ਆਖ਼ਰ ਹੜਤਾਲੀ ਮੁਲਾਜ਼ਮਾਂ ’ਤੇ ਪਈ ਸਰਕਾਰ ਦੀ ਨਜ਼ਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਅਗਸਤ
ਦੋ ਹਫਤਿਆਂ ਤੋਂ ਸੂਬਾਈ ਹੜਤਾਲ ’ਤੇ ਚੱਲ ਰਹੇ ਪੰਜਾਬ ਦੇ ਹਜ਼ਾਰਾਂ ਕਲੈਰੀਕਲ ਮੁਲਾਜ਼ਮਾਂ ’ਤੇ ਆਖਰ ਸਰਕਾਰ ਦੀ ਨਜ਼ਰ ਪੈ ਹੀ ਗਈ ਹੈ। ਮੁਲਾਜ਼ਮਾਂ ਦਾ ਸੰਘਰਸ਼ ਤਿੱਖਾ ਹੁੰਦਾ ਦੇਖ ਸਰਕਾਰ ਨੇ ਆਖਰ ਅੱਜ ਸੱਦਾ ਭੇਜ ਕੇ 20 ਅਗਸਤ ਲਈ ਮੁਲਾਜ਼ਮਾਂ ਦੇ ਆਗੂਆਂ ਨੂੰ ਗੱਲਬਾਤ ਲਈ ਸੱਦ ਲਿਆ ਹੈ। ਜਾਣਕਾਰੀ ਅਨੁਸਾਰ ਸੂਬੇ ਦੇ ਲਗਪਗ 70 ਹਜ਼ਾਰ ਕਲੈਰੀਕਲ ਮੁਲਾਜ਼ਮਾਂ ਨੇ 19 ਤੋਂ 21 ਅਗਸਤ ਤੱਕ ਸਮੂਹਿਕ ਛੁੱਟੀ ਲਈ ਹੋਈ ਹੈ। ਇਨ੍ਹਾਂ ਛੁੱਟੀਆਂ ’ਚ ਉਨ੍ਹਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ, ਜਿਸ ਕਾਰਨ ਦਫ਼ਤਰਾਂ ਵਿੱਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਡਾਢੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਾਜ਼ਮ ਨਵੀਂ ਭਰਤੀ ’ਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ, ਪੁਨਰਗਠਨ ਦੇ ਨਾਂ ’ਤੇ ਜਲ ਸਰੋਤ ਵਿਭਾਗ ਦੀਆਂ ਹਜ਼ਾਰਾਂ ਅਸਾਮੀਆਂ ਖ਼ਤਮ ਕਰਨ ਅਤੇ ਮੁਬਾਈਲ ਭੱਤੇ ’ਚ ਕਟੌਤੀ ਦੇ ਵਿਰੋਧ ਕਰ ਰਹੇ ਹਨ। ਯੂਨੀਅਨ ਦੇ ਬੁਲਾਰੇ ਤੇ ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਸਰਕਾਰ ਵੱਲੋਂ ਮਿਲੇ ਸੱਦੇ ਤਹਿਤ 20 ਅਗਸਤ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਨਗੇ। ਸੂਬਾਈ ਆਗੂਆਂ ਸਖਚੈਨ ਖਹਿਰਾ, ਨਛੱਤਰ ਸਿੰਘ ਭਾਈਰੂਪਾ, ਖੁਸ਼ਵਿੰਦਰ ਕਪਿਲਾ, ਗੁਰਮੀਤ ਵਾਲੀਆ ਨੇ ਕਿਹਾ ਕਿ ਸੰਘਰਸ਼ ਸਬੰਧੀ ਅਗਲਾ ਫੈਸਲਾ ਮੀਟਿੰਗ ਦੇ ਸਿੱਟਿਆਂ ’ਤੇ ਹੀ ਆਧਾਰਿਤ ਹੋਵੇਗਾ।
ਰਾਜਸੀ ਆਗੂਆਂ ਵੱਲੋਂ ਮੁਲਾਜ਼ਮ ਮੰਗਾਂ ਦੀ ਹਮਾਇਤ
ਵੱਖ ਵੱਖ ਰਾਜਸੀ ਆਗੂਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ ਹੈ। ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਢੀਂਡਸਾ, ਗੁਰਸੇਵ ਹਰਪਾਲਪੁਰ, ਤੇਜਿੰਦਰਪਾਲ ਸੰਧੂ, ਰਣਧੀਰ ਸਮੂਰਾਂ, ਸਤਗੁਰ ਨਮੋਲ਼, ਅਕਾਲੀ ਦਲ ਬਾਦਲ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਆਪ ਵਿਧਾਇਕ ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ, ਬਸਪਾ ਆਗੂ ਜੋਗਾ ਸਿੰਘ ਪਨੌਦੀਆਂ, ਬਲਦੇਵ ਸਿੰਘ ਖੈਰਪੁਰ ਨੇ ਵੱਖ ਵੱਖ ਬਿਆਨਾ ਰਾਹੀਂ ਮੁਲਾਜ਼ਮਾਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ, ਇਨ੍ਹਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦਿਆਂ ਦੀ ਪੂਰਤੀ ਦੀ ਜਗ੍ਹਾ ਪੰਜਾਬ ਸਰਕਾਰ ਨਿੱਤ ਦਿਨ ਮੁਲਾਜ਼ਮ ਵਿਰੋਧੀ ਫੈਸਲੇ ਲੈ ਰਹੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਇਸ ਹੜਤਾਲ ਦੌਰਾਨ ਜਿਥੇ ਆਮ ਲੋਕਾਂ ਅਤੇ ਮੁਲਾਜ਼ਮਾਂ ਦੀ ਖੱਜਲ ਖੁਆਰੀ ਹੋਈ ਹੈ, ਉਥੇ ਹੀ ਸਰਕਾਰ ਦਾ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਕਰਕੇ ਸਰਕਾਰ ਤੁਰੰਤ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਕਰੇ।