ਜਣੇਪੇ ਤੋਂ ਜਵਾਬ ਮਿਲਣ ’ਤੇ ਪਤੀ ਨੇ ਭੀਖ ਮੰਗ ਕੇ ਕਰਵਾਇਆ ਬਾਹਰੋਂ ਇਲਾਜ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 20 ਅਗਸਤ
ਇੱਥੇ ਸੂਬਾ ਸਰਕਾਰ ਦੇ ਸਿਹਤ ਸੁਵਿਧਾਵਾਂ ਦੇਣ ਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਸਥਾਨਕ ਸਰਕਾਰੀ ਹਸਪਤਾਲ ਵਿਚ ਇੱਕ ਗਰੀਬ ਗਰਭਵਤੀ ਦੇ ਜਣੇਪੇ ਲਈ ਇਹ ਕਹਿ ਕੇ ਜਵਾਬ ਦੇ ਦਿੱਤਾ ਗਿਆ ਕਿ ਇੱਥੇ ਡਾਕਟਰ ਮੌਜੂਦ ਨਹੀਂ ਅਤੇ ਉਸ ਦੇ ਪਤੀ ਨੂੰ ਆਪਣੀ ਪਤਨੀ ਦਾ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਬਾਜ਼ਾਰ ਵਿੱਚੋਂ ਭੀਖ ਮੰਗਣੀ ਪਈ। ਮਾਛੀਵਾੜਾ ਵਿੱਚ ਝੁੱਗੀ ਬਣਾ ਕੇ ਰਹਿੰਦੇ ਅਭਿਸ਼ੇਕ ਨੇ ਦੱਸਿਆ ਕਿ ਉਸਦੀ ਪਤਨੀ ਪਾਇਲ (20) ਵਾਸੀ ਬਲੀਬੇਗ ਗਰਭਵਤੀ ਸੀ। ਜਦੋਂ ਉਸ ਨੂੰ ਜਣੇਪੇ ਦੀਆਂ ਦਰਦਾਂ ਛਿੜੀਆਂ ਤਾਂ ਉਹ ਉਸ ਨੂੰ ਇਲਾਜ ਲਈ ਮਾਛੀਵਾੜਾ ਸਰਕਾਰੀ ਹਸਪਤਾਲ ਲੈ ਗਿਆ। ਉੱਥੇ ਮੌਜੂਦ ਨਰਸਾਂ ਵੱਲੋਂ ਉਸਦੀ ਪਤਨੀ ਨੂੰ ਦਾਖਲ ਕਰ ਲਿਆ ਗਿਆ ਅਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਜਦੋਂ ਉਸਦੀ ਪਤਨੀ ਦੇ ਦਰਦਾਂ ਜ਼ਿਆਦਾ ਸ਼ੁਰੂ ਹੋ ਗਈਆਂ ਤਾਂ ਡਿਊਟੀ ’ਤੇ ਤਾਇਨਾਤ ਨਰਸਾਂ ਨੇ ਜਵਾਬ ਦੇ ਦਿੱਤਾ ਕਿ ਇਸ ਸਮੇਂ ਸਰਕਾਰੀ ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਹੈ ਤੇ ਉਹ ਆਪਣੀ ਪਤਨੀ ਨੂੰ ਇਲਾਜ ਲਈ ਲੁਧਿਆਣਾ ਸਰਕਾਰੀ ਹਸਪਤਾਲ ਲੈ ਜਾਵੇ। ਅਭਿਸ਼ੇਕ ਨੇ ਦੱਸਿਆ ਕਿ ਉਸਨੇ ਬੜੀ ਮੁਸ਼ਕਲ ਨਾਲ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਤੋਂ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਿਆ ਜਿੱਥੇ ਉਸਦਾ ਡਾਕਟਰਾਂ ਨੇ ਇਲਾਜ ਕੀਤਾ ਅਤੇ 15 ਹਜ਼ਾਰ ਰੁਪਏ ਖਰਚਾ ਦੱਸਿਆ। ਅਭਿਸ਼ੇਕ ਨੇ ਦੱਸਿਆ ਕਿ ਉਹ ਬੇਹੱਦ ਗਰੀਬ ਹੈ ਅਤੇ ਮਜ਼ਦੂਰੀ ਕਰਦਾ ਹੈ, ਉਸ ਕੋਲ 15 ਹਜ਼ਾਰ ਰੁਪਏ ਮੌਜੂਦ ਨਹੀਂ ਸਨ। ਇਲਾਜ ਦੇ 15 ਹਜ਼ਾਰ ਰੁਪਏ ਇਕੱਤਰ ਕਰਨ ਲਈ ਉਹ ਬਾਜ਼ਾਰਾਂ ’ਚੋਂ ਡਾਕਟਰੀ ਦਵਾਈਆਂ ਦੀਆਂ ਪਰਚੀਆਂ ਤੇ ਬਿੱਲ ਦਿਖਾ ਕੇ ਉਸਨੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਪੈਸੇ ਇਕੱਠੇ ਕੀਤੇ। ਜੇ ਇਸ ਗਰਭਵਤੀ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਹੋ ਜਾਂਦਾ ਤਾਂ ਅੱਜ ਉਸ ਨੂੰ ਭੀਖ ਨਾ ਮੰਗਣੀ ਪੈਂਦੀ।
ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਦੇਵ ਸਿੰਘ ਨੇ ਕਿਹਾ ਕਿ 14 ਅਗਸਤ ਨੂੰ ਪਾਇਲ ਨਾਮੀਂ ਗਰਭਵਤੀ ਔਰਤ ਹਸਪਤਾਲ ਵਿੱਚ ਇਲਾਜ ਲਈ ਦਾਖਲ ਹੋਈ ਸੀ ਅਤੇ ਰਿਕਾਰਡ ਮੁਤਾਬਕ ਉਸਦਾ ਬਲੱਡ ਪ੍ਰੈਸ਼ਰ ਹਾਈ ਸੀ। ਉਨ੍ਹਾਂ ਕਿਹਾ ਕਿ ਮਾਛੀਵਾੜਾ ਹਸਪਤਾਲ ਵਿੱਚ ਮੌਜੂਦ ਗਾਇਨੀ ਡਾਕਟਰ ਆਪਣੀ ਨੌਕਰੀ ਛੱਡ ਚੁੱਕੇ ਹਨ ਜਿਸ ਕਾਰਨ ਪਿਛਲੇ 5-6 ਮਹੀਨਿਆਂ ਤੋਂ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਡਲਿਵਰੀ ਦਾ ਨਾਰਮਲ ਕੇਸ ਹੋਵੇ ਤਾਂ ਨਰਸਾਂ ਉਸ ਨੂੰ ਹੱਲ ਕਰ ਲੈਂਦੀਆਂ ਹਨ, ਪਰ ਜੇਕਰ ਮਰੀਜ਼ ਦੀ ਹਾਲਤ ਠੀਕ ਨਾ ਹੋਵੇ ਤਾਂ ਉਸ ਨੂੰ ਲੁਧਿਆਣਾ ਸਰਕਾਰੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਜਾਂਦਾ ਹੈ। ਐੱਸ.ਐੱਮ.ਓ. ਨੇ ਕਿਹਾ ਕਿ ਇੱਥੇ ਗਾਇਨੀ ਡਾਕਟਰ ਤਾਇਨਾਤ ਕਰਨ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ।