ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰੀ ਆਈਟੀਆਈਜ਼ ’ਚ ਦਾਖ਼ਲੇ ਵਧੇ; ਪ੍ਰਾਈਵੇਟ ਵਿੱਚ ਘਟੇ

07:27 AM Jan 31, 2024 IST
ਪਟਿਆਲਾ ਦੀ ਸਰਕਾਰੀ ਆਈਟੀਆਈ ਵਿੱਚ ਸਿਖਲਾਈ ਲੈਂਦੇ ਹੋਏ ਵਿਦਿਆਰਥੀ।

ਚਰਨਜੀਤ ਭੁੱਲਰ
ਚੰਡੀਗੜ੍ਹ, 30 ਜਨਵਰੀ
‘ਸਟੱਡੀ ਵੀਜ਼ੇ’ ਦੇ ਰੁਝਾਨ ਨੇ ਬੇਸ਼ੱਕ ਪੰਜਾਬ ਦੇ ਕਾਲਜਾਂ ਨੂੰ ਖਾਲੀ ਕਰ ਦਿੱਤਾ ਹੈ ਪਰ ਇਹ ਪੰਜਾਬ ਵਿੱਚ ਆਈਟੀਆਈਜ਼ ਦੀ ਮੜਕ ਨਹੀਂ ਭੰਨ੍ਹ ਸਕਿਆ। ਪਰਵਾਸ ਦੇ ਤੇਜ਼ ਰਫਤਰੀ ਦੌਰ ’ਚ ਵਿਦਿਆਰਥੀਆਂ ਨੇ ਆਈਟੀਆਈਜ਼ (ਉਦਯੋਗਿਕ ਸਿਖਲਾਈ ਸੰਸਥਾ) ਨੂੰ ਤਰਜੀਹ ਦਿੱਤੀ ਹੈ। ਆਈਟੀਆਈਜ਼ ਦੇ ਟਰੇਡ ਨੌਜਵਾਨਾਂ ਨੂੰ ਹੁਨਰਮੰਦ ਬਣਾਉਂਦੇ ਹਨ। ਸੂਬੇ ਵਿਚ ਸਰਕਾਰੀ ਆਈਟੀਆਈਜ਼ ਦਾ ਜਲੌਅ ਕਦੇ ਵੀ ਮੱਧਮ ਨਹੀਂ ਪਿਆ ਹੈ ਜਦਕਿ ਪ੍ਰਾਈਵੇਟ ਆਈਟੀਆਈਜ਼ ਵਿੱਚ ਦਾਖ਼ਲੇ ਘਟੇ ਹਨ। ਤਕਨੀਕੀ ਸਿੱਖਿਆ ਵਿਭਾਗ ਦੇ ਤੱਥ ਗਵਾਹੀ ਭਰਦੇ ਹਨ ਕਿ ਪੰਜਾਬ ਵਿੱਚ ਪੰਜ ਵਰ੍ਹਿਆਂ ਦੌਰਾਨ 20 ਨਵੀਆਂ ਸਰਕਾਰੀ ਆਈਟੀਆਈਜ਼ ਖੁੱਲ੍ਹੀਆਂ ਹਨ ਜਦਕਿ ਇਸ ਸਮੇਂ ਦੌਰਾਨ 35 ਪ੍ਰਾਈਵੇਟ ਆਈਟੀਆਈਜ਼ ਨੂੰ ਤਾਲੇ ਲੱਗੇ ਹਨ। ਸਾਲ 2019 ਵਿਚ ਸੂਬੇ ਵਿਚ ਸਰਕਾਰੀ ਖੇਤਰ ’ਚ 117 ਆਈਟੀਆਈਜ਼ ਸਨ ਜਿਨ੍ਹਾਂ ਦੀ ਗਿਣਤੀ ਹੁਣ 137 ਹੋ ਗਈ ਹੈ ਜਦੋਂ ਕਿ ਪ੍ਰਾਈਵੇਟ ਖੇਤਰ ’ਚ ਸਾਲ 2019 ਵਿਚ 220 ਆਈਟੀਆਈਜ਼ ਸਨ ਜਿਨ੍ਹਾਂ ਦਾ ਅੰਕੜਾ ਹੁਣ 185 ਰਹਿ ਗਿਆ ਹੈ। ਲੰਘੇ ਇੱਕ ਸਾਲ ਵਿਚ 16 ਪ੍ਰਾਈਵੇਟ ਆਈਟੀਆਈਜ਼ ਬੰਦ ਹੋਈਆਂ ਹਨ। ਦਾਖਲਿਆਂ ’ਤੇ ਨਜ਼ਰ ਮਾਰੀਏ ਤਾਂ ਚਾਲੂ ਸੈਸ਼ਨ ਵਿਚ ਸਰਕਾਰੀ ਆਈਟੀਆਈਜ਼ ਵਿਚ 95.62 ਫੀਸਦੀ ਦਾਖਲੇ ਹੋਏ ਹਨ ਜਦੋਂਕਿ ਪ੍ਰਾਈਵੇਟ ਵਿਚ 51.01 ਫੀਸਦੀ ਦਾਖਲੇ ਹੋਏ ਹਨ। ਸਰਕਾਰੀ ਆਈਟੀਆਈਜ਼ ਵਿਚ ਸਾਲ 2019 ਵਿਚ 95.18 ਫੀਸਦੀ ਸੀਟਾਂ ਭਰੀਆਂ ਸਨ ਜਦੋਂ ਕਿ ਪ੍ਰਾਈਵੇਟ ਵਿਚ ਦਾਖਲੇ 59.48 ਫੀਸਦੀ ਹੋਏ ਸਨ। ਸਾਲ 2020 ਵਿਚ ਸਰਕਾਰੀ ਵਿਚ ਦਾਖਲੇ 93.78 ਫੀਸਦੀ ਅਤੇ ਪ੍ਰਾਈਵੇਟ ਵਿਚ 50.41 ਫੀਸਦੀ ਹੋਏ ਸਨ। ਸਾਲ 2022 ਵਿਚ ਪ੍ਰਾਈਵੇਟ ਵਿਚ 47.04 ਫੀਸਦੀ ਜਦੋਂਕਿ ਸਰਕਾਰੀ ਵਿਚ 92.13 ਫੀਸਦੀ ਦਾਖਲੇ ਹੋਏ ਸਨ। ਸਰਕਾਰੀ ’ਤੇ ਨਜ਼ਰ ਮਾਰੀਏ ਤਾਂ ਬਠਿੰਡਾ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਮੋਗਾ ਅਤੇ ਹੁਸ਼ਿਆਰਪੁਰ ਦੀ ਆਈਟੀਆਈਜ਼ ਦਾ ਨਾਮ ਸਿਖਰਲਿਆਂ ਵਿਚ ਹੈ। ਸਰਕਾਰੀ ਆਈਟੀਆਈਜ਼ ਦੇ ਪ੍ਰਬੰਧਕ ਦੱਸਦੇ ਹਨ ਕਿ ਸਰਕਾਰੀ ਆਈਟੀਆਈਜ਼ ਵਿਚ ਐਸਸੀ ਵਰਗ ਦੇ ਬੱਚਿਆਂ ਲਈ ਕੋਈ ਫੀਸ ਨਹੀਂ ਅਤੇ ਸਿਰਫ 100 ਰੁਪਏ ਸਾਲਾਨਾ ਫੰਡ ਵਜੋਂ ਲਏ ਜਾਂਦੇ ਹਨ। ਜਨਰਲ ਵਰਗ ਲਈ ਸਾਲਾਨਾ ਫੀਸ ਸਿਰਫ 3400 ਰੁਪਏ ਦੇ ਕਰੀਬ ਹੈ। ਦੂਸਰੇ ਪਾਸੇ ਪ੍ਰਾਈਵੇਟ ਆਈਟੀਆਈਜ਼ ਵਿਚ ਫੀਸ 15 ਹਜ਼ਾਰ ਸਾਲਾਨਾ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਇਲੈਕਟ੍ਰੀਸ਼ਨ ਟਰੇਡ ਵਿਚ ਤਾਂ ਫੀਸ 50 ਹਜ਼ਾਰ ਰੁਪਏ ਤੱਕ ਵੀ ਚਲੀ ਜਾਂਦੀ ਹੈ। ਸਰਕਾਰੀ ਆਈਟੀਆਈਜ਼ ਵਿਚ ਬੱਚਿਆਂ ਨੂੰ ਸਾਲਾਨਾ 5800 ਰੁਪਏ ਵਜ਼ੀਫਾ ਮਿਲਦਾ ਹੈ। ਲੜਕੀਆਂ ਦਾ ਰੁਝਾਨ ਆਈਟੀਆਈਜ਼ ਵਿਚ ਬਹੁਤ ਜ਼ਿਆਦਾ ਨਹੀਂ ਹੈ।

Advertisement

ਸਰਕਾਰੀ ਆਈਟੀਆਈਜ਼ ਵਿੱਚ 40 ਫੀਸਦੀ ਅਸਾਮੀਆਂ ਖਾਲੀ

ਪੰਜਾਬ ਵਿਚ ਇਸ ਵੇਲੇ 137 ਸਰਕਾਰੀ ਆਈਟੀਆਈਜ਼ ਵਿਚ ਟੀਚਿੰਗ ਅਤੇ ਨਾਨ ਟੀਚਿੰਗ ਮੈਂਬਰਾਂ ਦੀਆਂ 4500 ਪ੍ਰਵਾਨਿਤ ਅਸਾਮੀਆਂ ਹਨ ਜਿਨ੍ਹਾਂ ਵਿਚੋਂ 40 ਫੀਸਦੀ ਖਾਲੀ ਪਈਆਂ ਹਨ। ਇਨ੍ਹਾਂ ਦੀ ਪੂਰਤੀ ਲਈ ਸਰਕਾਰ ਨੇ 650 ਟਰੇਨਰਾਂ ਦੀ ਆਰਜ਼ੀ ਭਰਤੀ ਕੀਤੀ ਹੋਈ ਹੈ। ਸਾਬਕਾ ਪ੍ਰਿੰਸੀਪਲ ਯਾਦਵਿੰਦਰ ਸਿੰਘ ਆਖਦੇ ਹਨ ਕਿ ਅਸਲ ਵਿਚ ਜਿਹੜੇ ਨੌਜਵਾਨ ਆਈਟੀਆਈਜ਼ ਵਿਚੋਂ ਕਿੱਤਾਮੁਖੀ ਕੋਰਸ ਕਰ ਲੈਂਦੇ ਹਨ, ਉਨ੍ਹਾਂ ਨੂੰ 10 ਤੋਂ 15 ਹਜ਼ਾਰ ਰੁਪਏ ਦੀ ਪ੍ਰਾਈਵੇਟ ਖੇਤਰ ਵਿਚ ਨੌਕਰੀ ਮਿਲ ਜਾਂਦੀ ਹੈ।

Advertisement
Advertisement