For the best experience, open
https://m.punjabitribuneonline.com
on your mobile browser.
Advertisement

ਕਣੀਆਂ ਤੋਂ ਬਾਅਦ ਮਾਲਵਾ ਖੇਤਰ ’ਚ ਮੁੜ ਪਾਰਾ ਚੜ੍ਹਿਆ

07:36 AM Jun 24, 2024 IST
ਕਣੀਆਂ ਤੋਂ ਬਾਅਦ ਮਾਲਵਾ ਖੇਤਰ ’ਚ ਮੁੜ ਪਾਰਾ ਚੜ੍ਹਿਆ
ਗਰਮੀ ਤੋਂ ਬਚਾਅ ਲਈ ਇੱਕ ਦੁਕਾਨ ’ਤੇ ਜੂਸ ਪੀਂਦੇ ਹੋਏ ਲੋਕ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 23 ਜੂਨ
ਮਾਲਵਾ ਖੇਤਰ ਵਿੱਚ ਮੀਂਹ ਤੋਂ ਇਕ ਦਿਨ ਦੀ ਰਾਹਤ ਤੋਂ ਬਾਅਦ ਸੂਰਜ ਦੇਵਤਾ ਨੇ ਇਕ ਵਾਰ ਫਿਰ ਅੱਗ ਦਾ ਕਹਿਰ ਵਰ੍ਹਾ ਦਿੱਤਾ ਹੈ, ਜਿਸ ਕਾਰਨ ਲੋਕ ਮੁੜ ਪਸੀਨੋ-ਪਸੀਨੀ ਹੋਣ ਲੱਗੇ ਹਨ। ਮੌਸਮ ਮਹਿਕਮੇ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਕਾਰਨ ਪਿਛਲੇ ਕੁਝ ਦਿਨਾਂ ਤੋਂ ਹੋਈ ਬਾਰਸ਼ ਤੋਂ ਬਾਅਦ ਇਸ ਖਿੱਤੇ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਵਾਂਗ ਪਹੁੰਚ ਗਿਆ ਹੈ। ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 34 ਤੋਂ 40 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ।ਆਉਣ ਵਾਲੇ ਤਿੰਨ ਦਿਨ ਖੁਸ਼ਕ ਰਹਿਣ ਵਾਲੇ ਹਨ, ਜਦੋਂ ਕਿ 26 ਜੂਨ ਤੋਂ ਪੰਜਾਬ ’ਚ ਪ੍ਰੀ-ਮੌਨਸੂਨ ਦੇ ਸਰਗਰਮ ਹੋਣ ਦੀ ਪੇਸ਼ੀਨਗੋਈ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ 45 ਡਿਗਰੀ ਦੇ ਨੇੜੇ ਪਹੁੰਚਿਆ ਪੰਜਾਬ ਦਾ ਤਾਪਮਾਨ ਇਕ ਵਾਰ ਫਿਰ 40 ਡਿਗਰੀ ਤੋਂ ਹੇਠਾਂ ਡਿੱਗ ਗਿਆ ਹੈ। ਮੌਸਮ ਮਹਿਕਮੇ ਅਨੁਸਾਰ ਆਉਣ ਵਾਲੇ 3 ਦਿਨਾਂ ’ਚ ਤਾਪਮਾਨ ’ਚ ਮਾਮੂਲੀ ਵਾਧਾ ਹੋਵੇਗਾ, ਪਰ ਗਰਮੀ ਦੀ ਲਹਿਰ ਦੇ ਹਾਲਾਤ ਪੈਦਾ ਨਹੀਂ ਹੋਣਗੇ ਅਤੇ ਤਾਪਮਾਨ ਆਮ ਦੇ ਨੇੜੇ ਰਹੇਗਾ। ਪੱਛਮੀ ਗੜਬੜੀ ਦਾ ਅਸਰ 26 ਜੂਨ ਤੋਂ ਦਿਖਾਈ ਦੇਵੇਗਾ ਅਤੇ ਇਹ ਪ੍ਰੀ-ਮਾਨਸੂਨ ਦੀ ਸ਼ੁਰੂਆਤ ਹੋਵੇਗੀ। ਇਸ ਸਮੇਂ ਜ਼ਿਆਦਾਤਰ ਇਲਾਕਿਆਂ ’ਚ ਮਾਨਸੂਨ ਹੌਲੀ-ਹੌਲੀ ਅੱਗੇ ਵਧ ਰਿਹਾ ਹੈ, ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਾਨਸੂਨ ਇਸ ਸਾਲ ਜੂਨ ਦੇ ਪਹਿਲੇ ਹਫ਼ਤੇ ਹੀ ਆ ਜਾਵੇਗਾ। ਜੇਕਰ ਪਿਛਲੇ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਸਾਰੇ ਸ਼ਹਿਰਾਂ ਵਿੱਚ ਅੱਜ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਿਹਾ। ਇਸੇ ਦੌਰਾਨ ਖੇਤੀਬਾੜੀ ਵਿਭਾਗ ਮਾਨਸਾ ਦੇ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਮਾਲਵਾ ਖੇਤਰ ਵਿੱਚ ਅਗਲੇ ਹਫ਼ਤੇ ਮੀਂਹਾਂ ਦੀ ਸ਼ੁਰੂਆਤ ਤੋਂ ਪਹਿਲਾਂ ਕਿਸਾਨ ਨਰਮੇ ਦੀ ਫ਼ਸਲ ਸਮੇਤ ਹੋਰ ਫ਼ਸਲਾਂ ਵਿੱਚੋਂ ਨਦੀਨ ਨੂੰ ਖ਼ਤਮ ਕਰ ਲੈਣ ਅਤੇ ਮੀਂਹਾਂ ਤੋਂ ਬਾਅਦ ਇਨ੍ਹਾਂ ਨੂੰ ਖ਼ਤਮ ਕਰਨਾ ਔਖਾ ਕਾਰਜ ਹੋ ਜਾਂਦਾ ਹੈ।

Advertisement

Advertisement
Advertisement
Author Image

Advertisement