ਲੜੀ ਹਾਰਨ ਤੋਂ ਬਾਅਦ ਭਾਰਤ ਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪੁੱਜਣਾ ਔਖਾ
ਨਵੀਂ ਦਿੱਲੀ, 3 ਨਵੰਬਰ
World Test Championship: ਨਿਊਜ਼ੀਲੈਂਡ ਵੱਲੋਂ ਭਾਰਤ ਨੂੰ ਟੈਸਟ ਲੜੀ ਵਿਚ ਹਰਾਉਣ ਤੋਂ ਬਾਅਦ ਭਾਰਤ ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੇ ਫਾਈਨਲ ਵਿੱਚ ਪੁੱਜਣ ਦਾ ਰਾਹ ਔਖਾ ਹੋ ਗਿਆ ਹੈ। ਹੁਣ ਭਾਰਤੀ ਟੀਮ ਨੂੰ ਦੂਜੀਆਂ ਟੀਮਾਂ ਦੀ ਖੇਡ ’ਤੇ ਵੀ ਨਿਰਭਰ ਰਹਿਣਾ ਪਵੇਗਾ ਕਿਉਂਕਿ ਬਾਕੀ ਦੇਸ਼ਾਂ ਨੇ ਵੀ ਕਈ ਟੈਸਟ ਲੜੀਆਂ ਖੇਡਣੀਆਂ ਹਨ। ਦੂਜੇ ਪਾਸੇ ਭਾਰਤੀ ਟੀਮ ਨੂੰ 22 ਨਵੰਬਰ ਤੋਂ ਆਸਟਰੇਲੀਆ ਵਿਚ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਵਿਚੋਂ ਚਾਰ ਮੈਚ ਜਿੱਤਣੇ ਪੈਣਗੇ। ਇਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪੰਜ ਟੀਮਾਂ ਭਾਰਤ, ਆਸਟਰੇਲੀਆ, ਦੱਖਣੀ ਅਫਰੀਕਾ, ਸ੍ਰੀਲੰਕਾ ਤੇ ਨਿਊਜ਼ੀਲੈਂਡ ਪੁੱਜ ਸਕਦੀਆਂ ਹਨ।
ਇਹ ਟੀਮਾਂ ਟੌਪ ਪੰਜ ਟੀਮਾਂ ਵਿਚ ਸ਼ੁਮਾਰ ਹਨ ਜਦਕਿ ਇੰਗਲੈਂਡ, ਪਾਕਿਸਤਾਨ, ਵੈਸਟਇੰਡੀਜ਼ ਤੇ ਬੰਗਲਾਦੇਸ਼ ਇਸ ਦੌੜ ਵਿਚੋਂ ਬਾਹਰ ਹੋ ਗਏ ਹਨ। ਇਸ ਵੇਲੇ ਟੈਸਟ ਕ੍ਰਿਕਟ ਦੀ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਆਸਟਰੇਲੀਆ, ਦੂਜੇ ’ਤੇ ਭਾਰਤ, ਤੀਜੇ ’ਤੇ ਸ੍ਰੀਲੰਕਾ, ਚੌਥੇ ’ਤੇ ਨਿਊਜ਼ੀਲੈਂਡ ਤੇ ਪੰਜਵੇਂ ਸਥਾਨ ’ਤੇ ਦੱਖਣੀ ਅਫਰੀਕਾ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ ਘਰੇਲੂ ਮੈਦਾਨਾਂ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਜਿਸ ਕਾਰਨ ਭਾਰਤ ਨੂੰ ਨਮੋਸ਼ੀਜਨਕ ਹਾਰਾਂ ਦਾ ਸਾਹਮਣਾ ਕਰਨਾ ਪਿਆ ਤੇ ਭਾਰਤ ਲਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪੁੱਜਣ ਦਾ ਰਾਹ ਔਖਾ ਹੋ ਗਿਆ ਹੈ।