ਸਰਕਾਰੀ ਇਮਾਰਤਾਂ ’ਤੇ ਨਹੀਂ ਲਾਏ ਜਾ ਸਕਣਗੇ ਚੋਣਾਂ ਸਬੰਧੀ ਇਸ਼ਤਿਹਾਰ
ਪ੍ਰਭੂ ਦਿਆਲ
ਸਿਰਸਾ, 22 ਅਗਸਤ
ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀਸੀ ਸ਼ਾਂਤਨੂੰ ਸ਼ਰਮਾ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤਾ ਪ੍ਰਭਾਵੀ ਢੰਗ ਨਾਲ ਲਾਗੂ ਕਰ ਦਿੱਤਾ ਗਿਆ ਹੈ। ਸਰਕਾਰੀ ਅਤੇ ਅਰਧ-ਸਰਕਾਰੀ ਇਮਾਰਤਾਂ ’ਤੇ ਚੋਣਾਂ ਨਾਲ ਸਬੰਧਤ ਸਮੱਗਰੀ ਚਿਪਕਾਉਣ ਜਾਂ ਸਲੋਗਨ ਲਿਖਣ ’ਤੇ ਪੂਰਨ ਪਾਬੰਦੀ ਹੋਵੇਗੀ। ਅਜਿਹਾ ਕਰਨ ਵਾਲੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਖ਼ਿਲਾਫ਼ ਪਬਲਿਕ ਪ੍ਰਾਪਰਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਦੌਰਾਨ ਅਧਿਕਾਰੀਆਂ ਵੱਲੋਂ ਬਣਾਈਆਂ ਗਈਆਂ ਨਿਗਰਾਨੀ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਈ ਜਾਵੇ। ਜੇ ਕੋਈ ਉਮੀਦਵਾਰ ਸਰਕਾਰੀ ਇਮਾਰਤ ਦੀ ਕੰਧ ’ਤੇ ਨਆਰੇ ਲਿਖਦਾ ਹੈ ਜਾਂ ਹੋਰ ਸਮੱਗਰੀ ਚਿਪਕਾਉਂਦਾ ਹੈ ਤਾਂ ਉਮੀਦਵਾਰ ਤੇ ਸਬੰਧਤ ਰਾਜਸੀ ਪਾਰਟੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿੱਜੀ ਇਮਾਰਤ ’ਤੇ ਕੋਈ ਉਮੀਦਵਾਰ ਕੋਈ ਸਲੋਗਨ ਜਾਂ ਹੋਰ ਚੋਣ ਸਮਗਰੀ ਚਿਪਕਾਉਂਦਾ ਹੈ ਤਾਂ ਇਸ ਦੀ ਲਿਖਤੀ ਇਜਾਜ਼ਤ ਇਮਾਰਤ ਦੇ ਮਾਲਕ ਤੋਂ ਲੈਣੀ ਜ਼ਰੂਰੀ ਹੋਵੇਗੀ। ਨਿੱਜੀ ਇਮਾਰਤ ’ਤੇ ਨਾਅਰੇ ਲਿਖਣ ਜਾਂ ਚਿੱਤਰਕਾਰੀ ਕਰਨ ਵਾਲੇ ਪੇਂਟਰਾਂ ਨੂੰ ਪੇਂਟਿੰਗ ਦੇ ਹੇਠਾਂ ਆਪਣਾ ਨਾਮ ਅਤੇ ਮੋਬਾਈਲ ਨੰਬਰ ਵੀ ਲਿਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨਿੱਜੀ ਇਮਾਰਤ ’ਤੇ ਬਿਨਾਂ ਇਜਾਜ਼ਤ ਚੋਣ ਸਮੱਗਰੀ ਲਿਖਣ ਵਾਲੇ ਖ਼ਿਲਾਫ਼ ਕਾਰਵਾਈ ਹੋਵੇਗੀ।