ਯੂਟੀ ਦੇ ਸਰਕਾਰੀ ਸਕੂਲਾਂ ’ਚ ਗਿਆਰ੍ਹਵੀਂ ਲਈ ਦਾਖ਼ਲੇ ਸ਼ੁਰੂ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 27 ਮਈ
ਇੱਥੋਂ ਦੇ ਸਰਕਾਰੀ ਸਕੂਲਾਂ ਵਿੱਚ ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲਿਆਂ ਲਈ ਅੱਜ ਤੋਂ ਰਜਿਸਟਰੇਸ਼ਨ ਸ਼ੁਰੂ ਹੋ ਗਈ। ਵਿਦਿਆਰਥੀਆਂ ਨੇ ਅੱਜ ਆਨਲਾਈਨ, ਸਰਕਾਰੀ ਸਕੂਲਾਂ ਤੇ ਸਿੱਖਿਆ ਵਿਭਾਗ ਵਲੋਂ ਨਿਰਧਾਰਤ ਕੀਤੇ ਕੇਂਦਰਾਂ ਵਿਚ ਜਾ ਕੇ ਰਜਿਸਟਰੇਸ਼ਨ ਕਰਵਾਈ। ਸਿੱਖਿਆ ਵਿਭਾਗ ਕੋਲ ਅੱਜ 3040 ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਜਿਨ੍ਹਾਂ ਵਿਚੋਂ 1939 ਨੇ ਫਾਰਮ ਵੀ ਜਮ੍ਹਾਂ ਕਰਵਾ ਦਿੱਤੇ ਹਨ ਜਦਕਿ 1314 ਵਿਦਿਆਰਥੀਆਂ ਨੇ ਫਾਰਮਾਂ ਦੇ ਨਾਲ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਹੈ। ਇਸ ਵਾਰ ਗਿਆਰ੍ਹਵੀਂ ਲਈ ਚੰਡੀਗੜ੍ਹ ਦੇ 42 ਸੀਨੀਅਰ ਸੈਕੰਡਰੀ ਸਕੂਲਾਂ ਵਿਚ 13,875 ਸੀਟਾਂ ’ਤੇ ਦਾਖ਼ਲੇ ਹੋਣਗੇ ਜਿਨ੍ਹਾਂ ਵਿਚ
ਵਿਗਿਆਨ ਦੀਆਂ 3080, ਕਾਮਰਸ ਦੀਆਂ 1980, ਹਿਊਮੈਨੀਟੀਜ਼ ਦੀਆਂ 7060 ਤੇ ਵੋਕੇਸ਼ਨਲ ਦੀਆਂ 1755 ਸੀਟਾਂ ਸ਼ਾਮਲ ਹਨ। ਗਿਆਰ੍ਹਵੀਂ ਜਮਾਤ ਲਈ ਰਜਿਸਟਰੇਸ਼ਨ ਦੀ ਆਖ਼ਰੀ ਮਿਤੀ 7 ਜੂਨ ਹੋਵੇਗੀ, ਆਰਜ਼ੀ ਕਾਮਨ ਮੈਰਿਟ ਲਿਸਟ 12 ਜੂਨ ਨੂੰ ਜਾਰੀ ਕੀਤੀ ਜਾਵੇਗੀ। ਦਾਖ਼ਲਾ ਪ੍ਰਕਿਰਿਆ ਤੋਂ ਬਾਅਦ ਪਹਿਲੀ ਜੁਲਾਈ ਤੋਂ ਜਮਾਤਾਂ ਸ਼ੁਰੂ ਹੋਣਗੀਆਂ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਹੈਲਪ ਡੈਸਕਾਂ ਤੋਂ ਇਲਾਵਾ ਵਿਦਿਆਰਥੀ ਸੈਕਟਰ-30 ਦੇ ਨਾਇਲਿਟ ਸੈਂਟਰ ਵਿਚ ਵੀ 10 ਤੋਂ 5 ਵਜੇ ਤਕ ਜਾ ਕੇ ਫਾਰਮ ਭਰਵਾ ਸਕਦੇ ਹਨ। ਸਾਰੀਆਂ ਸਟਰੀਮਾਂ ਲਈ ਇਕ ਹੀ ਰਜਿਸਟਰੇਸ਼ਨ ਫਾਰਮ ਭਰਨਾ ਹੋਵੇਗਾ ਜਿਸ ਦੀ ਫੀਸ 225 ਰੁਪਏ ਹੋਵੇਗੀ। ਇਥੋਂ ਦੇ ਸਰਕਾਰੀ ਸਕੂਲਾਂ ਵਿੱਚ ਕੁਲ ਸੀਟਾਂ 13,875 ਹਨ ਜਿਨ੍ਹਾਂ ਵਿਚੋਂ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚੋਂ ਪਾਸ 85 ਫੀਸਦੀ ਵਿਦਿਆਰਥੀਆਂ ਲਈ 11794 ਜਦਕਿ ਬਾਕੀ 15 ਫੀਸਦੀ ਸੀਟਾਂ 2081 ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਤੇ ਹੋਰ ਰਾਜਾਂ ਵਿਚੋਂ ਦਸਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਰਾਖਵੀਆਂ ਹਨ।