ਹੜ੍ਹਾਂ ਦੇ ਟਾਕਰੇ ਲਈ ਅਰਬਨ ਅਸਟੇਟ ਦੇ ਲੋਕਾਂ ਵੱਲੋਂ ਅਗਾਊਂ ਪ੍ਰਬੰਧ
ਪੱਤਰ ਪ੍ਰੇਰਕ
ਪਟਿਆਲਾ, 7 ਜੁਲਾਈ
ਇੱਥੋਂ ਦੇ ਅਰਬਨ ਅਸਟੇਟ ਵਿੱਚ ਲੋਕਾਂ ਨੇ ਹੜ੍ਹਾਂ ਦੇ ਟਾਕਰੇ ਲਈ ਆਪਣੇ ਪੱਧਰ ’ਤੇ ਓਹੜ-ਪੋਹੜ ਕਰਨੇ ਸ਼ੁਰੂ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਅਰਬਨ ਅਸਟੇਟ ਫ਼ੇਜ਼ ਦੋ, ਚਿਨਾਰ ਬਾਗ਼ ਤੋਂ ਇਲਾਵਾ ਨਦੀ ਦੇ ਨੇੜਲੇ ਇਲਾਕਿਆਂ ਵਿੱਚ ਪਿਛਲੇ ਸਾਲ ਹੜ੍ਹਾਂ ਕਾਰਨ ਅੰਤਾਂ ਦੀ ਤਬਾਹੀ ਹੋਈ ਸੀ, ਇਸ ਦੇ ਬਚਾਅ ਲਈ ਸਾਬਕਾ ਆਈਏਐੱਸ ਮਨਜੀਤ ਸਿੰਘ ਨਾਰੰਗ ਨੇ ਆਪਣੇ ਘਰ ਦੇ ਬਾਹਰ ਤਿੰਨ ਫੁੱਟ ਦੀ ਪੱਕੀ ਕੰਧ ਕਰ ਦਿੱਤੀ ਹੈ। ਬੇਸ਼ੱਕ ਉਨ੍ਹਾਂ ਨੂੰ ਆਪਣੇ ਹੀ ਘਰ ਦਾਖ਼ਲ ਹੋਣ ਲਈ ਪੌੜੀ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਉਹ ਕਹਿੰਦੇ ਹਨ ‘ਖ਼ੁਦ ਹੀ ਬਚਾਅ ਕਰਾਂਗੇ ਤਾਂ ਹੀ ਬਚ ਸਕਾਂਗੇ।’
ਇਸੇ ਤਰ੍ਹਾਂ ਆਲ ਇੰਡੀਆ ਰੇਡੀਓ ਪਟਿਆਲਾ ਦੇ ਸਾਬਕਾ ਡਾਇਰੈਕਟਰ ਤੇ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਵੜੈਚ ਨੇ ਤਾਂ ਆਪਣੇ ਬੈੱਡਾਂ ਤੇ ਸੋਫ਼ਿਆਂ ਤੋਂ ਇਲਾਵਾ ਹੋਰ ਸਾਮਾਨ ਹੇਠਾਂ ਲੋਹੇ ਦੇ ਸ਼ਿਕੰਜੇ ਲਗਾ ਦਿੱਤੇ ਹਨ ਜਿਸ ਨਾਲ ਬੈੱਡ ਤਿੰਨ ਫੁੱਟ ਤੱਕ ਉੱਚੇ ਚੁੱਕ ਦਿੱਤੇ ਗਏ ਹਨ। ਅਮਰਜੀਤ ਸਿੰਘ ਵੜੈਚ ਨੇ ਕਿਹਾ,‘ਅਸੀਂ ਜਾਣਦੇ ਹਾਂ ਕਿ ਸਰਕਾਰ ਦੇ ਵਾਅਦੇ ਲਾਰੇ ਹੀ ਹਨ, ਕਿਉਂਕਿ ਹੜ੍ਹਾਂ ਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧ ਨਾਕਾਫ਼ੀ ਹਨ, ਜੋ ਮਿੱਟੀ ਲਗਾਈ ਜਾ ਰਹੀ ਹੈ ਉਹ ਖੁਰ ਜਾਏਗੀ, ਉਸ ਤੋਂ ਬਾਅਦ ਪਿਛਲੇ ਸਾਲ ਵਾਂਗ ਸਾਡਾ ਕੋਈ ਵਾਲੀ ਵਾਰਸ ਨਹੀਂ ਹੋਵੇਗਾ, ਪਿਛਲੇ ਸਾਲ ਮੇਰਾ ਜੇਕਰ 3 ਲੱਖ ਦਾ ਨੁਕਸਾਨ ਹੋਇਆ ਸੀ।’
ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਹੜ੍ਹਾਂ ਨੇ ਮੁੜ ਤਬਾਹੀ ਕੀਤੀ ਤਾਂ ਉਹ ਇਹ ਫ਼ੈਸਲਾ ਕਰ ਚੁੱਕੇ ਹਨ ਕਿ ਅਗਲੇ ਮਹੀਨਿਆਂ ਵਿੱਚ ਵੱਡਾ ਸੰਘਰਸ਼ ਸ਼ੁਰੂ ਕਰਨਗੇ।