ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ
ਪੱਤਰ ਪ੍ਰੇਰਕ
ਰਤੀਆ, 14 ਜੁਲਾਈ
ਉਪ ਮੰਡਲ ਮੈਜਿਸਟਰੇਟ ਜਗਦੀਸ਼ ਚੰਦਰ ਨੇ ਅਧਿਕਾਰੀਆਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸਾਰੇ ਅਧਿਕਾਰੀ ਅਤੇ ਕਰਮਚਾਰੀ ਅੱਪਡੇਟ ਹੋਣ, ਹੜ੍ਹ ਬਚਾਓ ਕਾਰਜਾਂ ਵਿੱਚ ਕੋਈ ਵੀ ਕਰਮਚਾਰੀ ਲਾਪ੍ਰਵਾਹੀ ਨਾ ਵਰਤੇ ਤੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਉੱਥੇ ਮੌਜੂਦ ਲੋਕਾਂ ਨਾਲ ਮੁਲਾਕਾਤ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਪ੍ਰਸ਼ਾਸਨ ਵੱਲੋਂ ਰਤੀਆ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਰਤੀਆ ਮਨਿੀ ਸਕੱਤਰੇਤ ਵਿੱਚ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ ਹਰ ਪਲ ਦੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹ੍ਵਾਂ ਦੱਸਿਆ ਕਿ ਸਮੂਹ ਨਾਗਰਿਕਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਉਨ੍ਹਾਂ ਨੂੰ ਸੰਭਾਵਿਤ ਹੜ੍ਹਾਂ ਸਬੰਧੀ ਕਿਸੇ ਕਿਸਮ ਦੀ ਸੂਚਨਾ ਮਿਲਦੀ ਹੈ ਤਾਂ ਕੰਟਰੋਲ ਰੂਮ ਵਿੱਚ ਦੱਸਿਆ ਜਾਵੇ।
ਕਿਸਾਨ ਆਗੂਆਂ ਨੇ ਨੁਕਸਾਨ ਦਾ ਮੁਆਵਜ਼ਾ ਮੰਗਿਆ
ਯਮੁਨਾਨਗਰ (ਪੱਤਰ ਪ੍ਰੇਰਕ): ਅਖਿਲ ਭਾਰਤੀ ਕਿਸਾਨ ਸਭਾ ਜ਼ਿਲ੍ਹਾ ਯਮੁਨਾਨਗਰ ਦੀ ਟੀਮ ਨੇ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰੀ ਮੀਂਹ ਕਾਰਨ ਜ਼ਿਲ੍ਹੇ ਵਿੱਚ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ। ਕਮਾਲਪੁਰ ਟਾਪੂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਪਾਣੀ ਭਰਨ ਕਾਰਨ ਘਰਾਂ ਅਤੇ ਪਸ਼ੂਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਪਸ਼ੂਆਂ ਲਈ ਚਾਰੇ ਦੀ ਵੀ ਸਮੱਸਿਆ ਖੜ੍ਹੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੰਬਾਲਾ-ਸਹਾਰਨਪੁਰ ਫਲਾਈਓਵਰ ਦੀ ਉਸਾਰੀ ਕਾਰਨ ਅਤੇ ਬਰਸਾਤੀ ਪਾਣੀ ਦੇ ਵਹਾਅ ਦੇ ਸਹੀ ਪ੍ਰਬੰਧ ਨਾ ਹੋਣ ਕਾਰਨ ਆਸਪਾਸ ਦੇ ਦਰਜਨਾਂ ਪਿੰਡਾਂ ਵਿੱਚ ਭਾਰੀ ਮੀਂਹ ਕਾਰਨ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਰਵੇ ਕਰਵਾ ਕੇ ਫ਼ਸਲ ਖਰਾਬ ਹੋਣ ਦੇ ਬਦਲੇ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਸਾਰੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਚਾਰੇ ਲਈ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਜਨਿ੍ਹਾਂ ਦੇ ਘਰ ਅਤੇ ਦੁਕਾਨਾਂ ਨੁਕਸਾਨੀਆਂ ਗਈਆਂ ਹਨ, ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ।
ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਜਾਰੀ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਉਪ ਮੰਡਲ ਅਧਿਕਾਰੀ ਪੁਲਕਿਤ ਮਲਹੋਤਰਾ ਨੇ ਕਿਹਾ ਹੈ ਕਿ ਬਰਸਾਤ ਦੇ ਪਾਣੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਾਰੇ ਅਧਿਕਾਰੀ ਤੇ ਕਰਮਚਾਰੀ ਰੈੱਡ ਅਲਰਟ ਮੋਡ ਵਿਚ ਹਨ। ਇਸ ਉਪ ਮੰਡਲ ਵਿਚ ਸਾਰੇ ਅਧਿਕਾਰੀ ਤੇ ਕਰਮਚਾਰੀ 24 ਘੰਟੇ ਸੰਪਰਕ ਵਿਚ ਰਹਿਣਗੇ ਤੇ ਲੋਕਾਂ ਨੂੰ ਖਾਣ ਦਾ ਸਾਮਾਨ, ਪੀਣ ਵਾਲਾ ਪਾਣੀ, ਠਹਿਰਨ ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਗੇ। ਇਸ ਮਾਮਲੇ ਵਿਚ ਲਾਪ੍ਰਵਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ਼ਾਹਬਾਦ ਦੇ ਐੱਸਡੀਐੱਮ ਦਫਤਰ ਵਿਚ ਹੜ੍ਹ ਕੇਂਦਰ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੰਟਰੋਲ ਰੂਮ ਹੈਲਪਲਾਈਨ ਨੰਬਰ 01744-244214 ਵੀ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਐੱਨਡੀਆਰਐੱਫ ਦੀ ਟੀਮ ਪਹੁੰਚ ਗਈ ਹੈ ਤੇ ਆਪਣੇ ਕੰਮ ਵਿਚ ਜੁਟੀ ਹੋਈ ਹੈ।