ਫ਼ਿਲਮ ਦੀ ਕਹਾਣੀ ਸੁਣਨ ਮਗਰੋਂ ਸੈਮ ਬਣਨਾ ਚਾਹੁੰਦਾ ਸੀ ਵਿੱਕੀ ਕੌਸ਼ਲ: ਆਲੀਆ
ਮੁੰਬਈ: ਨਿਰਦੇਸ਼ਕ ਮੇਘਨਾ ਗੁਲਜ਼ਾਰ ਆਪਣੀ ਨਵੀਂ ਫਿਲਮ ‘ਸੈਮ ਬਹਾਦਰ’ ਦੀ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਵਿਚ ਵਿੱਕੀ ਕੌਸ਼ਲ ਭਾਰਤ ਦੇ ਜੰਗੀ ਨਾਇਕ ਤੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨਿਕਸ਼ਾਹ ਦੀ ਭੂਮਿਕਾ ਨਿਭਾਏਗਾ। ਇਸ ਫਿਲਮ ਦਾ ਅੱਜ ਮੁੰਬਈ ਵਿੱਚ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਟਰੇਲਰ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਆਲੀਆ ਭੱਟ ਨੇ ਇੰਸਟਾਗ੍ਰਾਮ ’ਤੇ ਸਟੋਰੀ ਪੋਸਟ ਕਰ ਕੇ ਵਿੱਕੀ ਨੂੰ ਵਧਾਈ ਦਿੱਤੀ ਹੈ। ਆਲੀਆ ਨੇ ਲਿਖਿਆ, ‘ਮੈਨੂੰ ਉਹ ਦਿਨ ਯਾਦ ਹੈ ਜਦੋਂ ਮੇਘਨਾ ਗੁਲਜ਼ਾਰ ਨੇ ਫਿਲਮ ‘ਰਾਜ਼ੀ’ ਦੇ ਸੈੱਟ ’ਤੇ ਸਾਨੂੰ ਸੈਮ ਦੀ ਕਹਾਣੀ ਸੁਣਾਈ ਸੀ। ਵਿੱਕੀ ਉੱਥੇ ਬੈਠਾ ਸੀ.. ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਸੀ.. ਉਸ ਨੂੰ ਉਮੀਦ ਸੀ ਕਿ ਉਹ ਇੱਕ ਦਿਨ ਸੈਮ ਬਣੇਗਾ..! ਵਿੱਕੀ ਕੌਸ਼ਲ ਇਸ ਨੂੰ ਦੇਖਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ।’ ਵਿੱਕੀ ਨੇ ਆਖਿਆ, ‘ਉਹ ਉਸ ਦਿਨ ਨੂੰ ਕਦੇ ਨਹੀਂ ਭੁੱਲ ਸਕਦਾ। ਧੰਨਵਾਦ ਆਲੀਆ... ਤੁਸੀਂ ਬਹੁਤ ਪਿਆਰੇ ਹੋ..!’ ਇਹ ਫਿਲਮ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨਿਕਸ਼ਾਹ ਦੇ ਜੀਵਨ ’ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਵਿੱਕੀ ਕੌਸ਼ਲ, ਸਾਨੀਆ ਮਲਹੋਤਰਾ ਅਤੇ ਫਾਤਿਮਾ ਸਨਾ ਸ਼ੇਖ ਮੁੱਖ ਭੂਮਿਕਾਵਾਂ ਵਿੱਚ ਹਨ। ਟੀਜ਼ਰ ਵਿੱਚ ਵਿੱਕੀ ਫੀਲਡ ਮਾਰਸ਼ਲ ਵਜੋਂ ਫੌਜੀਆਂ ਦੀ ਟੀਮ ਦੀ ਅਗਵਾਈ ਕਰਦਾ ਹੋਇਆ, ਉਨ੍ਹਾਂ ਨੂੰ ਆਪਣੇ ਦੇਸ਼ ਲਈ ਲੜਨ ਲਈ ਪ੍ਰੇਰਿਤ ਕਰਦਾ ਦਿਖਾਈ ਦਿੰਦਾ ਹੈ। -ਏਐੱਨਆਈ