ਭਾਰਤ ਦੇ ਸਖ਼ਤ ਵਿਰੋਧ ਮਗਰੋਂ ਥਾਈਲੈਂਡ ਨੇ ਡਬਲਯੂਟੀਓ ’ਚੋਂ ਸਫ਼ੀਰ ਹਟਾਇਆ
ਅਬੂ ਧਾਬੀ, 1 ਮਾਰਚ
ਭਾਰਤ ਦੇ ਚੌਲ ਖ਼ਰੀਦ ਪ੍ਰੋਗਰਾਮ ਨੂੰ ਲੈ ਕੇ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ’ਚ ਥਾਈਲੈਂਡ ਦੀ ਸਫ਼ੀਰ ਵੱਲੋਂ ਕੀਤੀ ਗਈ ਵਿਵਾਦਤ ਟਿੱਪਣੀ ਮਗਰੋਂ ਨਵੀਂ ਦਿੱਲੀ ਦੇ ਸਖ਼ਤ ਵਿਰੋਧ ਦਰਜ ਕਰਾਉਣ ’ਤੇ ਥਾਈਲੈਂਡ ਨੇ ਉਸ ਨੂੰ ਹਟਾ ਲਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਥਾਈਲੈਂਡ ਦੀ ਸਫ਼ੀਰ ਪਿਮਚਾਨੋਕ ਵੋਨਕੋਰਪੋਨ ਪਿਟਫੀਲਡ ਨੂੰ ਵਿਸ਼ਵ ਵਪਾਰ ਸੰਗਠਨ ਦੀ 13ਵੀਂ ਮੰਤਰੀ ਪੱਧਰੀ ਕਾਨਫਰੰਸ ਤੋਂ ਹਟਾ ਕੇ ਵਾਪਸ ਥਾਈਲੈਂਡ ਆਉਣ ਲਈ ਕਿਹਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਥਾਈਲੈਂਡ ਦੇ ਵਿਦੇਸ਼ ਸਕੱਤਰ ਉਸ ਦੀ ਥਾਂ ’ਤੇ ਡਬਲਯੂਟੀਓ ’ਚ ਨੁਮਾਇੰਦਗੀ ਕਰਨਗੇ। ਅਧਿਕਾਰੀ ਨੇ ਕਿਹਾ ਕਿ ਭਾਰਤ ਨੇ ਮੰਗਲਵਾਰ ਨੂੰ ਇਕ ਮੀਟਿੰਗ ਦੌਰਾਨ ਪਿਟਫੀਲਡ ਦੀਆਂ ਟਿੱਪਣੀਆਂ ’ਤੇ ਡੂੰਘੀ ਨਿਰਾਸ਼ਾ ਜਤਾਈ ਸੀ। ਉਸ ਨੇ ਨਵੀਂ ਦਿੱਲੀ ’ਤੇ ਦੋਸ਼ ਲਾਇਆ ਸੀ ਕਿ ਜਨਤਕ ਵੰਡ ਪ੍ਰਣਾਲੀ ਲਈ ਘੱਟੋ ਘੱਟ ਸਮਰਥਨ ਮੁੱਲ ’ਤੇ ਚੌਲ ਖ਼ਰੀਦਣ ਦਾ ਪ੍ਰੋਗਰਾਮ ਲੋਕਾਂ ਲਈ ਨਹੀਂ ਹੈ ਸਗੋਂ ਇਹ ਬਰਾਮਦ ਮੰਡੀ ’ਤੇ ਕਬਜ਼ਾ ਕਰਨ ਲਈ ਹੈ। ਇਸ ਮਗਰੋਂ ਭਾਰਤ ਨੇ ਰਸਮੀ ਤੌਰ ’ਤੇ ਥਾਈਲੈਂਡ ਸਰਕਾਰ ਕੋਲ ਆਪਣਾ ਵਿਰੋਧ ਦਰਜ ਕਰਵਾਇਆ ਸੀ। ਅਧਿਕਾਰੀ ਨੇ ਕਿਹਾ ਕਿ ਥਾਈਲੈਂਡ ਦੀ ਸਫ਼ੀਰ ਨੂੰ ਬਦਲ ਦਿੱਤਾ ਗਿਆ ਹੈ ਜਿਸ ਨੇ ਭਾਰਤ ਦੇ ਜਨਤਕ ਭੰਡਾਰਨ (ਪੀਐੱਸਐੱਚ) ਪ੍ਰੋਗਰਾਮ ਦਾ ਮਖੌਲ ਉਡਾਇਆ ਸੀ। -ਪੀਟੀਆਈ