For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਵੱਲੋਂ ਨਿਯਮਾਂ ’ਚ ਸਖ਼ਤੀ ਤੋਂ ਬਾਅਦ ਵਿਦਿਆਰਥੀਆਂ ਨੇ ਹੋਰ ਦੇਸ਼ਾਂ ਦਾ ਰੁਖ਼ ਕੀਤਾ

08:52 AM Dec 10, 2023 IST
ਕੈਨੇਡਾ ਵੱਲੋਂ ਨਿਯਮਾਂ ’ਚ ਸਖ਼ਤੀ ਤੋਂ ਬਾਅਦ ਵਿਦਿਆਰਥੀਆਂ ਨੇ ਹੋਰ ਦੇਸ਼ਾਂ ਦਾ ਰੁਖ਼ ਕੀਤਾ
ਜਲੰਧਰ ਵਿੱਚ ਇਕ ਮਾਰਕੀਟ ਵਿੱਚ ਲੱਗੇ ਆਈਲੈਟਸ ਸੈਂਟਰਾਂ ਤੇ ਇਮੀਗ੍ਰੇਸ਼ਨ ਏਜੰਟਾਂ ਦੇ ਦਫ਼ਤਰਾਂ ਦੇ ਬੋਰਡ। -ਫੋਟੋ: ਮਲਕੀਅਤ ਸਿੰਘ
Advertisement

ਮੋਹਿਤ ਖੰਨਾ
ਪਟਿਆਲਾ, 9 ਦਸੰਬਰ
ਕੈਨੇਡਾ ਵੱਲੋਂ ਪਹਿਲੀ ਜਨਵਰੀ ਤੋਂ ਵਿਦੇਸ਼ੀ ਵਿਦਿਆਰਥੀਆਂ ਲਈ ਨਿਯਮ ਸਖਤ ਕੀਤੇ ਜਾਣ ਦੇ ਕੀਤੇ ਐਲਾਨ ਤੋਂ ਬਾਅਦ ਹੁਣ ਪੰਜਾਬ ਦੇ ਵਿਦਿਆਰਥੀਆਂ ਨੇ ਹੋਰ ਦੇਸ਼ਾਂ ’ਚ ਜਾਣ ਦੇ ਟੀਚੇ ਮਿੱਥ ਲਏ ਹਨ। ਇਹ ਵਿਦਿਆਰਥੀ ਹੁਣ ਖਾਸ ਕਰ ਕੇ ਆਸਟਰੇਲੀਆ ਤੇ ਨਿਊਜ਼ੀਲੈਂਡ ਜਾਣ ਦੀ ਯੋਜਨਾ ਘੜਨ ਲੱਗ ਪਏ ਹਨ। ਇਹ ਜਾਣਕਾਰੀ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਦੇ ਆਈਲੈਂਟਸ ਸੈਂਟਰਾਂ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੇ ਸਾਂਝੀ ਕੀਤੀ। ਪਹਿਲੀ ਜਨਵਰੀ ਤੋਂ ਕੈਨੇਡਾ ਵਿੱਚ ਸਟੱਡੀ ਵੀਜ਼ਾ ’ਤੇ ਜਾਣ ਵਾਲੇ ਪ੍ਰਤੀ ਵਿਦਿਆਰਥੀ ਕੋਲੋਂ ਗਾਰੰਟਿਡ ਇਨਵੈਸਟਮੈਂਟ ਸਰਟੀਫਿਕੇਟ (ਜੀਆਈਸੀ) ਦੀ ਰਾਸ਼ੀ ਦਸ ਹਜ਼ਾਰ ਡਾਲਰ (6.14 ਲੱਖ ਰੁਪਏ) ਤੋਂ ਵਧਾ ਕੇ 20,635 ਡਾਲਰ (12.67 ਲੱਖ ਰੁਪਏ) ਵਸੂਲੀ ਜਾਵੇਗੀ, ਜਿਸ ਕਰ ਕੇ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਦਰ ਵਿੱਚ ਵੱਡਾ ਨਿਘਾਰ ਦੇਖਣ ਨੂੰ ਮਿਲੇਗਾ। ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਇਮੀਗ੍ਰੇਸ਼ਨ ਏਜੰਟਾਂ ਅਤੇ ਆਇਲੈਟਸ ਸੈਂਟਰ ਚਲਾਉਣ ਵਾਲਿਆਂ ਦੀ ਚਿੰਤਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਸਰਕਾਰ ਨੇ ਨਿਯਮਾਂ ’ਚ ਢਿੱਲ ਨਾ ਦਿੱਤੀ ਤਾਂ ਪੰਜਾਬ ਦੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਛੋਟੀ ਬਾਰਾਂਦਰੀ ਵਿੱਚ ਇਕ ਏਜੰਟ ਕੋਲ ਸਟੱਡੀ ਵੀਜ਼ੇ ਬਾਰੇ ਜਾਣਕਾਰੀ ਲੈਣ ਆਏ ਸਨੌਰ ਦੇ ਸਨਮ ਸਿੰਘ ਨੇ ਦੱਸਿਆ ਕਿ ਕੈਨੇਡਾ ਵੱਲੋਂ ਨਿਯਮ ਸਖਤ ਕੀਤੇ ਜਾਣ ਤੋਂ ਬਾਅਦ ਉਸ ਨੇ ਕੈਨੇਡਾ ਜਾਣ ਦੀ ਯੋਜਨਾ ਰੱਦ ਕਰ ਦਿੱਤੀ ਹੈ ਅਤੇ ਉਹ ਹੁਣ ਨਿਊਜ਼ੀਲੈਂਡ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿੱਥੇ ਕੰਮ ਕਰਨ ਦਾ ਮਾਹੌਲ ਸਾਜ਼ਗਾਰ ਹੈ। ਪਟਿਆਲਾ ਦੀ ਪਲਕ ਨੇ ਦੱਸਿਆ ਕਿ ਉਹ ਵੀ ਕੈਨੇਡਾ ਦੀ ਥਾਂ ਆਸਟਰੇਲੀਆ ਜਾਣ ਦੀ ਯੋਜਨਾ ਬਣਾ ਰਹੀ ਹੈ ਜਿੱਥੇ ਜੀਆਈਸੀ ਦੇ ਪੈਸੇ ਦੇਣ ਦੀ ਲੋੜ ਨਹੀਂ ਹੈ ਜਦਕਿ ਕੈਨੇਡਾ ਲਈ ਹੁਣ ਪ੍ਰਤੀ ਵਿਦਿਆਰਥੀ 16 ਦੀ ਥਾਂ 25 ਲੱਖ ਰੁੁਪਏ ਖਰਚ ਕਰਨੇ ਪੈਣਗੇ। ਕੈਨੇਡੀਅਨ ਇਮੀਗਰੇਸ਼ਨ ਸਲਾਹਕਾਰ ਅਵਨੀਸ਼ ਜੈਨ ਨੇ ਦੱਸਿਆ ਕਿ ਜੀਆਈਸੀ ਦੀ ਰਕਮ ਵਧਣ ਕਾਰਨ ਇਮੀਗਰੇਸ਼ਨ ਸਨਅਤ ਵਿੱਚ ਚਿੰਤਾ ਦੀ ਲਹਿਰ ਹੈ। ਯੂਨੀਵਰਸਿਟੀ ਆਫ ਨੌਰਦਰਨ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੋਫੈਸਰ ਅਤੇ ਅਰਥਸ਼ਾਸਤਰੀ ਅਮਰਜੀਤ ਭੁੱਲਰ ਨੇ ਕਿਹਾ ਕਿ ਹੁਣ ਸਿਰਫ ਪੇਸ਼ੇਵਰ ਅਤੇ ਵਾਧੂ ਪੈਸੇ ਵਾਲੇ ਵਿਦਿਆਰਥੀ ਹੀ ਕੈਨੇਡਾ ਜਾਣ ਬਾਰੇ ਸੋਚਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 1.36 ਲੱਖ ਪੰਜਾਬੀ ਵਿਦਿਆਰਥੀ ਕੈਨੇਡਾ ਪੜ੍ਹਨ ਗਏ ਸਨ ਅਤੇ ਇਕ ਸਾਲ ਵਿੱਚ ਪੰਜਾਬੀ ਵਿਦਿਆਰਥੀਆਂ ਨੇ 68,000 ਕਰੋੜ ਰੁਪਏ ਸਿੱਖਿਆ ’ਤੇ ਖਰਚ ਕੀਤੇ ਸਨ।

Advertisement

ਜੀਆਈਸੀ ਦੀ ਥਾਂ ਹੋਰ ਸਮੱਸਿਆਵਾਂ ਕਾਰਨ ਵਿਦਿਆਰਥੀ ਅਸੰਤੁਸ਼ਟ

ਜਲੰਧਰ (ਅਵਨੀਤ ਕੌਰ): ਕੈਨੇਡਾ ਸਰਕਾਰ ਵੱਲੋਂ ਹਾਲ ਹੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਲਈ ਨਿਯਮ ਸਖ਼ਤ ਕੀਤੇ ਜਾਣ ਤੋਂ ਬਾਅਦ ਪੰਜਾਬੀ ਵਿਦਿਆਰਥੀਆਂ ਵਿੱਚ ਬੇਚੈਨੀ ਵਧ ਗਈ ਹੈ। ਇਹ ਵਿਦਿਆਰਥੀ ਕਹਿ ਰਹੇ ਹਨ ਕਿ ਕੈਨੇਡਾ ਸਰਕਾਰ ਨੇ ਕਾਲਜ ਫੀਸ, ਕਿਰਾਏ ’ਤੇ ਕੰਟਰੋਲ ਅਤੇ ਵਾਜ਼ਬਿ ਦਰ ’ਤੇ ਰਿਹਾਇਸ਼ ਮੁਹੱਈਆ ਕਰਵਾਉਣ ਦੀ ਥਾਂ ਵਿਦੇਸ਼ੀ ਵਿਦਿਆਰਥੀਆਂ ਲਈ ਚੁਣੌਤੀਆਂ ਵਧਾ ਦਿੱਤੀਆਂ ਹਨ। ਜਲੰਧਰ ਦੀ ਰਹਿਣ ਵਾਲੀ ਤੇ ਟੋਰਾਂਟੋ ਵਿੱਚ ਵਰਕ ਪਰਮਿਟ ’ਤੇ ਕੰਮ ਕਰ ਰਹੀ ਮਨਪ੍ਰੀਤ ਕੌਰ ਨੇ ਦਲੀਲ ਦਿੱਤੀ ਕਿ ਨਵੇਂ ਨਿਯਮਾਂ ਨਾਲ ਵਿਦੇਸ਼ੀ ਵਿਦਿਆਰਥੀ ਖਾਸੇ ਪ੍ਰਭਾਵਿਤ ਹੋਣਗੇ। ਉਸ ਨੇ ਦੱਸਿਆ ਕਿ ਵਿਦਿਅਕ ਸੰਸਥਾਵਾਂ ’ਤੇ ਸਾਲ 2024 ਤੋਂ ਬਾਅਦ ਦੀਆਂ ਪਾਬੰਦੀਆਂ ਵਿਦਿਆਰਥੀਆਂ ਨੂੰ ਆਪਣੇ ਪਸੰਦੀਦਾ ਸੂਬੇ ਦੀ ਚੋਣ ਕਰਨ ਜਾਂ ਆਪਣੇ ਲੋੜੀਂਦੇ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਲਈ ਅੜਿੱਕੇ ਪੈਦਾ ਕਰ ਸਕਦੀਆਂ ਹਨ। ਬਾਰ੍ਹਵੀਂ ਦੀ ਵਿਦਿਆਰਥਣ ਮਨਪ੍ਰੀਤ ਕੌਰ ਅਗਲੇ ਸਾਲ ਸਤੰਬਰ ਵਿੱਚ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੀ ਹੈ। ਜੀਆਈਸੀ ਦੀ ਰਾਸ਼ੀ ਦੁੱਗਣੀ ਹੋਣ ਦੇ ਨਿਯਮਾਂ ਕਾਰਨ ਉਸ ਨੂੰ ਆਪਣੇ ਪਰਿਵਾਰ ਦੀ ਵਿੱਤੀ ਹਾਲਤ ਦੀ ਚਿੰਤਾ ਸਤਾ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਪਹਿਲਾਂ ਪੜ੍ਹਾਈ ਲਈ 15 ਲੱਖ ਰੁਪਏ ਦਾ ਕਰਜ਼ਾ ਲੈਣ ਦਾ ਸੋਚ ਰਹੇ ਸਨ ਪਰ ਜੀਆਈਸੀ ਦੀ ਰਾਸ਼ੀ ਦੁੱਗਣੀ ਹੋਣ ਕਾਰਨ ਉਨ੍ਹਾਂ ਨੂੰ ਹੋਰ 10 ਲੱਖ ਰੁਪਏ ਦਾ ਕਰਜ਼ਾ ਲੈਣਾ ਪਵੇਗਾ। ਉਸ ਨੇ ਕਿਹਾ ਕਿ ਸਿਰਫ ਕੈਨੇਡਾ ਹੀ ਅਜਿਹਾ ਦੇਸ਼ ਹੈ ਜੋ ਕਿ ਘੱਟ ਸਮੇਂ ਵਿੱਚ ਸਥਾਈ ਨਾਗਰਿਕਤਾ ਪ੍ਰਦਾਨ ਕਰਦਾ ਹੈ। ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਤਿੰਨ ਸਾਲਾਂ ਬਾਅਦ ਸਥਾਈ ਨਾਗਰਿਕ ਬਣਨ ਦੇ ਮੌਕੇ ਮਿਲਣ ਕਾਰਨ ਇਹ ਤਰਜੀਹੀ ਮੁਲਕ ਹੈ। ਜਲੰਧਰ ਵਿੱਚ ਪਿਰਾਮਿਡ ਈ-ਸਰਵਿਸਿਜ਼ ਦੇ ਭਵਨੂਰ ਬੇਦੀ ਨੇ ਕਿਹਾ ਕਿ ਕੈਨੇਡਾ ਵਿੱਚ ਵਧਦੇ ਰਿਹਾਇਸ਼ੀ ਸੰਕਟ ਅਤੇ ਮੌਜੂਦਾ ਸਰਕਾਰ ਨੂੰ ਸਥਾਨਕ ਭਾਈਚਾਰੇ ਵੱਲੋਂ ਮਿਲ ਰਹੀ ਪ੍ਰਤੀਕਿਰਿਆ ਕਾਰਨ ਅਜਿਹੇ ਨਿਯਮਾਂ ਦੀ ਤਵੱਕੋ ਕੀਤੀ ਜਾ ਰਹੀ ਸੀ। ਕੈਨੇਡਾ ਸਰਕਾਰ ਸੰਘਣੀ ਆਬਾਦੀ ਵਾਲੇ ਖੇਤਰਾਂ ਗਰੇਟਰ ਟੋਰਾਂਟੋ, ਵੈਨਕੂਵਰ, ਸਰੀ ਅਤੇ ਬਰੈਂਪਟਨ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨਾ ਚਾਹੁੰਦੀ ਹੈ।

Advertisement

ਆਸਟਰੇਲੀਆ ਵਿੱਚ 7 ਤੋਂ 13 ਲੱਖ ਪ੍ਰਤੀ ਸਮੈਸਟਰ ਖਰਚਾ

ਆਸਟਰੇਲੀਆ ਵਿੱਚ ਕੈਨੇਡਾ ਨਾਲੋਂ ਨਿਯਮ ਆਸਾਨ ਹਨ। ਇੱਥੇ ਵਿਦਿਆਰਥੀਆਂ ਨੂੰ ਜੀਆਈਸੀ ਰਾਸ਼ੀ ਜਮ੍ਹਾਂ ਨਹੀਂ ਕਰਵਾਉਣੀ ਪੈਂਦੀ ਹੈ ਅਤੇ ਸਿਰਫ ਸਮੈਸਟਰ ਦੇ ਪੈਸੇ ਹੀ ਤਾਰਨੇ ਪੈਂਦੇ ਹਨ। ਇੱਥੇ ਵੱਖ-ਵੱਖ ਕੋਰਸਾਂ ਅਨੁਸਾਰ ਪ੍ਰਤੀ ਸਮੈਸਟਰ ਫੀਸ 7 ਤੋਂ 13 ਲੱਖ ਰੁਪਏ ਹੈ। ਉੱਥੇ ਨਰਸਿੰਗ ਦਾ ਕੋਰਸ ਮਹਿੰਗਾ ਹੈ ਜਦਕਿ ਪ੍ਰਾਹੁਣਾਚਾਰੀ ਦਾ ਕੋਰਸ ਕਰਨ ਦੀ ਪ੍ਰਤੀ ਸਮੈਸਟਰ ਫੀਸ 6 ਤੋਂ 7 ਲੱਖ ਰੁਪਏ ਹੈ। ਇਸ ਤੋਂ ਇਲਾਵਾ ਆਸਟਰੇਲੀਆ ਵਿੱਚ ਮੈਡੀਕਲ ਦਾ ਕੋਰਸ ਕਰਨ ਲਈ 7.50 ਤੋਂ 8 ਬੈਂਡ ਜਦਕਿ ਪ੍ਰਾਹੁਣਾਚਾਰੀ ਦਾ ਕੋਰਸ ਕਰਨ ਲਈ 6 ਬੈਂਡ ਹਾਸਲ ਕਰਨੇ ਜ਼ਰੂਰੀ ਹਨ।

Advertisement
Author Image

sukhwinder singh

View all posts

Advertisement