ਗਿਆਰਾਂ ਸਾਲ ਮਗਰੋਂ ਆਪਣੇ ਪਰਿਵਾਰ ਨੂੰ ਮਿਲੀ ਮਹਿਲਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਨਵੰਬਰ
ਮਾਨਵਤਾ ਦੀ ਸੇਵਾ ਨੂੰ ਸਮਰਪਿਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਸਥਾਨਕ ਬਰਾਂਚ ਦੀ ਬਦੌਲਤ ਇੱਕ ਔਰਤ ਨੂੰ 11 ਸਾਲ ਬਾਅਦ ਆਪਣਾ ਘਰ-ਪਰਿਵਾਰ ਨਸੀਬ ਹੋਇਆ ਹੈ। ਗਿਆਰਾਂ ਸਾਲ ਬਾਅਦ ਅੱਜ ਔਰਤ ਦਾ ਪਤੀ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਉਸਨੂੰ ਲੈਣ ਲਈ ਜਦੋਂ ਸਥਾਨਕ ਪਿੰਗਲਵਾੜਾ ਬਰਾਂਚ ਪੁੱਜੇ ਤਾਂ ਦੋਵਾਂ ਧਿਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅਤੇ ਸਾਰਿਆਂ ਦੀਆਂ ਅੱਖਾਂ ’ਚੋਂ ਖੁਸ਼ੀ ਦੇ ਅੱਥਰੂ ਝਲਕ ਰਹੇ ਸਨ। ਪਿੰਗਲਵਾੜਾ ਬਰਾਂਚ ਸੰਗਰੂਰ ਦੇ ਮੁੱਖ ਪ੍ਰਬੰਧਕ ਤਿਰਲੋਚਨ ਸਿੰਘ ਚੀਮਾ ਅਤੇ ਸਹਾਇਕ ਪ੍ਰਬੰਧਕ ਹਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ 13 ਸਤੰਬਰ 2013 ਨੂੰ ਮਾਨਸਿਕ ਪ੍ਰੇਸ਼ਾਨੀ ਦੀ ਹਾਲਤ ਵਿੱਚ ਇੱਕ ਔਰਤ ਪਿੰਗਲਵਾੜਾ ਬਰਾਂਚ ਵਿੱਚ ਦਾਖ਼ਲ ਹੋਈ ਸੀ ਜਿਸ ਨੂੰ ਗਰਦੁਆਰਾ ਸਾਹਿਬ ਦੂਖ ਨਿਵਾਰਨ ਪਟਿਆਲਾ ਦੇ ਮੈਨੇਜਰ ਦੇ ਕਹਿਣ ’ਤੇ ਸੇਵਾਦਾਰ ਸੁਖਵਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਐਂਬੂਲੈਸ ਡਰਾਈਵਰ ਇਥੇ ਦਾਖਲ ਕਰਵਾ ਕੇ ਗਏ ਸਨ। ਉਸ ਸਮੇਂ ਇਸ ਔਰਤ ਨੂੰ ਕੋਈ ਸੁੱਧ-ਬੁੱਧ ਨਹੀਂ ਸੀ। ਪਿੰਗਲਵਾੜਾ ਬਰਾਂਚ ਵਿੱਚ ਇਸਦਾ ਇਲਾਜ ਚਲਦਾ ਰਿਹਾ ਅਤੇ ਕਰੀਬ 11 ਵਰ੍ਹੇ ਬੀਤ ਗਏ। ਹੌਲੀ-ਹੌਲੀ ਮਹਿਲਾ ਠੀਕ ਹੋਈ, ਜਿਸ ਮਗਰੋਂ ਸੇਵਾ-ਮੁਕਤ ਇੰਸਪੈਕਟਰ ਜੁਗਰਾਜ ਸਿੰਘ ਵੱਲੋਂ ਕੌਂਸਲਿੰਗ ਕਰਕੇ ਬੜੀ ਮੁਸ਼ਕਲ ਨਾਲ 11 ਸਾਲ ਬਾਅਦ ਇਸਦੇ ਘਰ ਦਾ ਪਤਾ ਲਗਾਇਆ। ਔਰਤ ਨੇ ਠੀਕ ਹੋਣ ਉਪਰੰਤ ਆਪਣੇ ਘਰ ਦਾ ਪਤਾ ਪਿੰਡ ਟੂਸੇ ਜ਼ਿਲ੍ਹਾ ਲੁਧਿਆਣਾ ਦੱਸਿਆ, ਜਦੋਂ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਔਰਤ ਦਾ ਪਤੀ ਪਰਮਜੀਤ ਸਿੰਘ ਪਿੰਡ ਦੇ ਨੰਬਰਦਾਰ ਗੁਰਪ੍ਰੀਤ ਸਿੰਘ ਅਤੇ ਹੋਰ ਮੋਹਤਬਰ ਵਿਅਕਤੀਆਂ ਸਮੇਤ ਉਸ ਨੂੰ ਲੈਣ ਲਈ ਪਿੰਗਲਵਾੜਾ ਬਰਾਂਚ ਪੁੱਜੇ।