ਦੂਬੇ ਤੋਂ ਬਾਅਦ ਹੁਣ ਰਾਠੌੜ ਨੇ ਥਰੂਰ ਖਿਲਾਫ਼ ਸਪੀਕਰ ਨੂੰ ਪੱਤਰ ਲਿਖਿਆ
ਨਵੀਂ ਦਿੱਲੀ, 20 ਅਗਸਤ
ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਮਗਰੋਂ ਹੁਣ ਪਾਰਟੀ ਦੇ ਇਕ ਹੋਰ ਸੰਸਦ ਮੈਂਬਰ ਰਾਜਵਰਧਨ ਸਿੰਘ ਰਾਠੌੜ ਨੇ ਕਾਂਗਰਸ ਆਗੂ ਸ਼ਸ਼ੀ ਥਰੂਰ ਖਿਲਾਫ਼ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਇਸ ਗੱਲ ’ਤੇ ਇਤਰਾਜ਼ ਜਤਾਇਆ ਹੈ ਕਿ ਥਰੂਰ ਨੇ ਫੇਸਬੁੱਕ ਦੇ ਅਧਿਕਾਰੀਆਂ ਨੂੰ ਤਲਬ ਕਰਨ ਦਾ ਇਰਾਦਾ ਜਨਤਕ ਕਰ ਦਿੱਤਾ ਜਦਕਿ ਉਨ੍ਹਾਂ ਇਸ ਮਾਮਲੇ ਬਾਰੇ ਪਾਰਲੀਮਾਨੀ ਕਮੇਟੀ ’ਚ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ। ਦੂਬੇ ਅਤੇ ਥਰੂਰ ਨੇ ਇਕ-ਦੂਜੇ ਖਿਲਾਫ਼ ਮਰਿਆਦਾ ਭੰਗ ਕਰਨ ਦੀਆਂ ਸ਼ਿਕਾਇਤਾਂ ਸਪੀਕਰ ਕੋਲ ਦਰਜ ਕਰਵਾਈਆਂ ਹਨ। ਸ੍ਰੀ ਰਾਠੌੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਕਿਸ ਨੂੰ ਕਮੇਟੀ ਦੀ ਬੈਠਕ ’ਚ ਤਲਬ ਕੀਤਾ ਜਾਵੇਗਾ ਅਤੇ ਬੈਠਕ ਦਾ ਏਜੰਡਾ ਕੀ ਰਹੇਗਾ, ਇਸ ਬਾਰੇ ਬਿਆਨ ਜਾਰੀ ਕਰਨਾ ਠੀਕ ਨਹੀਂ ਹੈ। ਇਹ ਲੋਕ ਸਭਾ ਦੀ ਪ੍ਰਕਿਰਿਆ ਦੀ ਉਲੰਘਣਾ ਹੈ। ਆਈਟੀ ਕਮੇਟੀ ਦੇ ਚੇਅਰਮੈਨ ਨੇ ਮੀਡੀਆ ’ਚ ਪਹਿਲਾਂ ਬਿਆਨ ਦੇ ਕੇ ਕਮੇਟੀ ਮੈਂਬਰਾਂ ਅਤੇ ਕਮੇਟੀ ਦੇ ਕੰਮਕਾਜ ਦੀ ਤੌਹੀਨ ਕੀਤੀ ਹੈ।’’ ਸਾਬਕਾ ਕੇਂਦਰੀ ਮੰਤਰੀ ਅਤੇ ਆਈਟੀ ਕਮੇਟੀ ਦੇ ਮੈਂਬਰ ਰਾਠੌੜ ਨੇ ਕਿਹਾ ਕਿ ਮੁਲਕ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਕਮੇਟੀ ਕਿਸੇ ਨੂੰ ਵੀ ਤਲਬ ਕਰ ਸਕਦੀ ਹੈ ਪਰ ਪਹਿਲਾਂ ਇਹ ਮਾਮਲਾ ਕਮੇਟੀ ’ਚ ਵਿਚਾਰਿਆ ਜਾਣਾ ਚਾਹੀਦਾ ਹੈ। -ਪੀਟੀਆਈ