ਚੋਣ ਜ਼ਾਬਤੇ ਦੇ ਬਾਵਜੂਦ ਲੱਗੇ ਹੋਏ ਹਨ ਇਸ਼ਤਿਹਾਰੀ ਬੋਰਡ
ਐਨ. ਪੀ ਧਵਨ
ਪਠਾਨਕੋਟ, 19 ਮਾਰਚ
ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫਸਰ ਕਮ-ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਵੱਲੋਂ ਜਾਰੀ ਕੀਤੇ ਗਏ ਆਦਰਸ਼ ਚੋਣ ਜ਼ਾਬਤੇ ਤਹਿਤ ਸਾਰੇ ਜ਼ਿਲ੍ਹੇ ਅੰਦਰ ਸਰਕਾਰੀ ਜਾਇਦਾਦ ’ਤੇ ਕੋਈ ਵੀ ਰਾਜਸੀ ਪਾਰਟੀ ਦੇ ਚੋਣ ਇਸ਼ਤਿਹਾਰ ਆਦਿ ਨਾ ਲਗਾਉਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਤਹਿਤ ਭਾਵੇਂ ਕਈ ਥਾਵਾਂ ’ਤੇ ਲੱਗੇ ਹੋਏ ਹੋਰਡਿੰਗ ਆਦਿ ਉਤਰਵਾ ਦਿੱਤੇ ਹਨ ਪਰ ਅਜੇ ਵੀ ਕਈ ਥਾਵਾਂ ’ਤੇ ਕੰਧਾਂ ਉਪਰ ਰਾਜਸੀ ਪਾਰਟੀਆਂ ਦੇ ਲਿਖੇ ਹੋਏ ਸੰਦੇਸ਼ ਮੌਜੂਦ ਹਨ। ਅੱਜ ਇਸ ਪੱਤਰਕਾਰ ਨੇ ਦੌਰਾ ਕਰਕੇ ਦੇਖਿਆ ਕਿ ਸਰਨਾ ਕੋਲ ਸ਼ਿਵ ਮੰਦਰ ਦੇ ਨਜ਼ਦੀਕ ਪਠਾਨਕੋਟ-ਜੰਮੂ ਪੁਲ ਦੀਆਂ ਕੰਧਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਹੱਕ ਵਿੱਚ ਲਿਖੇ ਹੋਏ ਸੰਦੇਸ਼ ਸਨ। ਇਨ੍ਹਾਂ ਵਿੱਚੋਂ ਕੁੱਝ ’ਤੇ ਤਾਂ ਪ੍ਰਧਾਨ ਮੰਤਰੀ ਦੇ ਚਿੱਤਰ ਅਤੇ ਭਾਜਪਾ ਦੇ ਚੋਣ ਨਿਸ਼ਾਨ ਵਗੈਰਾ ’ਤੇ ਤਾਂ ਚਿੱਟੀ ਕਲੀ ਨਾਲ ਪੋਚਾ ਫੇਰਿਆ ਹੋਇਆ ਸੀ ਪਰ ਸੰਦੇਸ਼ ਅਜੇ ਵੀ ਕਾਇਮ ਸਨ। ਜਦ ਕਿ ਕੁੱਝ ਅਸਲ ਰੂਪ ਵਿੱਚ ਅਜੇ ਵੀ ਉਸੇ ਹੀ ਤਰ੍ਹਾਂ ਕੰਧਾਂ ’ਤੇ ਪੇਂਟਿੰਗ ਨਾਲ ਲਿਖੇ ਹੋਏ ਸਨ, ਉਨ੍ਹਾਂ ’ਤੇ ਕੋਈ ਪੋਚਾ ਵੀ ਨਹੀਂ ਸੀ ਫੇਰਿਆ ਹੋਇਆ। ਚੋਣ ਨੂੰ ਪ੍ਰਭਾਵਿਤ ਕਰਨ ਵਾਲੇ ਇਨ੍ਹਾਂ ਸੰਦੇਸ਼ਾਂ ਉਪਰ ਲਿਖਣ ਦੀ ਤਰੀਕ ਵੀ ਇਸੇ ਮਹੀਨੇ ਦੀ ਲਿਖੀ ਗਈ ਸੀ। ਇਸ ਤਰ੍ਹਾਂ ਨਾਲ ਚੋਣ ਆਦਰਸ਼ ਜ਼ਾਬਤੇ ਦੀ ਅਜੇ ਵੀ ਉਲੰਘਣਾ ਹੋ ਰਹੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਵਿੱਚ ਚੋਣ ਜ਼ਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਉੱਡਣ ਦਸਤੇ, ਨਿਗਰਾਨ ਟੀਮਾਂ ਅਤੇ ਆਬਕਾਰੀ ਟੀਮਾਂ ਵੱਲੋਂ ਜ਼ਬਤ ਕੀਤੀ ਜਾਣ ਵਾਲੀ ਨਗਦੀ ਅਤੇ ਹੋਰ ਸਮੱਗਰੀ ਦੇ ਮਾਮਲਿਆਂ ਦੇ ਨਿਪਟਾਰੇ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਕਦ ਰਾਸ਼ੀ ਲਿਜਾਣ ਦੀ ਸੀਮਾ 50,000 ਰੁਪਏ ਤੈਅ ਕੀਤੀ ਗਈ ਹੈ। ਲੋਕ ਸਭਾ ਚੋਣਾਂ ਦੌਰਾਨ 50,000 ਰੁਪਏ ਤੋਂ ਵੱਧ ਦੀ ਨਗਦੀ ਲਿਜਾਣ ਵਾਲੇ ਨੂੰ ਬੈਂਕ ਦੀ ਰਸੀਦ ਜਾਂ ਨਗਦੀ ਦੀ ਪ੍ਰਮਾਣਿਕਤਾ ਸਿੱਧ ਕਰਨ ਵਾਲਾ ਸਬੂਤ ਆਪਣੇ ਕੋਲ ਰੱਖਣਾ ਹੋਵੇਗਾ। ਇਸ ਕਮੇਟੀ ਵਿੱਚ ਵਧੀਕ ਕਮਿਸ਼ਨਰ ਨਗਰ ਨਿਗਮ ਅਮਰਜੀਤ ਬੈਂਸ ਚੇਅਰਮੈਨ ਜਦਕਿ ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਅਮਨ ਮੈਨੀ ਅਤੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਮਨਜੀਤ ਕੌਰ ਮੈਂਬਰ ਹੋਣਗੇ।