ਹੰਝੂਆਂ ਦਾ ਹਲਫ਼ਨਾਮਾ
‘ਪੈਰਿਸ’ ਦੇ ਵਿੱਚ ਹੰਝੂ ਡਿੱਗਿਆ
ਜਿਸ ਵਿੱਚ ਸਾਲਮ ਆਲਮ ਡੁੱਬਿਆ
ਪਰ ਰਾਜਾ ਤਾਂ ਚੁੱਪ ਰਿਹਾ ਸੀ
ਖ਼ਬਰਾਂ ਓਹਲੇ ਲੁਕ ਰਿਹਾ ਸੀ
ਹੰਝੂਆਂ ਦੀ ਲੰਮੀ ਲੜੀ ਹੈ
ਹੰਝੂਆਂ ਦੀ ਲੱਗੀ ਝੜੀ ਹੈ
ਹੰਝੂਆਂ ਦੀ ਨਾ ਸੁਣਦਾ ਕੋਈ
ਏਸੇ ਕਰਕੇ ਧੀ ਸੀ ਰੋਈ
ਹੰਝੂਆਂ ਦੇ ਸਿਰਨਾਵੇਂ ਏਥੇ
ਚੌਕ-ਚੁਰਾਹੇ ਗਲ਼ੀ ਖਲੋਤੇ
ਦਿੱਲੀ, ਕਠੂਆ, ਹਾਥਰਸ ਹੰਝੂ
ਗੋਧਰਾ ਵਿੱਚ ਵੀ ਬੇਵੱਸ ਹੰਝੂ
ਕਲਕੱਤੇ ਵਿੱਚ ਕਤਲ ਹੋਇਆ ਹੈ
ਹੰਝੂ ਹੋਰ ਇੱਕ ਦਫ਼ਨ ਹੋਇਆ ਹੈ
ਲਗਦਾ ਏਥੇ ਹੈ ਸੰਤਾਲ਼ੀ
ਬੇਵੱਸ ਫਿਰਦੀ ਹੈ ਪੰਚਾਲੀ
ਲੰਮੀ ਹੰਝੂਆਂ ਦੀ ਕਹਾਣੀ
ਮੈਥੋਂ ਹੋਰ ਕਹੀ ਨੀ ਜਾਣੀ
ਤੈਥੋਂ ਹੋਰ ਸੁਣੀ ਨੀ ਜਾਣੀ
ਸਿਰ ਤੋਂ ਲੰਘ ਗਿਆ ਹੈ ਪਾਣੀ
ਹੰਝੂਆਂ ਦਾ ਵਿਰਲਾਪ ਬੜਾ ਹੈ
ਇਨ੍ਹਾਂ ਦਾ ਸੰਤਾਪ ਬੜਾ ਹੈ
ਹੁਣ ਤੱਕ ਪਲਕਾਂ ਵਿੱਚ ਰਹਿੰਦੇ ਸੀ
ਡਰਦੇ, ਅੰਦਰ ਵੱਲ ਵਹਿੰਦੇ ਸੀ
ਹੁਣ ਨੀ ਹੰਝੂ ਚੁੱਪ ਰਹਿਣਗੇ
ਹੁਣ ਇਹ ਸੜਕਾਂ ’ਤੇ ਵਹਿਣਗੇ
ਸੜਕਾਂ ’ਤੇ ਇਹ ਗੱਜਦੇ-ਵੱਜਦੇ
ਹੰਝੂ ਸੰਸਦ ਵਿੱਚ ਬਹਿਣਗੇ
ਅੱਖਾਂ ’ਚੋਂ ਹੁਣ ਨਹੀਂ ਡਿੱਗਣਗੇ
ਆਪਣੀ ਹੋਣੀ ਆਪ ਲਿਖਣਗੇ
ਸੰਪਰਕ: 94178-01988
ਕਰਾਂਗਾ ਤਾਮੀਰ ਸਾਰੇ
ਰਘੁਵੀਰ ਸਿੰਘ ਕਲੋਆ
ਕਰਾਂਗਾ ਤਾਮੀਰ ਸਾਰੇ, ਖ਼ੁਆਬ ਤੂੰ ਹੁਸੀਨ ਦੇ
ਬਿਰਖ ਬਣ ਛਾਂ ਦੇਵਾਂ, ਜੜ੍ਹਾਂ ਲਈ ਜ਼ਮੀਨ ਦੇ।
ਸ਼ੁਹਰਤਾਂ ਦੀ, ਦੌਲਤਾਂ ਦੀ, ਸਾਨੂੰ ਕੋਈ ਲੋੜ ਨਾ
ਥਹੁ ਪਾਵਾਂ ਅੰਬਰਾਂ ਦੀ, ਬੁੱਧੀ ਉਹ ਜ਼ਹੀਨ ਦੇ।
ਵੇਖਦੀ ਹੈ ਅੱਖ ਹਰ, ਪਰਦੇ ਦੇ ਤੀਕ ਹੀ
ਪਰਦਿਆਂ ਤੋਂ ਪਾਰ ਤੱਕਾਂ ਨਿਗ੍ਹਾ ਉਹ ਮਹੀਨ ਦੇ।
ਹਰੇ, ਚਿੱਟੇ, ਭਗਵਿਆਂ ’ਚ ਵੰਡ ਨਾ ਲੋਕਾਈ ਨੂੰ
ਭਲਾ ਹੋਵੇ ਦੀਨ ਵਾਲਾ, ਇਹੋ ਜਿਹਾ ਦੀਨ ਦੇ।
ਪੱਕ ਗਏ ਨੇ ਕੰਨ ਸਾਡੇ ਸੁਣ ਸੁਣ ‘ਗਾਰੰਟੀਆਂ’
ਕਥਨੀ ਕਰਨੀ ਇੱਕ ਹੋਵੇ, ਇਸ ਦਾ ਯਕੀਨ ਦੇ।
ਜੱਗ ਵਾਲਾ ਮੇਲਾ ਇਹ, ਦਿਨ ਦੋ-ਚਾਰ ਵਾਲਾ
ਛੱਡ ਜਾਵਾਂ ਛਾਪ ਗੂੜ੍ਹੀ, ਅਦਾ ਬਿਹਤਰੀਨ ਦੇ।
ਸੰਪਰਕ: 98550-24495
* * *
ਸਮੇਂ ਦੇ ਦੌਰ
ਕੇਵਲ ਸਿੰਘ ਰੱਤੜਾ
ਸਮੇਂ ਦੇ ਦੌਰ ਬਦਲਣਗੇ, ਸਾਡੇ ਵੀ ਤੌਰ ਬਦਲਣਗੇ
ਫਿਜ਼ਾ ਬਦਲੀ ਤਾਂ ਕਲੀਆਂ, ਰੰਗ, ਖੁਸ਼ਬੂ ਭੌਰ ਬਦਲਣਗੇ
ਜਦੋਂ ਇੱਕ ਵੇਲ ਬੋਲੀ ਦੀ, ਬਨੇਰਾ ਟੱਪ ਕੇ ਗਈ ਓਧਰ,
ਬਾਹਵਾਂ ਵਾਹਗਿਉਂ ਵਧੀਆਂ ਤਾਂ ਮਨ ਲਾਹੌਰ ਬਦਲਣਗੇ
ਘੁੱਟੀ ਤਾਂਘ ਰਹਿ ਗਈ ਲੱਖਾਂ ਹੀ, ਸਾਡੇ ਬਜ਼ੁਰਗਾਂ ਦੀ
ਕਿ ਸਾਂਦਲ ਬਾਰ ਦੀ ਮਿੱਟੀ, ਆ ਕੇ ਫਿਲੌਰ ਬਦਲਣਗੇ
ਆਹ ਬਜ਼ਾਰੂ ਜਹੇ ਝੱਲੇ, ਕੀ ਜਾਣਨ ਸੇਕ ਧੁੱਪਾਂ ਦਾ,
ਬਹਿਕੇ ਸ਼ੀਸ਼ਿਆਂ ਅੰਦਰ ਕੀ ਸਾਡੀ ਟੌਹਰ ਬਦਲਣਗੇ
ਉਹ ਸੀ ਭੁੱਲਿਆ ਕਿ, ਖੁੱਲ੍ਹਣਾ ਨਹੀਂ ਭੇਤ ਚਾਲਾਂ ਦਾ
ਮਦਾਰੀ ਡਰ ਗਿਆ ਕਿੰਝ ਭੀੜ ਸਾਹਵੇਂ ਜੌਹਰ ਬਦਲਣਗੇ
ਚਿੰਤਕ ਸੋਚਦੇ, ਨਹੀਂ ਤੋੜ ਕੁਝ ਮਸਨੂਈ ਬੁੱਧੀ ਦਾ
ਕਿ ਰਾਖਸ਼ ਆਲਮੀ ਹਾਕਮ, ਕੀ ਕੁਝ ਹੋਰ ਬਦਲਣਗੇ
ਪੱਤਝੜਾਂ, ਲੂਆਂ, ’ਨੇਰੀਆਂ ਨੇ ਕਰਿਆ ਜਦ ਕਬਜ਼ਾ
‘ਰੱਤੜਾ’ ਸਿਰ ਲੁਕਾਉਣ ਵਾਸਤੇ ਕਿੰਝ ਛੌਰ ਬਦਲਣਗੇ
ਈ-ਮੇਲ: ratraks1988@ gmail.com