘ ਕਾਲਜ ਆਇਆ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 8 ਅਕਤੂਬਰ
ਪਿਛਲੇ ਦਿਨੀਂ ਹਮਲੇ ਦਾ ਸ਼ਿਕਾਰ ਹੋਏ ਇੱਥੋਂ ਦੇ ਸਰਕਾਰੀ ਰਾਜਿੰਦਰਾ ਕਾਲਜ ਦੇ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਸਬੰਧਤ ਆਗੂ ਰਾਜਿੰਦਰ ਸਿੰਘ ਅੱਜ ਕਾਲਜ ਪਰਤ ਆਏ ਹਨ। ਤੰਦਰੁਸਤ ਹੋਣ ਮਗਰੋਂ ਕਾਲਜ ਛੱਡਣ ਲਈ ਖੱਬੀ ਵਿਚਾਰਧਾਰਾ ਨਾਲ ਸਬੰਧਿਤ ਜਨਤਕ ਜਥੇਬੰਦੀਆਂ ਦੇ ਬਹੁਤ ਸਾਰੇ ਨੁਮਾਇੰਦੇ ਉਨ੍ਹਾਂ ਦੇ ਨਾਲ ਸਨ।
ਅੰਬੇਦਕਰ ਪਾਰਕ ਤੋਂ ਕਾਲਜ ਤੱਕ ਮਾਰਚ ਦੀ ਸ਼ਕਲ ’ਚ ਪੁੱਜੇ ਇਸ ਕਾਫ਼ਲੇ ਦੇ ਵਫ਼ਦ ਨੇ ਕਾਲਜ ਦੀ ਵਾਈਸ ਪ੍ਰਿੰਸੀਪਲ ਨਾਲ ਮੁਲਾਕਾਤ ਕਰਕੇ ਭਵਿੱਖ ਵਿੱਚ ਰਾਜਿੰਦਰ ਸਿੰਘ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਲਈ ਕਿਹਾ। ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਿੰਦਰ ਸਿੰਘ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਗੁੰਡਾ ਅਨਸਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਅਤੇ ਕਾਲਜ ਵਿੱਚ ਗੁੰਡਾਗਰਦੀ ਬੰਦ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਵਿਦਿਆਰਥੀ ਆਗੂ ਦੀ ਕੁੱਟਮਾਰ ਦੇ ਸਬੰਧ ’ਚ ਪੁਲੀਸ ਵੱਲੋਂ ਦਰਜ ਕੀਤੀ ਐਫਆਈਆਰ ਵਿੱਚ ਐਸਸੀ/ਐਸਟੀ ਐਕਟ ਦੀਆਂ ਧਾਰਾਵਾਂ ਜੋੜੇ ਜਾਣ ਦੀ ਮੰਗ ਵੀ ਰੱਖੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਿਦਿਆਰਥੀ ਆਗੂ ਨਾਲ ਦੁਬਾਰਾ ਇਸ ਤਰ੍ਹਾਂ ਦੀ ਕੋਈ ਸਾਜ਼ਿਸ਼ ਕੀਤੀ ਗਈ ਤਾਂ ਬਠਿੰਡਾ ਜ਼ਿਲ੍ਹਾ ਸੰਘਰਸ਼ਾਂ ਦਾ ਅਖਾੜਾ ਬਣਾ ਦਿੱਤਾ ਜਾਵੇਗਾ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਧੀਰਜ ਫ਼ਾਜ਼ਿਲਕਾ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਪਰਮਿੰਦਰ ਕੌਰ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਗੁਰਵਿੰਦਰ ਸਿੰਘ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੁਖਜੀਤ ਰਾਮਾਨੰਦੀ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਸਵਰਨ ਪੂਹਲੀ, ਬੀ.ਕੇ.ਯੂ (ਡਕੌਂਦਾ) ਦੇ ਜਗਦੇਵ ਲਹਿਰਾ ਮੁਹੱਬਤ ਤੇ ਹੋਰ ਹਾਜ਼ਰ ਸਨ।