ਕੌਮੀ ਰਾਜਧਾਨੀ ਵਿੱਚ 12 ਸਾਲਾਂ ਮਗਰੋਂ ਮੀਂਹ ਦਾ ਰਿਕਾਰਡ ਟੁੱਟਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਗਸਤ
ਇੱਥੇ ਅੱਜ ਤੜਕੇ ਕੌਮੀ ਰਾਜਧਾਨੀ ਅਤੇ ਐੱਨਸੀਆਰ ਖੇਤਰ ਵਿੱਚ ਕਾਫ਼ੀ ਮੀਂਹ ਪਿਆ। ਇਸ ਦੌਰਾਨ ਪਹਿਲਾਂ ਬੱਦਲ ਗਰਜਿਆ, ਬਿਜਲੀ ਕੜਕੀ ਅਤੇ ਮਗਰੋਂ ਤੇਜ਼ ਮੋਹਲੇਧਾਰ ਮੀਂਹ ਪਿਆ। ਇਸ ਮਗਰੋਂ ਦੱਖਣੀ ਅਤੇ ਮੱਧ ਦਿੱਲੀ ਵਿੱਚ ਵੀ ਕਈ ਥਾਵਾਂ ’ਤੇ ਮੀਂਹ ਪਿਆ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਭਰਨ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਨਜ਼ਰ ਆਏ। ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਗਾਜੀਆਬਾਦ, ਨੋਇਡਾ, ਗਰੇਟਰ ਨੋਇਡਾ ਵਿੱਚ ਸੜਕਾਂ ’ਤੇ ਪਾਣੀ ਭਰ ਗਿਆ।
ਭਾਰਤ ਦੇ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ ਦਿੱਲੀ ਦੇ ਕਈ ਹਿੱਸਿਆਂ ਵਿੱਚ ਮੰਗਲਵਾਰ ਵੀ ਦੁਪਹਿਰ ਨੂੰ ਮੀਂਹ ਪਿਆ ਸੀ। ਇਸ ਕਾਰਨ ਘੱਟੋ-ਘੱਟ ਤਾਪਮਾਨ 22.2 ਡਿਗਰੀ ਸੈਲਸੀਅਸ ਰਿਹਾ, ਜੋ ਸੀਜ਼ਨ ਦੀ ਔਸਤ ਤੋਂ ਚਾਰ ਡਿਗਰੀ ਘੱਟ ਸੀ। ਆਈਐੱਮਡੀ ਨੇ 26 ਅਗਸਤ ਨੂੰ ਕੌਮੀ ਰਾਜਧਾਨੀ ਲਈ ਬੁੱਧਵਾਰ ਲਈ ‘ਪੀਲਾ’ ਅਲਰਟ ਜਾਰੀ ਕੀਤਾ ਸੀ, ਜਿਸ ਵਿੱਚ ਸ਼ਹਿਰ ਵਿੱਚ ਆਮ ਤੌਰ ’ਤੇ ਬੱਦਲਵਾਈ ਵਾਲੇ ਅਸਮਾਨ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ। ਦਿੱਲੀ ਗੇਟ, ਚਾਣਕਿਆਪੁਰੀ, ਮਹਿਰੌਲੀ-ਗੁਰੂਗਰਾਮ ਦੇ ਇਲਾਕਿਆਂ ਵਿੱਚ, ਆਸ਼ਰਮ, ਭੋਗਲ ਵਿੱਚ ਥਾਂ ਥਾਂ ਪਾਣੀ ਭਰਿਆ। ਸਾਰਾ ਦਿਨ ਦਿੱਲੀ ਐੱਨਸੀਆਰ ਵਿੱਚ ਮੱਧਮ ਬਾਰਿਸ਼ ਦੇ ਨਾਲ-ਨਾਲ ਬੱਦਲ ਛਾਏ ਰਹੇ। ਤਾਪਮਾਨ 34 ਤੋਂ 23 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ।
ਅਧਿਕਾਰੀਆਂ ਅਨੁਸਾਰ ਦਿੱਲੀ ਵਿੱਚ ਪਿਛਲੇ 14 ਸਾਲਾਂ ਵਿੱਚ ਅਗਸਤ ਵਿੱਚ ਸਭ ਤੋਂ ਵੱਧ ਦਿਨ ਮੀਂਹ ਪਿਆ ਹੈ। ਮੌਸਮ ਦੇ ਅੰਕੜਿਆਂ ਅਨੁਸਾਰ 2012 ਵਿੱਚ ਸਭ ਤੋਂ ਵੱਧ 22 ਬਰਸਾਤੀ ਦਿਨ ਦਰਜ ਕੀਤੇ ਗਏ ਸਨ। ਇਸ ਤੋਂ ਬਾਅਦ 2011 ਵਿੱਚ 20 ਦਿਨ ਦਰਜ ਕੀਤੇ ਗਏ ਸਨ। 2024 ਅਗਸਤ ਵਿੱਚ 23 ਦਿਨ ਮੀਂਹ ਪੈ ਚੁੱਕਿਆ ਹੈ ਅਜੇ ਇਸ ਮਹੀਨੇ ਦੇ ਤਿੰਨ ਦਿਨ ਹੋਰ ਹਨ।
ਦਿੱਲੀ ਵਿੱਚ 291.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਜੋ ਕਿ ਹੁਣ ਤੱਕ ਪਿਛਲੇ ਦਹਾਕੇ ਵਿੱਚ ਸਭ ਤੋਂ ਵੱਧ ਹੈ। 12 ਸਾਲਾਂ ਮਗਰੋਂ ਰਿਕਾਰਡ ਟੁੱਟ ਰਿਹਾ ਹੈ। ਭਲਕੇ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।