ਰੋਕਾਂ ਤੋੜ ਕੇ ਮੁੜ ਭਾਖੜਾ ਨਹਿਰ ਦੇ ਕਮਜ਼ੋਰ ਪੁਲ ਤੋਂ ਲੰਘਣ ਲੱਗੇ ਟਿੱਪਰ
ਜਗਮੋਹਨ ਸਿੰਘ
ਘਨੌਲੀ, 11 ਜੂਨ
ਅੰਬੂਜਾ ਸੀਮਿੰਟ ਫੈਕਟਰੀ ਵੱਲੋਂ ਬਣਾਏ ਵਧੀਆ ਮਾਰਗ ਨੂੰ ਛੱਡ ਕੇ ਭਾਖੜਾ ਨਹਿਰ ਦੀ ਕੱਚੀ ਪਟੜੀ ਅਤੇ ਤੰਗ ਪੁਲ ਤੋਂ ਲੰਘ ਕੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀਆਂ ਸੁਆਹ ਵਾਲੀਆਂ ਝੀਲਾਂ ਵਿੱਚੋਂ ਰਾਖ ਲੈਣ ਆਉਂਦੇ ਟਿੱਪਰ ਚਾਲਕਾਂ ਨੇ ਫਿਰ ਤੋਂ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਪਿੰਡ ਰਾਵਲਮਾਜਰਾ ਦੇ ਵਸਨੀਕ ਅਤੇ ਸਾਬਕਾ ਜੀਓਜੀ ਜਗਪਾਲ ਸਿੰਘ, ਬਲਜੀਤ ਸਿੰਘ ਰਾਵਲਮਾਜਰਾ, ਮੁਲਾਜ਼ਮ ਆਗੂ ਪ੍ਰਗਟ ਸਿੰਘ ਬਰਾੜ, ਪਿੰਡ ਅਲੀਪੁਰ ਦੇ ਨੰਬਰਦਾਰ ਪ੍ਰਗਟ ਸਿੰਘ, ਅਮਰਜੀਤ ਸਿੰਘ ਅਲੀਪੁਰ ਆਦਿ ਨੇ ਦੱਸਿਆ ਕਿ ਅੰਬੂਜਾ ਫੈਕਟਰੀ ਅਤੇ ਥਰਮਲ ਪਲਾਂਟ ਦੇ ਭਾਰੀ ਵਾਹਨਾਂ ਦੀ ਆਵਾਜਾਈ ਲਈ ਅੰਬੂਜਾ ਮਾਰਗ ਬਣਿਆ ਹੋਇਆ ਹੈ, ਜਦੋਂ ਕਿ ਥਰਮਲ ਪਲਾਂਟ ਦੇ ਮੁਲਾਜ਼ਮਾਂ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਦੇ ਹਲਕੇ ਵਾਹਨਾਂ ਦੀ ਆਵਾਜਾਈ ਲਈ ਥਰਮਲ ਪ੍ਰਸ਼ਾਸਨ ਵੱਲੋਂ ਭਾਖੜਾ ਨਹਿਰ ਦੀ ਪਟੜੀ ਨੂੰ ਪੱਕਾ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਅੰਬੂਜਾ ਫੈਕਟਰੀ ਨੇੜੇ ਚੱਲ ਰਹੇ ਰੋਸ ਧਰਨੇ ਕਾਰਨ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਸੁਆਹ ਲੈਣ ਆਉਂਦੇ ਟਿੱਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਹਲਕੇ ਵਾਹਨਾਂ ਦੀ ਆਵਾਜਾਈ ਲਈ ਬਣੀ ਸੜਕ ਤੋਂ ਜ਼ਬਰਦਸਤੀ ਲੰਘਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟਿੱਪਰ ਚਾਲਕ ਸੁਆਹ ਭਰਨ ਉਪਰੰਤ ਨਿਯਮਾਂ ਅਨੁਸਾਰ ਟਿੱਪਰਾਂ ਨੂੰ ਅੰਬੂਜਾ ਫੈਕਟਰੀ ਵੱਲੋਂ ਝੀਲਾਂ ਦੇ ਪ੍ਰਵੇਸ਼ ਦੁਆਰ ‘ਤੇ ਬਣਾਏ ਵਾਸ਼ਿੰਗ ਸਟੇਸ਼ਨ ‘ਤੇ ਲਿਜਾ ਕੇ ਪਾਣੀ ਵੀ ਨਹੀਂ ਛਿੜਕਦੇ, ਜਿਸ ਕਾਰਨ ਟਿੱਪਰਾਂ ਵਿੱਚੋਂ ਐਨੀ ਸੁਆਹ ਉੱਡਦੀ ਹੈ ਕਿ ਦੋ- ਪਹੀਆ ਵਾਹਨਾਂ ਦਾ ਇਸ ਸੜਕ ਤੋਂ ਲੰਘਣਾ ਕਾਫੀ ਮੁਸ਼ਕਲ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਜਿੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਨੇ ਨਹਿਰ ਦੀ ਕੱਚੀ ਪਟੜੀ ‘ਤੇ ਰੋਕਾਂ ਲਗਾ ਕੇ ਟਿੱਪਰਾਂ ਦਾ ਲਾਂਘਾ ਬੰਦ ਕਰ ਦਿੱਤਾ ਸੀ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਟਿੱਪਰ ਦਿਨ ਦੀ ਬਜਾਇ ਰਾਤ ਨੂੰ 8 ਵਜੇ ਤੋਂ ਬਾਅਦ ਚਲਾਉਣ ਦੀ ਹਦਾਇਤ ਕਰ ਦਿੱਤੀ ਸੀ, ਪਰ ਟਿੱਪਰ ਚਾਲਕਾਂ ਨੇ ਬੀਬੀਐੱਮਬੀ ਵੱਲੋਂ ਕੱਚੀ ਪਟੜੀ ‘ਤੇ ਲਗਾਈਆਂ ਰੋਕਾਂ ਪੁੱਟ ਦਿੱਤੀਆਂ ਹਨ ਅਤੇ ਰਾਤ ਦੀ ਬਜਾਇ ਦਿਨ ਵਿੱਚ ਹੀ ਟਿੱਪਰ ਲਿਆਉਣੇ ਸ਼ੁਰੂ ਕਰ ਦਿੱਤੇ ਹਨ। ਚਾਲਕਾਂ ਵੱਲੋਂ ਸੁਆਹ ਵਾਲੇ ਟਿੱਪਰਾਂ ‘ਤੇ ਪਾਣੀ ਨਾ ਛਿੜਕੇ ਜਾਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਕਾਫੀ ਵਧ ਗਈਆਂ ਹਨ।
ਰੋਕਾਂ ਤੋੜਨ ਵਾਲਿਆਂ ਖਿਲਾਫ ਕਾਰਵਾਈ ਕਰਾਂਗੇ:- ਐਸ.ਡੀ.ਓ.
ਬੀਬੀਐੱਮਬੀ ਦੇ ਐੱਸਡੀਓ ਸਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਟਿੱਪਰ ਚਾਲਕਾਂ ਵੱਲੋਂ ਰੋਕਾਂ ਤੋੜੇ ਜਾਣ ਸਬੰਧੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਮੌਕਾ ਦੇਖ ਕੇ ਰੋਕਾਂ ਤੋੜਨ ਵਾਲੇ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕਰਵਾਉਣਗੇ ਤੇ ਨਹਿਰ ਦੇ ਕਮਜ਼ੋਰ ਪੁਲ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰਨ ਲਈ ਲੋੜੀਂਦੇ ਯਤਨ ਕਰਨਗੇ।