ਮੱਧ ਪ੍ਰਦੇਸ਼ ’ਚ ਪ੍ਰਚਾਰ ਕਰ ਕੇ ਪਰਤੇ ‘ਆਪ’ ਆਗੂਆਂ ਵੱਲੋਂ ਭਰਵੇਂ ਹੁੰਗਾਰੇ ਦਾ ਦਾਅਵਾ
ਪਟਿਆਲਾ (ਖੇਤਰੀ ਪ੍ਰਤੀਨਿਧ): ਕੁਝ ਮਹੀਨਿਆਂ ਬਾਅਦ ਮੱਧ ਪ੍ਰਦੇਸ਼ ’ਚ ਹੋ ਜਾ ਰਹੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਵੱਲੋਂ ਨਿੱਤਰਨ ਦੀ ਰਣਨੀਤੀ ਤਹਿਤ ਪੰਜਾਬ ਦੇ ‘ਆਪ’ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਇਸ ਕੜੀ ਵਜੋਂ ਪਟਿਆਲਾ ਨਾਲ਼ ਸਬੰਧਤ ਕਈ ‘ਆਪ’ ਆਗੂ ਕਈ ਹਫਤੇ ਉੱਥੇ ਲਾ ਕੇ ਹਾਲ ਹੀ ’ਚ ਪਰਤੇ ਹਨ। ਇਨ੍ਹਾਂ ਆਗੂਆਂ ਵਿੱਚ ਪੀਆਰਟੀਸੀ ਦੇ ਚੇਅਰਮੈਨ ਤੇ ‘ਆਪ’ ਦੇ ਬੀਸੀ ਵਿੰਗ ਦੇ ਸੂਬਾਈ ਪ੍ਰਧਾਨ ਰਣਜੋਧ ਸਿੰਘ ਹਡਾਣਾ, ‘ਆਪ’ ਦੇ ਪਟਿਆਲਾ ਲੋਕ ਸਭਾ ਹਲਕੇ ਦੇ ਇੰਚਾਰਜ ਤੇ ਸੂਬਾਈ ਬੁਲਾਰੇ ਇੰਦਰਜੀਤ ਸਿੰਘ ਸੰਧੂ, ‘ਆਪ’ ਦੀ ਸ਼ਹਿਰੀ ਇਕਾਈ ਪਟਿਆਲਾ ਦੇ ਪ੍ਰਧਾਨ ਤੇਜਿੰਦਰ ਮਹਿਤਾ, ਮੁਲਾਜ਼ਮ ਵਿੰਗ ਦੇ ਸੂਬਾਈ ਆਗੂ ਅਮਰੀਕ ਸਿੰਘ ਬੰਗੜ, ਜਗਦੀਪ ਸਿੰਘ ਜੱਗਾ ਸਮੇਤ ਕਈ ਹੋਰਾਂ ਦੇ ਨਾਮ ਸ਼ਾਮਲ ਹਨ। ਇੰਦਰਜੀਤ ਸੰਧੂ ਦਾ ਕਹਿਣਾ ਹੈ ਕਿ ਉਹ ਤਿੰਨ ਮਹੀਨੇ ਐਮ.ਪੀ ’ਚ ਪਾਰਟੀ ਦਾ ਪ੍ਰਚਾਰ ਕਰਕੇ ਆਏ ਹਨ। ਇਸੇ ਤਰ੍ਹਾਂ ਤੇਜਿੰਦਰ ਮਹਿਤਾ ਵੀ ਕਰੀਬ ਮਹੀਨਾ ਉੱਥੇ ਲਾ ਕੇ ਆਏ ਹਨ। ਰਣਜੋਧ ਹਡਾਣਾ ਵੀ ਪਿਛਲੇ ਦਿਨੀਂ ਪੰਦਰਾਂ ਦਿਨਾਂ ਮਗਰੋਂ ਪਰਤੇ ਹਨ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ਵਿਚ ਵੀ ‘ਆਪ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਆਗੂਆਂ ਨੇ ਉਥੋਂ ਦੇ ਲੋਕਾਂ ’ਚ ਆਪ ਸਮੇਤ ਦਿੱਲੀ ਅਤੇ ਪੰਜਾਬ ਸਰਕਾਰ ਬਾਰੇ ਵੀ ਪ੍ਰਚਾਰ ਕੀਤਾ ਹੈ।