ਦੀਵਾਲੀ ਮਗਰੋਂ ਜ਼ਹਿਰੀਲੀ ਹੋਈ ਦਿੱਲੀ ਦੀ ਹਵਾ
ਮਨਧੀਰ ਦਿਓਲ
ਨਵੀਂ ਦਿੱਲੀ, 13 ਨਵੰਬਰ
ਸਰਕਾਰਾਂ, ਸੁਪਰੀਮ ਕੋਰਟ, ਐੱਨਜੀਟੀ ਸਮੇਤ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਵੱਲੋਂ ਕੀਤੀਆਂ ਬੇਨਤੀਆਂ ਨੂੰ ਅਣਗੌਲਿਆਂ ਕਰਦੇ ਹੋਏ ਦਿੱਲੀ-ਐੱਨਸੀਆਰ ਵਿੱਚ ਦੇਰ ਰਾਤ ਤੱਕ ਲੋਕਾਂ ਨੇ ਖੂਬ ਪਟਾਕੇ ਚਲਾਏ, ਜਿਸ ਮਗਰੋਂ ਦਿੱਲੀ-ਐੱਨਸੀਆਰ ਦੀ ਆਬੋ-ਹਵਾ ਮਾੜੀ ਸ਼੍ਰੇਣੀ ਵਿੱਚ ਮਾਪੀ ਗਈ। ਮਾਹਰਾਂ ਮੁਤਾਬਕ ਹਵਾ ਦੇ ਗੰਧਲੇ ਕਣਾਂ ’ਚ ਪਟਾਕਿਆਂ ਦੇ ਧੂੰਏਂ ਵਿੱਚੋਂ ਨਿਕਲਣ ਵਾਲੇ ਹਾਨੀਕਾਰਕ ਤੱਤ ਪਾਏ ਗਏ। ਹਾਲਾਂਕਿ ਕਿ ਪਟਾਕੇ ਚਲਾਉਣ ਦੀ ਦਰ ਪਹਿਲਾਂ ਨਾਲੋਂ ਕੁੱਝ ਘਟੀ ਜ਼ਰੂਰ ਹੈ। ਦਿੱਲੀ-ਐੱਨਸੀਆਰ ਵਿੱਚ ਖੂਬ ਪਟਾਕੇ ਚਲਾਏ ਗਏ ਤੇ ਪੁਲੀਸ ਪ੍ਰਸ਼ਾਸਨ ਲੋਕਾਂ ਨੂੰ ਪਟਾਕੇ ਚਲਾਉਣ ਤੋਂ ਰੋਕਣ ਵਿੱਚ ਨਾਕਾਮ ਰਿਹਾ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸੋਮਵਾਰ ਨੂੰ ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਕਾਫ਼ੀ ਖ਼ਰਾਬ ਹੋ ਗਈ ਜੋ ‘ਮਾੜੀ’ ਸ਼੍ਰੇਣੀ ਵਿੱਚ ਆਉਂਦੀ ਹੈ। ਸੁਪਰੀਮ ਕੋਰਟ ਅਤੇ ਦਿੱਲੀ ਸਰਕਾਰ ਵੱਲੋਂ ਪਟਾਕਿਆਂ ’ਤੇ ਪਾਬੰਦੀਆਂ ਦੇ ਬਾਵਜੂਦ ਦੀਵਾਲੀ ਦੇ ਜਸ਼ਨਾਂ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਸੰਘਣੀ ਉਪਰ ਅਸਮਾਨ ’ਤੇ ਧੁੰਦ ਨਾਲ ਢੱਕੀਆਂ ਦਿਖਾਈ ਦਿੱਤੀਆਂ। ਸੀਪੀਸੀਬੀ ਅਨੁਸਾਰ ਸੋਮਵਾਰ ਤੜਕੇ ਲੋਧੀ ਰੋਡ ਖੇਤਰ ਦੇ ਆਸਪਾਸ ਸਵੇਰੇ 5: 54 ਵਜੇ ਅਤੇ ਰਾਜਘਾਟ ਖੇਤਰ ਵਿੱਚ ਸਵੇਰੇ 6:05 ਵਜੇ ਹਵਾ ਦੀ ‘ਮਾੜੀ’ ਗੁਣਵੱਤਾ ਦੇਖੀ ਗਈ। ਇਸ ਨਾਲ ਦ੍ਰਿਸ਼ਟੀ ਸਿਰਫ਼ ਸੈਂਕੜੇ ਮੀਟਰ ਤੱਕ ਘੱਟ ਗਈ। ਇਸ ਤੋਂ ਇਲਾਵਾ ਦੀਵਾਲੀ ਦੇ ਜਸ਼ਨਾਂ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਪਟਾਕਿਆਂ ਦੀ ਰਹਿੰਦ-ਖੂੰਹਦ ਗਲੀਆਂ ਵਿੱਚ ਖਿੰਡੀ ਦੇਖੀ ਗਈ। ਬੀਤੇ ਦਿਨੀਂ ਦੋ ਦਿਨ ਪਏ ਹਲਕੇ ਮੀਂਹ ਮਗਰੋਂ ਹਾਲਤ ਕੁੱਝ ਸੁੱਧਰੇ ਸਨ। ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਸਫਰ) ਅਨੁਸਾਰ, ਦਿੱਲੀ ਵਿੱਚ ਸਵੇਰੇ 6 ਵਜੇ ਤੱਕ ਹਵਾ ਦੀ ਗੁਣਵੱਤਾ 286 ’ਤੇ ਏਕਿਊਆਈ ਦੇ ਨਾਲ ‘ਮਾੜੀ’ ਰਹੀ ਜੋ ਕਿ ਐਤਵਾਰ ਸ਼ਾਮ 4 ਵਜੇ ਦੀ ਔਸਤ ਰੀਡਿੰਗ 218 (ਮਾੜੀ) ਤੋਂ ਵੱਧ ਸੀ। ਸਫਰ ਦੇ ਅੰਕੜਿਆਂ ਅਨੁਸਾਰ ਦਿੱਲੀ ਯੂਨੀਵਰਸਿਟੀ, ਆਈਆਈਟੀ ਦਿੱਲੀ ਅਤੇ ਹਵਾਈ ਅੱਡੇ (ਟੀ3) ਵਰਗੇ ਖੇਤਰਾਂ ਵਿੱਚ ਏਕਿਊਆਈ ਕ੍ਰਮਵਾਰ 313, 317 ਅਤੇ 308 ਦੇ ਨਾਲ ‘ਬਹੁਤ ਮਾੜੀ’ ਸ਼੍ਰੇਣੀ ਦੀ ਹਵਾ ਦੇਖੀ ਗਈ। ਧੀਰਪੁਰ, ਲੋਧੀ ਰੋਡ, ਪੂਸਾ, ਨੋਇਡਾ, ਗੁਰੂਗ੍ਰਾਮ ਅਤੇ ਅਯਾਨਗਰ ਵਰਗੇ ਖੇਤਰਾਂ ਵਿੱਚ ਏਕਿਊਆਈ ਦੇ ਨਾਲ ‘ਮਾੜੀ’ ਸ਼੍ਰੇਣੀ ਦੀ ਹਵਾ ਕ੍ਰਮਵਾਰ 297, 249, 297 ਅਤੇ 290 ਦਰਜ ਕੀਤੀ ਗਈ।
ਦਿੱਲੀ ਵਿਸ਼ਵ ਦੇ ਪ੍ਰਦੂਸ਼ਿਤ ਸ਼ਹਿਰਾਂ ’ਚ ਸ਼ੁਮਾਰ
ਦੀਵਾਲੀ ਦੀ ਰਾਤ ਲੰਘਣ ਮਗਰੋਂ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਮਾਪਿਆ ਗਿਆ। ਕੋਲਕਾਤਾ, ਮੁੰਬਈ ਟੌਪ 10 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹਨ। ਕੋਲਕਾਤਾ 196 ਦੇ ਏਕਿਊਆਈ ਨਾਲ ਸੂਚੀ ਵਿੱਚ ਚੌਥੇ ਸਥਾਨ ’ਤੇ ਸੀ, ਇਸ ਤੋਂ ਬਾਅਦ ਮੁੰਬਈ 156 ’ਤੇ ਏਕਿਊਆਈ ਦੇ ਨਾਲ ਨੌਵੇਂ ਸਥਾਨ ’ਤੇ ਸੀ। ਇਹ ਅੰਕੜੇ ਪੀਐੱਮ 2.5 ਦੇ ਆਧਾਰ ਉੱਤੇ ਜਾਰੀ ਕੀਤੇ ਗਏ। ਸੋਮਵਾਰ ਨੂੰ ਪੀਐੱਮ 2.5 ਵਜੋਂ ਜਾਣੇ ਜਾਂਦੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਵਾ ਦੇ ਕਣਾਂ ਦੇ ਗਾੜ੍ਹਾਪਣ ਦੇ ਆਧਾਰ ’ਤੇ 100 ਪ੍ਰਮੁੱਖ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਦੇ ਪੱਧਰਾਂ ਨੂੰ ਮਾਪਣ ਵਾਲੇ ਸਵਿਸ ਸਮੂਹ ‘ਆਈਕਿਊਏਅਰ’ ਅਨੁਸਾਰ, ਦਿੱਲੀ ਸੋਮਵਾਰ ਨੂੰ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਵਜੋਂ ਦਰਜਾਬੰਦੀ ਵਿੱਚ ਪਹਿਲੀ ਥਾਂ ਦਿੱਤੀ ਗਈ। ਆਈਕਿਊਏਅਰ ਅਨੁਸਾਰ ਸਵੇਰੇ 10 ਵਜੇ ਤੱਕ ਭਾਰਤ ਦੀ ਰਾਸ਼ਟਰੀ ਰਾਜਧਾਨੀ ਨੇ ‘ਖਤਰਨਾਕ’ ਸ਼੍ਰੇਣੀ ਵਿੱਚ 433 ਦਾ ਏਅਰ ਕੁਆਲਿਟੀ ਇੰਡੈਕਸ ਦਰਜ ਕੀਤਾ। ਪਾਕਿਸਤਾਨ ਦਾ ਲਾਹੌਰ ਏਕਿਊਆਈ 384 ਦੇ ਨਾਲ ਸੂਚੀ ਵਿੱਚ ਦੂਜੇ ਸਥਾਨ ’ਤੇ ਸੀ। ਆਈਕਿਊਏਅਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਵਿੱਚ ਪੀਐਮ 2.5 ਗਾੜ੍ਹਾਪਣ ਵਰਤਮਾਨ ਵਿੱਚ ਵਿਸਵ ਦੇ ਸਾਲਾਨਾ ਹਵਾ ਗੁਣਵੱਤਾ ਦਿਸ਼ਾ-ਨਿਰਦੇਸ਼ ਤੋਂ 79 ਗੁਣਾ ਹੈ। 100ਵੇਂ ਸਥਾਨ ’ਤੇ ਰਹਿਣ ਤੋਂ ਬਾਅਦ ਲਾਈਵ ਰੈਂਕਿੰਗ ਦੇ ਅਨੁਸਾਰ ਮੈਕਸੀਕੋ ਸਿਟੀ ਨੂੰ ਦੁਨੀਆ ਦਾ ਸਭ ਤੋਂ ਸਾਫ਼ ਸ਼ਹਿਰ ਐਲਾਨਿਆ ਗਿਆ।
ਕੁਝ ਥਾਵਾਂ ’ਤੇ ਪ੍ਰਦੂਸ਼ਣ ਦਾ ਪੱਧਰ ‘ਬਹੁਤ ਮਾੜੀ ਸ਼੍ਰੇਣੀ’ ’ਚ ਪੁੁੱਜਿਆ
ਸਵੇਰੇ 7 ਵਜੇ ਸ਼ਾਦੀਪੁਰ (315), ਅਯਾਨਗਰ (311), ਲੋਧੀ ਰੋਡ (308), ਪੂਸਾ (355) ਅਤੇ ਜਹਾਂਗੀਰਪੁਰੀ (333) ਸਮੇਤ ਕੁਝ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ‘ਬਹੁਤ ਮਾੜੀ ਸ਼੍ਰੇਣੀ’ ਵਿੱਚ ਦਾਖਲ ਹੋ ਗਿਆ। ਪੀਐੱਮ 2.5 ਦਾ ਗਾੜ੍ਹਾਪਣ, ਸੂਖਮ ਕਣ ਜੋ ਸਾਹ ਪ੍ਰਣਾਲੀ ਵਿੱਚ ਡੂੰਘੇ ਦਾਖ਼ਲ ਹੋ ਸਕਦੇ ਹਨ ਅਤੇ ਸਾਹ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ, ਇਹਨਾਂ ਖੇਤਰਾਂ ਵਿੱਚ 60 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਸੁਰੱਖਿਅਤ ਸੀਮਾ ਤੋਂ ਛੇ ਤੋਂ ਸੱਤ ਗੁਣਾ ਵੱਧ ਸੀ। ਪਟਾਕੇ ਫੂਕਣ ਨਾਲ ਰਾਜਧਾਨੀ ਵਿੱਚ ਓਖਲਾ ਅਤੇ ਜਹਾਂਗੀਰਪੁਰੀ ਸਮੇਤ ਕਈ ਥਾਵਾਂ ‘ਤੇ ਪੀਐਮ 2.5 ਦਾ ਗਾੜ੍ਹਾਪਣ ਸਵੇਰੇ ਤੜਕੇ 1,000 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵੱਧ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਪਿਛਲੇ ਸਾਲ ਦੀਵਾਲੀ ‘ਤੇ 312, 2021 ਵਿੱਚ 382, 2020 ਵਿੱਚ 414, 2019 ਵਿੱਚ 337, 2018 ਵਿੱਚ 281, 2017 ਵਿੱਚ 319 ਅਤੇ 2016 ਵਿੱਚ 431 ਦਾ ਏਕਿਊਆਈ ਦਰਜ ਕੀਤਾ ਗਿਆ ਸੀ। ਦੀਵਾਲੀ ਤੋਂ ਇੱਕ ਦਿਨ ਬਾਅਦ ਸ਼ਹਿਰ ਦਾ ਏਕਿਊਆਈ 2015 ਵਿੱਚ 360 ਸੀ; 2016 ਵਿੱਚ 445; 2017 ਵਿੱਚ 403; 2018 ਵਿੱਚ 390; 2019 ਵਿੱਚ 368; 2020 ਵਿੱਚ 435, 2021 ਵਿੱਚ 462 ਅਤੇ 2022 ਵਿੱਚ 303 ਸੀ।