For the best experience, open
https://m.punjabitribuneonline.com
on your mobile browser.
Advertisement

ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਆਈ: ਭਗਵੰਤ ਮਾਨ

09:24 AM Mar 04, 2024 IST
ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਆਈ  ਭਗਵੰਤ ਮਾਨ
ਐਮੀਨੈਂਸ ਸਕੂਲਾਂ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਤਵਿੰਦਰ ਬਸਰਾ
ਲੁਧਿਆਣਾ, 3 ਮਾਰਚ
ਸੂਬੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਅੱਜ 13 ਸਕੂਲ ਆਫ ਐਮੀਨੈਂਸ ਸ਼ੁਰੂ ਕੀਤੇ ਗਏ। ਇਨ੍ਹਾਂ ’ਚੋਂ ਇੱਥੇ ਇੰਦਰਾਪੁਰੀ ਵਿੱਚ ਬਣੇ ਸਕੂਲ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੋਣਹਾਰ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਸਹੂਲਤਾਂ ਦੇਣਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਟੀਚਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਤੋਂ ਪੰਜਾਬ ਦਾ ਪੈਸਾ ਵਾਪਸ ਲਿਆਉਣ ਲਈ ਪੰਜਾਬੀ ‘ਆਪ’ ਨੂੰ ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ ਜਿਤਾਉਣ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਵਿੱਚ ਤੱਪੜਾਂ ’ਤੇ ਬੈਠ ਕੇ ਪੜ੍ਹਾਈ ਹੁੰਦੀ ਸੀ ਅਤੇ ਅੱਜ ਇਹ ਸਕੂਲ ਦੇਖ ਕੇ ਦੁਬਾਰਾ ਪੜ੍ਹਾਈ ਕਰਨ ਨੂੰ ਜੀਅ ਕਰਨ ਲੱਗ ਪਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੰਮ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੀ ਹੈ। ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੱਡੀ ਕ੍ਰਾਂਤੀ ਦੇਖਣ ਨੂੰ ਮਿਲ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੋਵੇਗਾ। ਇਸ ਦੌਰਾਨ ਮੁੱਖ ਮੰਤਰੀ ਨੇ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਮਿੱਥੇ ਟੀਚਿਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਨਿੱਜੀ ਖੇਤਰ ਵਿੱਚ ਸ਼ਾਇਦ ਹੀ ਕੋਈ ਅਜਿਹਾ ਸਕੂਲ ਹੋਵੇ ਜਿਸ ਵਿੱਚ ਖੇਡ ਮੈਦਾਨ, ਲਾਅਨ ਟੈਨਿਸ, ਸਵਿਮਿੰਗ ਪੂਲ, ਲੈਬਾਰਟਰੀਆਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹੋਣ। ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫ਼ਲ ਹੋਣ ਲਈ ਨੀਟ ਅਤੇ ਜੇਈਈ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਜਿੱਥੇ ਸੂਬੇ ਵਿੱਚ ਸਿੱਖਿਆ, ਸਿਹਤ ਅਤੇ ਉਦਯੋਗ ਖੇਤਰ ਨੂੰ ਉਚਾਈਆਂ ’ਤੇ ਲਿਜਾਣ ਦੀ ਗੱਲ ਕੀਤੀ ਉੱਥੇ ਹੀ ਲੋਕਾਂ ਦਾ ਪੈਸਾ, ਲੋਕਾਂ ’ਤੇ ਖਰਚਣ ਦਾ ਭਰੋਸਾ ਦਿੱਤਾ।
‘ਆਪ’ ਦੇ ਸੁਪਰੀਮੋ ਕੇਜਰੀਵਾਲ ਨੇ ਕਿਹਾ ਕਿ ਪਹਿਲੀ ਨਜ਼ਰ ਵਿੱਚ ਕੋਈ ਸੋਚ ਵੀ ਨਹੀਂ ਸਕਦਾ ਕਿ ਇਹ ਕੋਈ ਸਰਕਾਰੀ ਸਕੂਲ ਹਨ। ਉਨ੍ਹਾਂ ਕਿਹਾ ਕਿ ਸਕੂਲ ਆਫ ਐਮੀਨੈਂਸ ਵਿੱਚ ਦਾਖ਼ਲੇ ਲਈ ਇੱਕ ਲੱਖ ਲੋਕਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ’ਚੋਂ 8200 ਵਿਦਿਆਰਥੀ ਦਾਖ਼ਲ ਹੋਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੋ-ਦੋ ਮੁੱਖ ਮੰਤਰੀਆਂ ਵੱਲੋਂ ਸੂਬੇ ਦੀ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਸੁਧਾਰ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਜੋ ਪਹਿਲਾਂ ਕਦੇ ਨਹੀਂ ਹੋਏ। ਦਿੱਲੀ ਦੇ ਮੁੱਖ ਮੰਤਰੀ ਨੇ ਸੂਬੇ ਦੇ ਕਰੀਬ ਅੱਠ ਹਜ਼ਾਰ ਕਰੋੜ ਰੁਪਏ ਦੇ ਫੰਡਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ 13 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਾ ਕੇ ਭਗਵੰਤ ਸਿੰਘ ਮਾਨ ਦੇ ਹੱਥ ਹੋਰ ਮਜ਼ਬੂਤ ਕਰਨ। ਜ਼ਿਕਰਯੋਗ ਹੈ ਕਿ ਦੋਹਾਂ ਮੁੱਖ ਮੰਤਰੀਆਂ ਨੇ ਲੁਧਿਆਣਾ, ਆਦਮਪੁਰ (ਜਲੰਧਰ), ਮਾਲ ਮੰਡੀ, ਮਾਲ ਰੋਡ, ਜੰਡਿਆਲਾ ਗੁਰੂ (ਅੰਮ੍ਰਿਤਸਰ), ਪਰਸਰਾਮ ਨਗਰ, ਰਾਮ ਨਗਰ (ਬਠਿੰਡਾ), ਅਮਲੋਹ ਫਤਹਿਗੜ੍ਹ ਸਾਹਿਬ, ਜਲਾਲਾਬਾਦ ਪੱਛਮੀ, ਅਰਨੀਵਾਲਾ, ਸ਼ੇਖ ਸੁਭਾਨ (ਫਾਜ਼ਿਲਕਾ), ਫਗਵਾੜਾ, ਫੇਜ਼ 11 ਐਸ.ਏ.ਐਸ ਨਗਰ (ਮੁਹਾਲੀ) ਅਤੇ ਖਡੂਰ ਸਾਹਿਬ ਵਿੱਚ ਬਣੇ 13 ਸਕੂਲ ਲੋਕਾਂ ਨੂੰ ਸਮਰਪਿਤ ਕੀਤੇ।

Advertisement

ਉੱਦਮੀਆਂ ਨੇ ਸਰਕਾਰ ਦੇ ਲੋਕ-ਪੱਖੀ ਉਪਰਾਲਿਆਂ ਦੀ ਕੀਤੀ ਸ਼ਲਾਘਾ

ਲੁਧਿਆਣਾ (ਗੁਰਿੰਦਰ ਸਿੰਘ): ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਕੀਤੀ ਗਈ ਸਰਕਾਰ-ਵਪਾਰ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਮਸਲਿਆਂ ਦਾ ਹੱਲ ਮੌਕੇ ’ਤੇ ਹੀ ਕਰਨ ਦਾ ਐਲਾਨ ਕੀਤਾ ਜਦੋਂਕਿ ਪ੍ਰਮੁੱਖ ਉੱਦਮੀਆਂ ਨੇ ਸਰਕਾਰ ਵੱਲੋਂ ਪੰਜਾਬ ਅਤੇ ਲੋਕਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਲੋਕ-ਪੱਖੀ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਫੁੱਟਵੀਅਰ ਐਸੋਸੀਏਸ਼ਨ ਦੇ ਵਰੁਣ ਜੈਰਥ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਓਟੀਐੱਸ ਸਕੀਮ ਦੀ ਸਮਾਂ ਸੀਮਾ ਦੋ ਮਹੀਨੇ ਵਧਾਏ ਜਾਣ ਵਾਲੀ ਮੰਗ ਨੂੰ ਤੁਰੰਤ ਪ੍ਰਭਾਵ ਤੋਂ ਪ੍ਰਵਾਨ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਇਹ ਸਮਾਂ ਸੀਮਾ ਪਹਿਲਾਂ 15 ਮਾਰਚ ਨੂੰ ਖ਼ਤਮ ਹੋ ਰਹੀ ਸੀ, ਜੋ ਕਿ ਹੁਣ 15 ਮਈ ਤੱਕ ਵਧਾ ਦਿੱਤੀ ਗਈ ਹੈ।

Advertisement

Advertisement
Author Image

Advertisement