ਸੀਵਰੇਜ ਦੀ ਸਫ਼ਾਈ ਕਰ ਕੇ ਗੰਦਗੀ ਸੜਕ ’ਤੇ ਸੁੱਟੀ
ਪੱਤਰ ਪ੍ਰੇਰਕ
ਰਤੀਆ, 24 ਜੂਨ
ਜਨ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਸੀਵਰੇਜ ਦੀ ਸਫਾਈ ਕਰਦਿਆਂ ਗਾਰਾ ਸ਼ਹਿਰ ਦੇ ਮੁੱਖ ਮਾਰਗਾਂ ‘ਤੇ ਹੀ ਛੱਡੇ ਜਾਣ ਕਾਰਨ ਆਮ ਰਾਹਗੀਰਾਂ ਤੋਂ ਇਲਾਵਾ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਵਿਭਾਗ ਨੇ ਸੀਵਰੇਜ ‘ਚੋਂ ਕੱਢੇ ਗਏ ਕੂੜੇ ‘ਤੇ ਕਿਸੇ ਤਰ੍ਹਾਂ ਦਾ ਚੂਨਾ ਆਦਿ ਦਾ ਵੀ ਛਿੜਕਾਅ ਨਹੀਂ ਕੀਤਾ, ਜਿਸ ਕਰਕੇ ਆਸ-ਪਾਸ ਦੀਆਂ ਦੁਕਾਨਾਂ ਵਿਚ ਕੂੜੇ ਦੀ ਬਦਬੂ ਫੈਲ ਰਹੀ ਹੈ ਅਤੇ ਮੂੰਹ ਢਕ ਕੇ ਬੈਠਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ ਉਥੇ ਹੀ ਦੁਕਾਨਾਂ ‘ਤੇ ਆਉਣ ਵਾਲੇ ਗਾਹਕ ਵੀ ਕਾਫੀ ਪ੍ਰੇਸ਼ਾਨ ਹਨ।
ਦੁਕਾਨਦਾਰ ਹਰੀਸ਼ ਕੁਮਾਰ, ਗਗਨ ਕੁਮਾਰ, ਰਜਿੰਦਰ ਮਿਗਲਾਨੀ, ਸਤੀਸ਼ ਕੁਮਾਰ, ਹਰਬੰਸ ਲਾਲ, ਦਵਿੰਦਰ ਕੁਮਾਰ, ਰਾਜ ਕੁਮਾਰ, ਪ੍ਰਦੀਪ ਕੁਮਾਰ, ਨਰੇਸ਼ ਕੁਮਾਰ, ਅਤੁਲ ਕੁਮਾਰ, ਸੋਹਨ ਸਿੰਘ, ਹਰਬੰਸ ਲਾਲ ਆਦਿ ਨੇ ਕਿਹਾ ਕਿ ਜਨ ਸੁਰੱਖਿਆ ਵਿਭਾਗ ਨੇ ਮੌਨਸੂਨ ਨੂੰ ਦੇਖਦਿਆਂ ਰਾਤ ਸਮੇਂ ਹੀ ਸੀਵਰੇਜ ਦੀ ਸਫਾਈ ਕੀਤੀ ਸੀ ਪਰ ਵਿਭਾਗ ਦੇ ਕਰਮਚਾਰੀਆਂ ਨੇ ਸੀਵਰੇਜ ‘ਚੋਂ ਕੱਢਿਆ ਗਾਰਾ ਟਰੈਕਟਰ ਟਰਾਲੀ ਰਾਹੀਂ ਹੋਰ ਸਥਾਨ ‘ਤੇ ਸੁੱਟਣ ਦੀ ਬਜਾਏ ਸੜਕ ਦੇ ਵਿਚਕਾਰ ਹੀ ਛੱਡ ਦਿੱਤਾ। ਅੱਜ ਸਵੇਰੇ ਜਦੋਂ ਉਹ ਦੁਕਾਨਾਂ ‘ਤੇ ਆਏ ਤਾਂ ਇਸ ‘ਚੋਂ ਬਹੁਤ ਬਦਬੂ ਆ ਰਹੀ ਸੀ। ਲੋਕਾਂ ਨੂੰ ਸੜਕਾਂ ਤੋਂ ਲੰਘਣਾ ਮੁਸ਼ਕਿਲ ਹੋ ਗਿਆ ਸੀ। ਬਦਬੂ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਖੁਦ ਹੀ ਕਲੀ ਆਦਿ ਮੰਗਵਾ ਕੇ ਇਸ ‘ਤੇ ਪਾ ਦਿੱਤੀ। ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਗਾਰੇ ਨੂੰ ਤੁਰੰਤ ਚੁਕਵਾਉਣ ਤਾਂ ਕਿ ਕਿਸੇ ਵੀ ਦੁਕਾਨਦਾਰ ਤੋਂ ਇਲਾਵਾ ਬਾਜ਼ਾਰ ਵਿਚ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।
ਇਸ ਸਬੰਧੀ ਜਨ ਸਿਹਤ ਵਿਭਾਗ ਦੇ ਸੀਨੀਅਰ ਜੇਈ ਅਮਨ ਕੁਮਾਰ ਨੇ ਕਿਹਾ ਕਿ ਦੁਕਾਨਦਾਰਾਂ ਦੀ ਸਹੂਲਤ ਲਈ ਰਾਤ ਸਮੇਂ ਸੀਵਰੇਜ ਦੀ ਸਫਾਈ ਕੀਤੀ ਗਈ ਸੀ। ਕੂੜਾ ਗਿੱਲਾ ਹੋਣ ਕਾਰਨ ਮੌਕੇ ‘ਤੇ ਚੁੱਕਿਆ ਨਹੀਂ ਜਾ ਸਕਿਆ। ਜਿਵੇਂ ਹੀ ਇਹ ਕੂੜਾ ਸੁੱਕ ਜਾਵੇਗਾ, ਤੁਰੰਤ ਚੁਕਵਾ ਦਿੱਤਾ ਜਾਵੇਗਾ। ਇਸ ਸਬੰਧੀ ਉਨ੍ਹਾਂ ਦੇ ਵਿਭਾਗ ਦੇ ਕਰਮਚਾਰੀਆਂ ਦੀ ਵਿਸ਼ੇਸ਼ ਡਿਊਟੀ ਲਗਾ ਦਿੱਤੀ ਗਈ ਹੈ ਅਤੇ ਸਾਰੇ ਕਰਮਚਾਰੀ ਸਵੇਰੇ ਗਿੱਲੇ ਕੂੜੇ ਨੂੰ ਬਾਜ਼ਾਰ ਵਿਚੋਂ ਚੁੱਕ ਲੈਣਗੇ।