For the best experience, open
https://m.punjabitribuneonline.com
on your mobile browser.
Advertisement

ਦੁੱਧ ’ਚ ਮਿਲਾਵਟ

06:15 AM Aug 22, 2024 IST
ਦੁੱਧ ’ਚ ਮਿਲਾਵਟ
Advertisement

ਦੁੱਧ ਦੁਨੀਆ ਦਾ ਸਭ ਤੋਂ ਵੱਧ ਮਿਲਾਵਟੀ ਖ਼ੁਰਾਕੀ ਪਦਾਰਥ ਹੈ। ਭਾਰਤ ’ਚ ਇਹ ਸਮੱਸਿਆ ਖ਼ਾਸ ਤੌਰ ’ਤੇ ਜ਼ਿਆਦਾ ਹੈ, ਜੋ ਕਿ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਪੂਰੇ ਸੰਸਾਰ ਦਾ ਸਭ ਤੋਂ ਵੱਡਾ ਦੁੱਧ-ਉਤਪਾਦਕ ਮੁਲਕ ਹੈ। ਆਮ ਤੌਰ ’ਤੇ ਪਾਣੀ ਮਿਲਾਵਟ ਲਈ ਸਭ ਤੋਂ ਵੱਧ ਵਰਤਿਆ ਜਾਂਦਾ ਹੈ, ਜੋ ਤੁਹਾਡੇ ਆਂਢ-ਗੁਆਂਢ ਦਾ ਦੋਧੀ ਅਕਸਰ ਦੁੱਧ ਵਿੱਚ ਪਾਉਂਦਾ ਹੈ, ਹਾਲਾਂਕਿ ਇਸ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਹਰੇਕ ਭਾਰਤੀ ਪਰਿਵਾਰ ਵਿੱਚ ਪ੍ਰਮੁੱਖਤਾ ਨਾਲ ਵਰਤੇ ਜਾਂਦੇ ਦੁੱਧ ਦੀ ਮਾਤਰਾ ਤੇ ਮਿਆਦ ਵਧਾਉਣ ਲਈ ਬੇਈਮਾਨ ਅਨਸਰ ਇਸ ’ਚ ਡਿਟਰਜੈਂਟ, ਯੂਰੀਆ, ਸਟਾਰਚ, ਗਲੂਕੋਜ਼ ਤੇ ਫੋਰਮਾਲਿਨ ਮਿਲਾਉਂਦੇ ਹਨ। ਦੋ ਅਹਿਮ ਸਵਾਲ ਹਨ: ਕੀ ਖ਼ੁਰਾਕ ਸੁਰੱਖਿਆ ਇਕਾਈਆਂ ਇਸ ਕੁਪ੍ਰਥਾ ਨੂੰ ਰੋਕਣ ਲਈ ਕੋਸ਼ਿਸ਼ ਕਰ ਰਹੀਆਂ ਹਨ? ਤੇ ਕੀ ਸਿਹਤ ਲਈ ਬਣੇ ਇਸ ਖ਼ਤਰੇ ਬਾਰੇ ਖ਼ਪਤਕਾਰਾਂ ਨੂੰ ਜਗਾਉਣ ਲਈ ਢੁੱਕਵੀਂ ਜਾਗਰੂਕਤਾ ਫੈਲਾਈ ਜਾ ਰਹੀ ਹੈ?
ਪੰਜਾਬ, ਜਿੱਥੇ ਦੇਸ਼ ਵਿੱਚ ਸਭ ਤੋਂ ਵੱਧ ਦੁੱਧ ਦੀ ਪ੍ਰਤੀ ਵਿਅਕਤੀ ਉਪਲੱਬਧਤਾ ਹੈ, ਇਸ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਸੰਘਰਸ਼ ਕਰ ਰਿਹਾ ਹੈ। ਪਿਛਲੇ ਤਿੰਨ ਸਾਲਾਂ (2021-24) ’ਚ, ਪੂਰੇ ਸੂਬੇ ਵਿੱਚੋਂ ਲਏ ਗਏ ਦੁੱਧ ਤੇ ਦੁੱਧ ਉਤਪਾਦਾਂ ਦੇ ਕਰੀਬ 18 ਪ੍ਰਤੀਸ਼ਤ ਸੈਂਪਲ ਮਿਆਰਾਂ ’ਤੇ ਖ਼ਰੇ ਉਤਰਨ ਵਿੱਚ ਨਾਕਾਮ ਹੋਏ ਹਨ। ਦੇਸ਼ ਦੇ ਮੋਹਰੀ ਦੁੱਧ ਉਤਪਾਦਕ ਸੂਬਿਆਂ ’ਚ ਸ਼ੁਮਾਰ ਹਰਿਆਣਾ ਦੀ ਸਥਿਤੀ ਇਸ ਮਾਮਲੇ ਵਿੱਚ ਹੋਰ ਵੀ ਮਾੜੀ ਹੈ। ਉੱਥੇ 28 ਪ੍ਰਤੀਸ਼ਤ ਸੈਂਪਲ ਮਿਆਰਾਂ ਦੀ ਪਰਖ਼ ਵਿੱਚ ਖ਼ਰੇ ਨਹੀਂ ਉੱਤਰੇ ਹਨ। ਆਗਾਮੀ ਤਿਉਹਾਰਾਂ ਦੀ ਰੁੱਤ ਦੇ ਮੱਦੇਨਜ਼ਰ ਮਿਲਾਵਟੀ ਪਦਾਰਥਾਂ ’ਤੇ ਛਾਪਿਆਂ ਦੀ ਪ੍ਰਕਿਰਿਆ ਤੇਜ਼ ਹੋ ਜਾਵੇਗੀ ਅਤੇ ਇਨ੍ਹਾਂ ਨੂੰ ਜ਼ਬਤ ਵੀ ਕੀਤਾ ਜਾਵੇਗਾ।
ਹਾਲਾਂਕਿ, ਮਿਲਾਵਟ ਕਰਨ ਵਾਲਿਆਂ ਵਿਰੁੱਧ ਦੀਵਾਨੀ ਤੇ ਫ਼ੌਜਦਾਰੀ ਕੇਸ ਦਰਜ ਹੋਣ ਦੇ ਬਾਵਜੂਦ ਇਸ ਅਲਾਮਤ ਨੂੰ ਨੱਥ ਨਹੀਂ ਪਾਈ ਜਾ ਸਕੀ। ਅਜਿਹੇ ਮਾਮਲਿਆਂ ਵਿੱਚ ਸਜ਼ਾ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਕੇਸ ਦਰਜ ਹੋਣ ਦੇ ਬਾਵਜੂਦ ਇਹ ਬੇਰੋਕ ਜਾਰੀ ਹੈ। ਜ਼ਿਆਦਾਤਰ ਮੁਲਜ਼ਮਾਂ ਨੂੰ ਪਤਾ ਹੁੰਦਾ ਹੈ ਕਿ ਉਹ ਕਾਨੂੰਨੀ ਪ੍ਰਕਿਰਿਆ ’ਚੋਂ ਬਚ ਨਿਕਲਣਗੇ। ਦੁੱਧ ’ਚ ਆਮ ਵਰਤੇ ਜਾਂਦੇ ਮਿਲਾਵਟੀ ਪਦਾਰਥਾਂ ਦੀ ਸ਼ਨਾਖ਼ਤ ਲਈ ਟੈਸਟਿੰਗ ਕਿੱਟਾਂ ਬਾਜ਼ਾਰ ’ਚ ਉਪਲੱਬਧ ਹਨ। ਇਨ੍ਹਾਂ ਉਤਪਾਦਾਂ ਨੂੰ ਕਿਫ਼ਾਇਤੀ ਬਣਾਉਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਇਹ ਆਸਾਨੀ ਨਾਲ ਵਰਤੇ ਜਾ ਸਕਣ ਵਾਲੇ ਤੇ ਸਰਲ ਹੋਣੇ ਚਾਹੀਦੇ ਹਨ ਤਾਂ ਕਿ ਖ਼ਪਤਕਾਰਾਂ ਦੇ ਨਾਲ-ਨਾਲ ਸਹਿਕਾਰੀ ਡੇਅਰੀ ਤੇ ਪਲਾਂਟ ’ਚ ਵੀ ਦੁੱਧ ਦੀ ਗੁਣਵੱਤਾ ਜਾਂਚੀ ਜਾ ਸਕੇ। ਇਸ ਦੇ ਨਾਲ-ਨਾਲ, ਖ਼ੁਰਾਕ ਸੁਰੱਖਿਆ ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਖ਼ੁਰਾਕੀ ਪਦਾਰਥਾਂ ਦੇ ਨਿਰੀਖਣ ਤੇ ਜਾਂਚ ਲਈ ਅਗਾਊਂ ਸਰਗਰਮ ਹੋਣ। ਸੈਂਪਲ ਦੀ ਜਾਂਚ ਤੋਂ ਬਾਅਦ ਘਟੀਆ ਮਿਆਰਾਂ ਲਈ ਜ਼ਿੰਮੇਵਾਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ’ਤੇ ਮਾੜੇ ਅਨਸਰਾਂ ਨੂੰ ਬਲ ਮਿਲਦਾ ਹੈ ਤੇ ਉਹ ਲੋਕਾਂ ਦੀ ਸਿਹਤ ਨਾਲ ਖੇਡਣਾ ਜਾਰੀ ਰੱਖਦੇ ਹਨ।

Advertisement

Advertisement
Advertisement
Author Image

joginder kumar

View all posts

Advertisement