ਡੀਈਓ ਦੇ ਭਰੋਸੇ ਮਗਰੋਂ ਕਾਲੇਵਾਲ ਦੇ ਆਦਰਸ਼ ਸਕੂਲ ਦਾ ਮਾਮਲਾ ਸੁਲਝਿਆ
ਮਿਹਰ ਸਿੰਘ
ਕੁਰਾਲੀ, 3 ਜੁਲਾਈ
ਕਾਲੇਵਾਲ ਦੇ ਐਜੂਸਟਾਰ ਆਦਰਸ਼ ਸਕੂਲ ਦੇ ਸਟਾਫ਼ ਦੀ ਬਹਾਲੀ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਸਕੂਲ ਅੱਗੇ ਰੋਸ ਪ੍ਰਦਰਸ਼ਨ ਹੋਇਆ। ਗਰਮੀ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਅੱਜ ਜਿਵੇਂ ਹੀ ਸਕੂਲ ਮੁੜ ਖੁੱਲ੍ਹਿਆ ਤਾਂ ਸਕੂਲ ਦੇ ਸਟਾਫ਼, ਮਾਪਿਆਂ ਅਤੇ ਵਿਦਿਆਰਥੀਆਂ ਨੇ ਰੋਸ ਧਰਨਾ ਸ਼ੁਰੂ ਕਰਦਿਆਂ ਸੰਘਰਸ਼ ਦਾ ਐਲਾਨ ਕੀਤਾ। ਇਸੇ ਦੌਰਾਨ ਸਿੱਖਿਆ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮਸਲਾ ਹੱਲ ਕਰਵਾਉਂਦਿਆਂ ਸਕੂਲ ਵਿੱਚ ਪੜ੍ਹਾਈ ਸ਼ੁਰੂ ਕਰਵਾਈ।
ਪੰਜਾਬ ਸਰਕਾਰ ਅਤੇ ਪ੍ਰਾਈਵੇਟ ਕੰਪਨੀ ਦੀ ਭਾਈਵਾਲੀ ਨਾਲ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ ਦੇਖਰੇਖ ਹੇਠ ਚੱਲ ਰਹੇ ਆਦਰਸ਼ ਸਕੂਲ ਨੂੰ ਚਲਾ ਰਹੀ ਪ੍ਰਾਈਵੇਟ ਕੰਪਨੀ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ 12 ਜੂਨ ਨੂੰ ਕੰਪਨੀ ਵਲੋਂ ਸਕੂਲ ਦੇ ਸਟਾਫ਼ ਨੂੰ ਨੌਕਰੀ ਤੋਂ ਫਾਰਗ ਕਰ ਕੇ ਸਕੂਲ ਨੂੰ ਜਿੰਦਰਾ ਲਗਾ ਦਿੱਤਾ ਗਿਆ ਸੀ। ਇਨ੍ਹਾਂ ਹੁਕਮਾਂ ਕਾਰਨ ਹੀ ਕਰੀਬ 1500 ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਦੇਖ ਤੇ ਅਧਿਆਪਕਾਂ ਤੇ ਸਟਾਫ਼ ਦਾ ਰੁਜ਼ਗਾਰ ਖੁੱਸਣ ਦੇ ਖਦਸ਼ੇ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਭਾਵੇਂ ਕਿ ਸਿੱਖਿਆ ਵਿਭਾਗ ਨੇ ਅੱਜ ਸਕੂਲ ਖੁੱਲ੍ਹਦੇ ਸਾਰ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਕਰੀਬ ਤਿੰਨ ਦਰਜਨ ਅਧਿਆਪਕਾਂ ਦਾ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚੋਂ ਪ੍ਰਬੰਧ ਕੀਤਾ ਹੋਇਆ ਸੀ ਪਰ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਸੰਘਰਸ਼ ਕਰ ਰਹੇ ਆਦਰਸ਼ ਸਕੂਲ ਦੇ ਅਧਿਆਪਕਾਂ ਤੇ ਮਾਪਿਆਂ ਨੇ ਵਿਦਿਆਰਥੀਆਂ ਨੂੰ ਸਕੂਲ ਗੇਟ ’ਤੇ ਰੋਕ ਲਿਆ ਅਤੇ ਸਕੂਲ ਗੇਟ ਤੋਂ ਬਾਹਰ ਹੀ ਰੋਸ ਧਰਨਾ ਸ਼ੁਰੂ ਕਰ ਦਿੱਤਾ।
ਇਸੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗਿੰਨੀ ਦੁੱਗਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ, ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਵੰਦਨਾ ਪੁਰੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਮਲਜੀਤ ਸਿੰਘ ਸਮੇਤ ਸਿੱਖਿਆ ਵਿਭਾਗ ਦੀ ਟੀਮ ਮੌਕੇ ’ਤੇ ਪੁੱਜ ਗਈ। ਡੀਈਓ ਗਿੰਨੀ ਦੁੱਗਲ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਬੱਚਿਆਂ ਦੀ ਪੜ੍ਹਾਈ ਮੁੱਖ ਤਰਜੀਹ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਜਾਣ ਦੀ ਅਪੀਲ ਕੀਤੀ। ਡੀਈਓ ਸ੍ਰੀਮਤੀ ਦੁੱਗਲ ਨੇ ਸਕੂਲ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਤੇ ਹੋਰ ਸਟਾਫ਼ ਨੂੰ ਵੀ ਸਕੂਲ ਵਿੱਚ ਦਾਖਲ ਹੋ ਕੇ ਆਪਣੀ ਡਿਊਟੀ ਨਿਭਾਉਣ ਦੀ ਅਪੀਲ ਕੀਤੀ।
ਡੀਈਓ ਦੇ ਭਰੋਸੇ ਤੇ ਅਪੀਲ ਤੋਂ ਬਾਅਦ ਸੰਘਰਸ਼ ਦੇ ਰਾਹ ਪਏ ਅਧਿਆਪਕਾਂ ਨੇ ਬਿਨਾਂ ਕਿਸੇ ਸ਼ਰਤ ਤੋਂ ਪਹਿਲਾਂ ਵਾਂਗ ਆਪਣੀ ਡਿਊਟੀ ਸੰਭਾਲ ਲਈ ਅਤੇ ਸਕੂਲ ਵਿੱਚ ਆਮ ਵਾਂਗ ਪੜ੍ਹਾਈ ਸ਼ੁਰੂ ਹੋਈ। ਇਸ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕੰਪਨੀ ਵੱਲੋਂ ਸਕੂਲ ਛੱਡੇ ਜਾਣ ਤੋਂ ਬਾਅਦ ਪੈਦਾ ਹੋਈ ਇਸ ਸਮੱਸਿਆ ਦੇ ਪੱਕੇ ਹੱਲ ਦੀ ਮੰਗ ਕੀਤੀ। ਸ੍ਰੀਮਤੀ ਦੁੱਗਲ ਨੇ ਸਕੂਲ ਸਟਾਫ਼ ਤੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਤੇ ਸੁਝਾਵਾਂ ਨੂੰ ਉਹ ਉੱਚ ਅਧਿਕਾਰੀਆਂ ਤੇ ਸਰਕਾਰ ਤੱਕ ਪਹੁੰਚਾ ਕੇ ਹੱਲ ਕਰਵਾਉਣ ਦਾ ਯਤਨ ਕਰਨਗੇ।
ਸਕੂਲ ਦਾ ਪ੍ਰਬੰਧ ਪ੍ਰਿੰਸੀਪਲ ਵੰਦਨਾ ਪੁਰੀ ਨੂੰ ਸੌਂਪਿਆ
ਸਿੱਖਿਆ ਵਿਭਾਗ ਵਲੋਂ ਬਲਾਕ ਨੋਡਲ ਅਫ਼ਸਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਧੋਂ ਸੰਗਤੀਆਂ ਦੀ ਪ੍ਰਿੰਸੀਪਲ ਵੰਦਨਾ ਪੁਰੀ ਸਕੂਲ ਦਾ ਪ੍ਰਬੰਧ ਸੌਂਪਿਆ ਗਿਆ ਹੈ। ਵਿਭਾਗੀ ਅਦੇਸ਼ਾਂ ਅਨੁਸਾਰ ਵੰਦਨਾ ਪੁਰੀ ਬਤੌਰ ਪ੍ਰਿੰਸੀਪਲ ਸਕੂਲ ਦਾ ਪ੍ਰਬੰਧ ਦੇਖਣਗੇ।