ਡੀਏਪੀ ਖਾਦ ਦੇ ਬਦਲ ਵਜੋਂ ਕਿਸਾਨਾਂ ਨੂੰ ਹੋਰ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 30 ਅਕਤੂਬਰ
ਮੁੱਖ ਖੇਤੀਬਾੜੀ ਅਫ਼ਸਰ ਡਾ ਬਲਬੀਰ ਚੰਦ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਦੀ ਸਿਫ਼ਾਰਸ਼ ਅਨੁਸਾਰ ਆਉਂਦੀ ਕਣਕ ਦੀ ਫ਼ਸਲ ਲਈ ਡੀਏਪੀ ਦੇ ਬਦਲ ਵਜੋਂ ਹੋਰ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨੂੰ ਬਦਲਵੇਂ ਸਰੋਤਾਂ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡੀਏਪੀ ਸਭ ਤੋਂ ਵੱਧ ਫਾਸਫੋਰਸ ਤੱਤ ਵਾਲੀ ਖਾਦ ਹੈ। ਜੋ ਝੋਨੇ ਕਣਕ ਫ਼ਸਲੀ ਚੱਕਰ ਵਿੱਚ ਵਰਤੀ ਜਾਂਦੀ ਹੈ। ਕਿਸਾਨ ਦੂਜੀਆਂ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨਾਲੋਂ ਡੀਏਪੀ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਡੀਏਪੀ ਖਾਦ ਦੇ ਕਈ ਬਦਲ ਹਨ ਜਿਨ੍ਹਾਂ ਨੂੰ ਫਾਸਫੋਰਸ ਤੱਤਾਂ ਦੇ ਬਦਲਵੇਂਂ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਖਾਦ ਐਨਪੀਕੇ ਅਤੇ ਇਕ ਹੋਰ ਬਦਲ ਵਜੋਂ ਸਿੰਗਲ ਸੁਪਰ ਫਾਸਫੇਟ ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਟ੍ਰਿਪਲ ਸੁਪਰ ਫਾਸਫੇਟ ਖਾਦ ਨੂੰ ਵੀ ਨਵੀਂ ਖਾਦ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਨਵੀਂ ਉਚ ਫਾਸਫੋਰਸ ਖਾਦ ਹੈ ਜਿਸ ਦੀ ਕਿਸਾਨ ਪਹਿਲੀ ਵਾਰ ਵਰਤੋਂ ਕਰ ਰਹੇ ਹਨ।