For the best experience, open
https://m.punjabitribuneonline.com
on your mobile browser.
Advertisement

ਅਫਰੀਕਾ: ਲੁੱਟ, ਫ਼ੌਜੀ ਪਲਟੇ ਅਤੇ ਪੱਛਮੀ ਤਾਕਤਾਂ

10:52 AM Sep 30, 2023 IST
ਅਫਰੀਕਾ  ਲੁੱਟ  ਫ਼ੌਜੀ ਪਲਟੇ ਅਤੇ ਪੱਛਮੀ ਤਾਕਤਾਂ
Advertisement

ਮਾਨਵ
30 ਅਗਸਤ ਦੇ ਦਨਿ ਪੱਛਮੀ ਅਫਰੀਕੀ ਮੁਲਕ ਗਾਬੋਨ ਵਿਚ ਫੌਜ ਨੇ ਤਖਤਾ ਪਲਟਦਿਆਂ ਸਦਰ ਅਲੀ ਬੌਂਗੋ ਨੂੰ ਗੱਦੀਓਂ ਲਾਹ ਦਿੱਤਾ। ਇਸ ਤਰ੍ਹਾਂ ਬੌਂਗੋ ਪਰਿਵਾਰ ਦਾ ਇਸ ਛੋਟੇ ਦੇਸ਼ ਦੀ ਰਾਜਸੱਤਾ ’ਤੇ 56 ਸਾਲਾਂ ਤੋਂ ਚੱਲ ਰਿਹਾ ਰਾਜ ਖਤਮ ਹੋ ਗਿਆ। ਗਾਬੋਨ ਦੇਸ਼ ਵਿਚ ਰਾਜ ਪਲਟਾ ਪੱਛਮੀ ਅਤੇ ਕੇਂਦਰੀ ਅਫਰੀਕੀ ਮੁਲਕਾਂ ਵਿਚ 2020 ਤੋਂ ਸ਼ੁਰੂ ਹੋਏ ਪਲਟਿਆਂ ਦੀ ਲੜੀ ਦਾ ਹੀ ਹਿੱਸਾ ਹੈ ਜਿਸ ਤਹਿਤ ਹੁਣ ਤੱਕ ਕੁੱਲ ਅੱਠ ਮੁਲਕਾਂ ਵਿਚ ਉਥੋਂ ਦੀਆਂ ਪੱਛਮ ਪ੍ਰਸਤ ਸਰਕਾਰਾਂ ਨੂੰ ਫੌਜ ਵੱਲੋਂ ਪਲਟਾ ਕੇ ਸੱਤਾ ਆਪਣੇ ਹੱਥਾਂ ਵਿਚ ਲਈ ਗਈ ਹੈ। ਇਸ ਤੋਂ ਪਹਿਲਾਂ ਜੁਲਾਈ ਦੇ ਅਖੀਰ ਵਿਚ ਨੇੜਲੇ ਮੁਲਕ ਨਾਇਜਰ ਵਿਚ ਵੀ ਫੌਜ ਨੇ ਤਖਤਾ ਪਲਟਾ ਦਿੱਤਾ ਸੀ। ਇਹ ਰਾਜ ਪਲਟੇ ਖਾਸਕਰ ਸਾਮਰਾਜੀ ਫਰਾਂਸ ਦੀਆਂ ਸਾਬਕਾ ਬਸਤੀਆਂ ਰਹੇ ਅਫਰੀਕੀ ਮੁਲਕਾਂ ਵਿਚ ਹੋਏ ਹਨ ਤੇ ਫਰਾਂਸੀਸੀ ਸਾਮਰਾਜ ਦੀ ਹੁਣ ਤੱਕ ਜਾਰੀ ਲੁੱਟ ਖਿਲਾਫ ਲੋਕਾਂ ਦੇ ਗੁੱਸੇ ਦਾ ਸਪੱਸ਼ਟ ਸੰਕੇਤ ਹਨ। ਇਸ ਮਸਲੇ ਨੂੰ ਸਮਝਣ ਲਈ ਸੰਖੇਪ ਵਿਚ ਅਫਰੀਕੀ
ਮਹਾਂਦੀਪ ਦੀ ਹੋਈ ਬਸਤੀਵਾਦੀ ਲੁੱਟ ਦੇ ਇਤਿਹਾਸ ਨੂੰ ਜਾਨਣਾ ਜ਼ਰੂਰੀ ਹੈ।
ਅਫਰੀਕੀ ਮਹਾਂਦੀਪ ਦੇ ਲੋਕਾਂ ਨੇ ਲੰਮਾ ਸਮਾਂ ਯੂਰੋਪੀਅਨ ਮੁਲਕਾਂ ਦੀ ਥੋਪੀ ਬਸਤੀਵਾਦੀ ਗੁਲਾਮੀ ਦਾ ਸੰਤਾਪ ਭੋਗਿਆ ਹੈ। 1885 ਵਿਚ ਹੋਈ ਬਰਲਨਿ ਕਾਨਫਰੰਸ ਵਿਚ ਯੂਰੋਪੀਅਨ ਬਸਤੀਵਾਦੀਆਂ ਨੇ ਪੂਰੇ ਅਫਰੀਕੀ ਮਹਾਂਦੀਪ ਨੂੰ ਆਪਸ ਵਿਚ ਵੰਡ ਲਿਆ ਸੀ ਜਿਸ ਮਗਰੋਂ ਇਨ੍ਹਾਂ ਯੂਰੋਪੀਅਨ ਬਸਤੀਵਾਦੀਆਂ (ਫਰਾਂਸ, ਜਰਮਨੀ, ਬੈਲਜੀਅਮ, ਇੰਗਲੈਂਡ, ਪੁਰਤਗਾਲ, ਇਟਲੀ ਆਦਿ) ਦਾ ਪੂਰੇ ਮਹਾਂਦੀਪ ‘ਤੇ ਲੱਗਭਗ ਮੁਕੰਮਲ ਕਬਜ਼ਾ ਹੋ ਗਿਆ ਸੀ। ਇਨ੍ਹਾਂ ਬਸਤੀਵਾਦੀ ਹਾਕਮਾਂ ਨੇ ਅਫਰੀਕੀ ਮਹਾਂਦੀਪ ਨੂੰ ਰੱਜ ਕੇ ਲੁੱਟਿਆ ਤੇ ਉੱਥੋਂ ਇਕੱਠੀ ਕੀਤੀ ਦੌਲਤ ਨਾਲ਼ ਆਪਣੇ ਘਰ ਭਰੇ।
ਵੀਹਵੀਂ ਸਦੀ ਦੇ ਅੱਧ ਤੋਂ ਸ਼ੁਰੂ ਹੋਈਆਂ ਕੌਮੀ ਮੁਕਤੀ ਲਹਿਰਾਂ ਦੇ ਨਤੀਜੇ ਵਜੋਂ ਬਹੁਤ ਸਾਰੇ ਅਫਰੀਕੀ ਮੁਲਕ ਅਗਲੇ ਦੋ-ਤਿੰਨ ਦਹਾਕਿਆਂ ਅੰਦਰ ਸਿਆਸੀ ਤੌਰ ’ਤੇ ਤਾਂ ਆਜ਼ਾਦ ਹੋ ਗਏ ਪਰ ਆਰਥਿਕ ਤੌਰ ’ਤੇ ਇਨ੍ਹਾਂ ਦੀ ਵੱਧ-ਘੱਟ ਨਿਰਭਰਤਾ ਸਾਮਰਾਜੀ ਪ੍ਰਬੰਧ ’ਤੇ ਰਹੀ। ਮਿਸਾਲ ਦੇ ਤੌਰ ’ਤੇ ਸਿਆਸੀ ਆਜ਼ਾਦੀ ਮਿਲਣ ਤੋਂ ਬਾਅਦ ਵੀ ਦੱਖਣੀ ਅਫਰੀਕੀ ਮੁਲਕ ਸਵਾਜੀਲੈਂਡ ਦੇ ਲੋਹ ਖਣਿਜਾਂ ਦੀ ਮਾਲਕੀ ਅਮਰੀਕੀ ਤੇ ਅੰਗਰੇਜ਼ ਸਰਮਾਏਦਾਰਾਂ ਦੀ ਸਾਂਝੀ ਮਲਕੀਅਤ ਵਾਲ਼ੀ ਕੰਪਨੀ ਕੋਲ਼ ਰਹੀ। ਇਸੇ ਤਰ੍ਹਾਂ ਸਵਿਟਜ਼ਰਲੈਂਡ ਆਧਾਰਿਤ ਖਣਨ ਕੰਪਨੀ ਗਲੈਨਕੋਰ ਕੋਬਾਲਟ ਧਾਤ ਦੀ ਸਭ ਤੋਂ ਵੱਡੀ ਵਪਾਰਕ ਹੈ ਤੇ ਜਮਹੂਰੀ ਗਣਰਾਜ ਕਾਂਗੋ ਦੇ ਕੋਬਾਲਟ ਵਪਾਰ ਉੱਪਰ ਇਸ ਦਾ ਪੂਰਾ ਦਬਦਬਾ ਹੈ, ਭਾਵੇਂ ਪਿਛਲੇ ਸਾਲਾਂ ਵਿਚ ਇਸ ਨੂੰ ਚੀਨੀ ਕੰਪਨੀਆਂ ਕੋਲ਼ੋਂ ਤਕੜਾ ਮੁਕਾਬਲਾ ਮਿਲ਼ ਰਿਹਾ ਹੈ।
ਅਫਰੀਕੀ ਮਹਾਂਦੀਪ ਦੀ ਲੁੱਟ ਵਿਚ ਫਰਾਂਸੀਸੀ ਤੇ ਅਮਰੀਕੀ ਸਾਮਰਾਜੀਆਂ ਦਾ ਵੱਡਾ ਹਿੱਸਾ ਰਿਹਾ ਹੈ ਜਿਸ ਉੱਪਰ ਥੋੜ੍ਹੀ ਚਰਚਾ ਕਰਨੀ ਜ਼ਰੂਰੀ ਹੈ ਕਿਉਂ ਜੋ ਜਨਿ੍ਹਾਂ ਮੁਲਕਾਂ ਵਿਚ ਮੌਜੂਦਾ ਰਾਜ ਪਲਟੇ ਹੋਏ ਹਨ। ਇਹ ਸਾਰੇ ਫਰਾਂਸ ਦੀਆਂ ਸਾਬਕਾ ਬਸਤੀਆਂ ਰਹੇ ਹਨ।
ਅਫਰੀਕੀ ਮਹਾਂਦੀਪ ਵਿਚ ਫਰਾਂਸੀਸੀ ਬਸਤੀਵਾਦੀਆਂ ਦੇ ਜ਼ੁਲਮ ਅਕਹਿ ਹਨ। ਅਲਜੀਰੀਆ ਦੇ ਆਜ਼ਾਦੀ ਘੋਲ਼ ’ਤੇ ਇਨ੍ਹਾਂ ਸਾਮਰਾਜੀਆਂ ਵੱਲੋਂ ਕੀਤਾ ਜਬਰ ਕਿਸੇ ਨਸਲਕੁਸ਼ੀ ਤੋਂ ਘੱਟ ਨਹੀਂ ਸੀ। ਇਸੇ ਤਰ੍ਹਾਂ ਬਰਕੀਨਾ ਫਾਸੋ ਜਿੱਥੇ ਪਿਛਲੇ ਸਮੇਂ ਵਿਚ ਰਾਜ ਪਲਟਾ ਹੋਇਆ ਹੈ, ਦੇ ਉੱਘੇ ਸਿਆਸੀ ਆਗੂ ਥਾਮਸ ਸੰਕਾਰਾ ਨੂੰ ਵੀ ਫਰਾਂਸੀਸੀ ਸਾਮਰਾਜੀਆਂ ਨੇ 1987 ਵਿਚ ਤਖਤਾ ਪਲਟ ਰਾਹੀਂ ਕਤਲ ਕਰਵਾ ਦਿੱਤਾ ਸੀ। ਸੰਕਾਰਾ ਨੇ ਬਰਕੀਨਾ ਫਾਸੋ ਦਾ ਸਦਰ ਬਣਦਿਆਂ ਫਰਾਂਸੀਸੀ ਦਾਬੇ ਦਾ ਵਿਰੋਧ ਕੀਤਾ ਤੇ ਪੱਛਮੀ ਸਾਮਰਾਜ ਖਿਲਾਫ ਅਫਰੀਕੀ ਏਕੇ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਅਫਰੀਕਾ ਨੂੰ ਅਨਾਜ, ਊਰਜਾ, ਕੱਪੜੇ ਆਦਿ ਹਰ ਮਾਮਲੇ ਵਿਚ ਆਤਮ-ਨਿਰਭਰ ਬਣਾਉਣ ਦੀ ਵਕਾਲਤ ਕਰਨੀ ਸ਼ੁਰੂ ਕੀਤੀ ਤੇ ਕੌਮਾਂਤਰੀ ਮੁਦਰਾ ਕੋਸ਼ ਜਿਹੀਆਂ ਸੰਸਥਾਵਾਂ ਵੱਲ਼ੋਂ ‘ਰਾਹਤ’ ਦੇ ਨਾਂ ’ਤੇ ਕੀਤੀ ਜਾਂਦੀ ਤੀਜੀ ਦੁਨੀਆ ਦੇ ਮੁਲਕਾਂ ਦੀ ਲੁੱਟ ਦਾ ਵੀ ਵਿਰੋਧ ਕੀਤਾ। ਜ਼ਾਹਿਰ ਹੈ ਕਿ ਇਹ ਸਭ ਪੱਛਮੀ ਸਾਮਰਾਜੀਆਂ ਨੂੰ ਵਾਰਾ ਨਹੀਂ ਸੀ ਖਾਂਦਾ, ਇਸ ਲਈ ਉਨ੍ਹਾਂ 1987 ਵਿਚ ਇਸ ਆਗੂ ਨੂੰ ਕਤਲ ਕਰਵਾ ਦਿੱਤਾ ਤੇ ਰਾਜ ਪਲਟੇ ਰਾਹੀਂ ਆਪਣਾ ਹਮਾਇਤੀ ਬਰਕੀਨਾ ਫਾਸੋ ਦੀ ਗੱਦੀ
ਉੱਪਰ ਬਿਠਾ ਦਿੱਤਾ।
ਫਰਾਂਸ ਵੱਲੋਂ ਆਪਣੀਆਂ ਸਾਬਕਾ ਅਫਰੀਕੀ ਬਸਤੀਆਂ ਦੀ ਲੁੱਟ ਲਈ ਮੁਦਰਾ ਨੀਤੀ ਦੀ ਖਾਸ ਵਰਤੋਂ ਕੀਤੀ ਜਾਂਦੀ ਸੀ। ਪਹਿਲਾਂ ਮੁਦਰਾ ਸੀਐੱਫਏ ਫਰੈਂਕ (ਤੇ ਹੁਣ ਯੂਰੋ) ਦੀ ਦਰ ਨੂੰ ਕੰਟਰੋਲ ਕਰ ਕੇ ਫਰਾਂਸੀਸੀ ਹਾਕਮ ਇਸ ਨੂੰ ਆਪਣੀ ਲੁੱਟ ਦੇ ਸੰਦ ਵਜੋਂ ਵਰਤਦੇ ਸਨ। ਇਸ ਮੁਦਰਾ ’ਤੇ ਦੋ ਬੈਂਕਾਂ ਕੇਂਦਰੀ ਅਫਰੀਕੀ ਰਾਜਾਂ ਦੀ ਬੈਂਕ ਤੇ ਪੱਛਮੀ ਅਫਰੀਕੀ ਰਾਜਾਂ ਦੀ ਕੇਂਦਰੀ ਬੈਂਕ ਦੀ ਇਜਾਰੇਦਾਰੀ ਹੈ ਜਨਿ੍ਹਾਂ ਨੂੰ ਸਮਝੌਤੇ ਤਹਿਤ ਆਪਣੇ ਮੁਦਰਾ ਭੰਡਾਰ ਫਰਾਂਸੀਸੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣੇ ਪੈਂਦੇ ਹਨ। ਪਹਿਲਾਂ-ਪਹਿਲ ਤਾਂ ਅਫਰੀਕੀ ਮੁਲਕਾਂ ਨੂੰ ਆਪਣੇ 100% ਰਾਖਵੇਂ ਮੁਦਰਾ ਅਸਾਸੇ ਇਸ ਵਿਚ ਜਮ੍ਹਾਂ ਕਰਵਾਉਣੇ ਪੈਂਦੇ ਸਨ ਪਰ ਹੌਲ਼ੀ ਹੌਲ਼ੀ ਇਨ੍ਹਾਂ ਪੱਛਮੀ ਤੇ ਉੱਤਰੀ ਅਫਰੀਕੀ ਮੁਲਕਾਂ ਵੱਲੋਂ ਅੜਨ ਕਰ ਕੇ ਇਹ ਦਰ 1973 ਵਿਚ 65% ਤੇ ਫਿਰ 2005 ਵਿਚ 50% ’ਤੇ ਲਿਆਂਦੀ ਗਈ। ਇਸ ਵਿੱਤੀ ਪ੍ਰਬੰਧ ਖਿਲਾਫ ਅਨੇਕਾਂ ਆਗੂਆਂ ਨੇ 1960ਵਿਆਂ ਦੇ ਦਹਾਕੇ ਤੋਂ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਫਰੈਂਕ ਮੁਦਰਾ ਖੇਤਰ ਤੋਂ ਬਾਹਰ ਆਉਣ ਦੀ ਵਕਾਲਤ ਕੀਤੀ ਸੀ। ਇਨ੍ਹਾਂ ਆਗੂਆਂ ਵਿਚ ਗਨਿੀ ਦੇ ਅਹਿਮਦ ਟੋਰੇ, ਟੋਗੋ ਦੇ ਸਿਲਵਾਨੁਸ ਓਲੰਪਿਓ, ਮਾਲੀ ਦੇ ਮੋਡੀਬੋ ਕੀਟਾ ਤੇ ਕਈ ਹੋਰ ਸ਼ਾਮਲ ਸਨ। ਕਹਿਣ ਦੀ ਲੋੜ ਨਹੀਂ ਕਿ ਇਨ੍ਹਾਂ ਵਿਚੋਂ ਬਹੁਤੇ ਆਗੂਆਂ ਨੂੰ ਫਰਾਂਸੀਸੀ ਸਾਮਰਾਜੀਆਂ ਨੇ ਗ੍ਰਿਫਤਾਰ ਕੀਤਾ ਜਾਂ ਕਤਲ ਕਰਵਾ ਦਿੱਤਾ ਤੇ ਅਜਿਹੀ ਹਰ ਕੋਸ਼ਿਸ਼ ਨੂੰ ਠੱਪ ਦਿੱਤਾ। ਇਸੇ ਤਰ੍ਹਾਂ ਇਸ ਮਹਾਂਦੀਪ ਵਿਚ ਸਾਮਰਾਜੀ ਅਮਰੀਕਾ ਨੇ ਵੀ ਆਪਣੀ ਦਖਲਅੰਦਾਜ਼ੀ ਲਗਾਤਾਰ ਰੱਖੀ ਹੈ। ਮਹਾਂਦੀਪ ਦੇ 15 ਮੁਲਕਾਂ ਵਿਚ ਸੰਯੁਕਤ ਰਾਜ ਅਮਰੀਕਾ ਦੇ ਪੱਕੇ ਫੌਜੀ ਅੱਡੇ ਹਨ; ਫਰਾਂਸ ਦੇ ਦਸ ਮੁਲਕਾਂ ਵਿਚ ਅਜਿਹੇ ਅੱਡੇ ਹਨ। ਅਮਰੀਕੀ ਅਗਵਾਈ ਵਿਚ ਨਾਟੋ ਫੌਜਾਂ ਵੱਲੋਂ ਲੀਬੀਆ ਦੀ ਕੀਤੀ ਤਬਾਹੀ ਇਨ੍ਹਾਂ ਸਾਮਰਾਜੀਆਂ ਦੀਆਂ ਕਰਤੂਤਾਂ ਦੀ ਉੱਘੀ ਗਵਾਹੀ ਹੈ।
ਅਸਲ ਵਿਚ ਪੱਛਮੀ ਤੇ ਕੇਂਦਰੀ ਅਫਰੀਕੀ ਖਿੱਤੇ (ਜਿਸ ਨੂੰ ਸਾਹਿਲ ਖੇਤਰ ਵੀ ਕਿਹਾ ਜਾਂਦਾ ਹੈ) ਦੀ ਕੁਦਰਤੀ ਸਰੋਤਾਂ ਪੱਖੋਂ ਬਹੁਤ ਮਹੱਤਤਾ ਹੈ। ਮਾਲੀ ਤੇ ਬਰਕੀਨਾ ਫਾਸੋ ਅਫਰੀਕਾ ਦੇ ਤੀਜੇ ਤੇ ਚੌਥੇ ਨੰਬਰ ਦੇ ਵੱਡੇ ਸੋਨ ਪੈਦਾਕਾਰ ਹਨ ਤੇ ਇਸ ਤੋਂ ਬਿਨਾ ਤਾਂਬਾ ਤੇ ਹੋਰ ਦੁਰਲੱਭ ਖਣਿਜ ਵੀ ਭਰਪੂਰ ਮਾਤਰਾ ਵਿਚ ਹਨ। ਬਰਕੀਨਾ ਫਾਸੋ ਦੀ ਸੋਨ ਸਨਅਤ ਇਕੱਲੀ ਹੀ ਸਾਲਾਨਾ 2 ਅਰਬ ਡਾਲਰ ਦਾ ਮੁਨਾਫਾ ਦਿੰਦੀ ਹੈ ਜਿਹੜਾ ਮੋਟੇ ਤੌਰ ਉੱਤੇ ਕੈਨੇਡੀਆਈ ਤੇ ਆਸਟਰੇਲੀਆਈ ਖਣਨ ਕੰਪਨੀਆਂ ਨੂੰ ਜਾਂਦਾ ਹੈ। ਇਸੇ ਤਰ੍ਹਾਂ ਨਾਇਜਰ ਵਿਚ ਯੂਰੇਨੀਅਮ ਦੇ ਭਰਪੂਰ ਭੰਡਾਰ ਹਨ ਜਨਿ੍ਹਾਂ ਨਾਲ ਫਰਾਂਸ ਦੀ ਬਿਜਲੀ ਦਾ ਵੱਡਾ ਹਿੱਸਾ ਚਲਦਾ ਹੈ। ਇਸ ਪੂਰੇ ਮਹਾਂਦੀਪ ਵਿਚ ਦੁਨੀਆ ਦੇ 30% ਖਣਿਜ ਸਰੋਤ, 12% ਤੇਲ, 8% ਕੁਦਰਤੀ ਗੈਸ ਭੰਡਾਰ, 10% ਤਾਜ਼ੇ ਪਾਣੀ ਦੇ ਸਰੋਤ ਮੌਜੂਦ ਹਨ ਪਰ ਕੁਦਰਤ ਪੱਖੋਂ ਐਨਾ ਜ਼ਰਖੇਜ਼ ਹੋਣ ਦੇ ਬਾਵਜੂਦ ਇਕੱਲੇ ਸਾਹਿਲ ਇਲਾਕੇ ਵਿਚ ਤਕਰੀਬਨ 2 ਕਰੋੜ ਲੋਕ ਭੁੱਖਮਰੀ ਦੇ ਕੰਢੇ ਜੀਅ ਰਹੇ ਹਨ।
2008-2021 ਦਰਮਿਆਨ ਇਸ ਖਿੱਤੇ ਵਿਚ ਜਿਹੜੇ ਫੌਜੀ ਪਲਟੇ ਹੋਏ, ਉਨ੍ਹਾਂ ਨੇ ਮੁੱਖ ਤੌਰ ਉੱਤੇ ਪੱਛਮ ਪ੍ਰਸਤ ਸੱਤਾਵਾਂ ਨੂੰ ਤਾਕਤ ਵਿਚ ਲਿਆਂਦਾ ਪਰ ਪਿਛਲੇ ਦੋ ਸਾਲਾਂ ਤੋਂ ਮਾਲੀ, ਬਰਕੀਨਾ ਫਾਸੋ, ਨਾਇਜਰ ਤੇ ਹੁਣ ਗਾਬੋਨ ਵਿਚ ਸੱਤਾ ਵਿਚ ਆਏ ਧੜੇ ਨੇ ਸਪੱਸ਼ਟ ਤੌਰ ਉੱਤੇ ਰੂਸ-ਚੀਨ ਵੱਲ ਝੁਕਾਅ ਜ਼ਾਹਿਰ ਕੀਤਾ ਹੈ ਜਿਸ ਤੋਂ ਪੱਛਮੀ ਸਾਮਰਾਜੀਆਂ ਦੀ ਫਿਕਰ ਵਧ ਗਈ ਹੈ। ਇਸੇ ਲਈ ਫਰਾਂਸ ਤੇ ਅਮਰੀਕਾ ਨੇ ਕੋਝਾ ਹੱਥਕੰਡਾ ਅਪਣਾਉਂਦਿਆਂ ਨਾਇਜਰ ਦੀ ਨਵੀਂ ਸੱਤਾ ਨੂੰ ਰਾਹਤ ਬੰਦ ਕਰ ਦਿੱਤੀ ਹੈ ਤਾਂ ਜੋ ਹੋਰਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਵੀ ਤਾੜਿਆ ਜਾ ਸਕੇ। ਬਦਲੇ ਵਿਚ ਨਾਇਜਰ ਨੇ ਵੀ ਅੜਦਿਆਂ ਫਰਾਂਸ ਨੂੰ ਯੂਰੇਨੀਅਮ ਤੇ ਸੋਨੇ ਦੀ ਸਾਰੀ ਬਰਾਮਦ ਉੱਤੇ ਰੋਕ ਲਾ ਦਿੱਤੀ ਹੈ। ਦੂਜੇ ਪਾਸੇ ਸ਼ਾਤਰ ਕੂਟਨੀਤੀ ਖੇਡਦਿਆਂ ਰੂਸ ਤੇ ਚੀਨ ਨੇ ਅਫਰੀਕੀ ਮੁਲਕਾਂ ਵੱਲ ਆਪਣੇ ਹੱਥ ਵਧਾਏ ਹਨ। ਰੂਸ ਨੇ ਪਹਿਲਾਂ ਅਫਰੀਕੀ ਮੁਲਕਾਂ ਵੱਲ ਆਪਣੇ ਕਰਜ਼ੇ ਨੂੰ ਟਾਲਣ ਦਾ ਐਲਾਨ ਕੀਤਾ ਤੇ ਮਗਰੋਂ ਅਨਾਜ ਤੇ ਤਕਨੀਕ ਦੇ ਖੇਤਰ ਵਿਚ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਦੂਸਰਾ, ਯੂਕਰੇਨ ਜੰਗ ਮਗਰੋਂ ਵਧੀਆਂ ਅਨਾਜ ਕੀਮਤਾਂ ਦੇ ਮੱਦੇਨਜ਼ਰ ਰੂਸ ਨੇ ਛੇ ਅਫਰੀਕੀ ਮੁਲਕਾਂ ਨੂੰ 50 ਹਜ਼ਾਰ ਟਨ ਮੁਫਤ ਅਨਾਜ ਵੀ ਭੇਜਿਆ। ਦੂਜੇ ਪਾਸੇ ਚੀਨ ਨੇ ਅਗਸਤ ਅਖੀਰ ਵਿਚ ਦੱਖਣੀ ਅਫਰੀਕਾ ਵਿਚ ਮੁਕੰਮਲ ਹੋਏ ਬਰਿਕਸ ਸੰਮੇਲਨ ਦੌਰਾਨ ਦਰਜਨ ਭਰ ਅਫਰੀਕੀ ਮੁਲਕਾਂ ਦੇ ਆਗੂਆਂ ਨਾਲ ਮੁਲਾਕਾਤ ਕਰਦਿਆਂ
ਚੀਨ-ਅਫਰੀਕਾ ਸਹਿਯੋਗ ਤੇ ਵਪਾਰ ਨੂੰ ਹੋਰ ਹੁਲਾਰਾ ਦੇਣ ਦੀ ਗੱਲ ਦੁਹਰਾਈ।
ਕਹਿਣ ਦਾ ਭਾਵ ਇਹ ਕਿ ਪੱਛਮੀ ਸਾਮਰਾਜੀਆਂ ਤੇ ਰੂਸ-ਚੀਨ ਦੀ ਸਾਮਰਾਜੀ ਧੁਰੀ ਦਰਮਿਆਨ ਚੱਲ ਰਿਹਾ ਖਹਿਭੇੜ ਇਸ ਸਮੇਂ ਅਫਰੀਕਾ ਦੇ ਸਾਹਿਲ ਇਲਾਕੇ ਵਿਚ ਵੀ ਸਪੱਸ਼ਟ ਰੂਪ ਵਿਚ ਖੇਡਿਆ ਜਾਂਦਾ ਨਜ਼ਰ ਆਉਂਦਾ ਹੈ। ਅਫਰੀਕੀ ਮੁਲਕਾਂ ਵਿਚ ਯੂਰੋਪੀਅਨ, ਖਾਸਕਰ ਫਰਾਂਸੀਸੀ, ਤੇ ਅਮਰੀਕੀ ਸਾਮਰਾਜੀਆਂ ਵੱਲੋਂ ਕੀਤੀ ਤਬਾਹੀ ਦੇ ਮੱਦੇਨਜ਼ਰ ਆਮ ਲੋਕਾਂ ਵਿਚ ਇਨ੍ਹਾਂ ਪੱਛਮੀ ਸਾਮਰਾਜੀਆਂ ਖਿਲਾਫ ਅੰਤਾਂ ਦੀ ਨਫਰਤ ਹੈ ਜਿਹੜੀ ਗਾਹੇ-ਬਗਾਹੇ ਦਿਸ ਵੀ ਰਹੀ ਹੈ ਪਰ ਰੂਸ-ਚੀਨ ਦੇ ਅਫਰੀਕਾ ਨਾਲ ‘ਸਹਿਯੋਗ ਤੇ ਵਿਕਾਸ’ ਦੀਆਂ ਗੱਲਾਂ ਪਿੱਛੇ ਆਪਣੇ ਹਿੱਤ ਲੁਕੇ ਹੋਏ ਹਨ। ਹਕੀਕਤ ਇਹ ਹੈ ਕਿ ਜ਼ਰਖੇਜ਼ ਅਫਰੀਕਾ ਦੀ ਸਾਮਰਾਜੀ ਲੁੱਟ ਉਦੋਂ ਹੀ ਮੁਕੰਮਲ ਬੰਦ ਹੋ ਸਕਦੀ ਹੈ ਜਦੋਂ ਉੱਥੇ ਇਨਕਲਾਬੀ ਤਬਦੀਲੀ ਰਾਹੀਂ ਸਾਮਰਾਜ ਤੋਂ ਮੁਕਤ ਸਮਾਜਵਾਦੀ ਸੱਤਾ ਆਵੇ। ਸਾਮਰਾਜੀਆਂ ਦੇ ਇੱਕ ਜਾਂ ਦੂਜੇ ਧੜੇ ਨਾਲ ਰਹਿ ਕੇ ਅਫਰੀਕਾ ਦੇ ਕਿਰਤੀ ਲੋਕਾਂ ਦੇ ਨਾ ਤਾਂ ਦੁੱਖ ਕੱਟੇ ਜਾਣੇ ਹਨ ਤੇ ਨਾ ਇਸ ਖਿੱਤੇ ਵਿਚ ਅਮਨ ਸ਼ਾਂਤੀ ਕਾਇਮ ਹੋਣੀ ਹੈ।
ਸੰਪਰਕ: 98888-08188

Advertisement

Advertisement
Advertisement
Author Image

sanam grng

View all posts

Advertisement