AFSPA extended for 6 months: MHA: ਮਨੀਪੁਰ, ਅਰੁਣਾਚਲ ਪ੍ਰਦੇਸ਼ ਤੇ ਨਾਗਾਲੈਂਡ ਦੇ ਕੁਝ ਹਿੱਸਿਆਂ ’ਚ ਅਫਸਪਾ ਛੇ ਮਹੀਨੇ ਲਈ ਵਧਾਇਆ
ਨਵੀਂ ਦਿੱਲੀ, 30 ਮਾਰਚ
ਕੇਂਦਰੀ ਗ੍ਰਹਿ ਮੰਤਰਾਲੇ ਨੇ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (ਅਫਸਪਾ) ਨੂੰ ਮਨੀਪੁਰ ਦੇ 13 ਪੁਲੀਸ ਸਟੇਸ਼ਨ ਖੇਤਰਾਂ ਨੂੰ ਛੱਡ ਕੇ ਸਾਰੇ ਮਨੀਪੁਰ ਵਿਚ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਤੇ ਨਾਗਾਲੈਂਡ ਦੇ ਕੁਝ ਜ਼ਿਲ੍ਹਿਆਂ ਵਿਚ ਵੀ ਅਫਸਪਾ ਵਧਾਇਆ ਗਿਆ ਹੈ।
ਇਹ ਪਤਾ ਲੱਗਿਆ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਤਿਰਪ, ਚਾਂਗਲਾਂਗ ਅਤੇ ਲੋਂਗਡਿੰਗ ਜ਼ਿਲ੍ਹਿਆਂ ਅਤੇ ਸੂਬੇ ਦੇ ਤਿੰਨ ਪੁਲੀਸ ਥਾਣਾ ਖੇਤਰਾਂ ਵਿਚ ਅਫਸਪਾ ਛੇ 6 ਮਹੀਨਿਆਂ ਲਈ ਵਧਾਇਆ ਗਿਆ ਹੈ। ਇਸ ਤੋਂ ਇਲਾਵਾ ਨਾਗਾਲੈਂਡ ਦੇ ਕਈ ਜ਼ਿਲ੍ਹਿਆਂ ਵਿੱਚ ਅਫਸਪਾ ਛੇ ਮਹੀਨਿਆਂ ਲਈ ਵਧਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਮਨੀਪੁਰ ਵਿੱਚ ਹਿੰਸਾ ਕਾਰਨ ਅਫਸਪਾ ਵਧਾਇਆ ਗਿਆ ਹੈ। ਇਹ ਕਾਨੂੰਨ ਹਿੰਸਾਂ ਵਾਲੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਹਥਿਆਰਬੰਦ ਬਲਾਂ ਨੂੰ ਲੋੜ ਪੈਣ ’ਤੇ ਤਲਾਸ਼ੀ ਲੈਣ, ਗ੍ਰਿਫ਼ਤਾਰ ਕਰਨ ਅਤੇ ਗੋਲੀਬਾਰੀ ਕਰਨ ਦੀਆਂ ਵਿਆਪਕ ਸ਼ਕਤੀਆਂ ਦਿੰਦਾ ਹੈ।
ਮਨੀਪੁਰ ਨਾਲ ਸਬੰਧਤ ਨੋਟਿਸ ਵਿਚ ਲਿਖਿਆ ਗਿਆ ਹੈ ਕਿ ਕੇਂਦਰ ਸਰਕਾਰ ਮਨੀਪੁਰ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ, ਹਥਿਆਰਬੰਦ ਬਲ (ਵਿਸ਼ੇਸ਼ ਸ਼ਕਤੀਆਂ) ਐਕਟ, 1958 (1958 ਦਾ 28) ਦੀ ਧਾਰਾ 3 ਰਾਹੀਂ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, 5 ਜ਼ਿਲ੍ਹਿਆਂ ਦੇ ਹੇਠ ਲਿਖੇ 13 (ਤੇਰਾਂ) ਪੁਲੀਸ ਥਾਣਿਆਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਖੇਤਰਾਂ ਨੂੰ ਛੱਡ ਕੇ, ਪੂਰੇ ਮਨੀਪੁਰ ਰਾਜ ਨੂੰ ਪਹਿਲੀ ਅਪਰੈਲ ਤੋਂ ਛੇ ਮਹੀਨਿਆਂ ਦੀ ਮਿਆਦ ਲਈ ਹਿੰਸਾ ਵਾਲੇ ਖੇਤਰ ਐਲਾਨਦੀ ਹੈ। ਇਸ ਤੋਂ ਇਲਾਵਾ ਇੰਫਾਲ, ਲਮਫਾਲ, ਸ਼ਹਿਰ, ਸਿੰਜਮੇਈ, ਪਾਤਸੋਈ, ਵਾਂਗੋਈ, ਪੋਰੋਮਪਤ, ਹੀਂਗਾਂਗ, ਇਰਿਲਬੰਗ, ਥੌਬਲ, ਬਿਸ਼ਨੁਪੂ, ਨੰਬੋਲ ਅਤੇ ਕਾਕਚਿੰਗ ਵਿਚ ਅਫਸਪਾ ਨਹੀਂ ਲਾਇਆ ਗਿਆ।