ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਿੰਡਾਂ ’ਚ ਜਾ ਕੇ ਕਿਸਾਨਾਂ ਨਾਲ ਸੰਵਾਦ
ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 4 ਅਕਤੂਬਰ
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਸਬ-ਡਿਵੀਜ਼ਨ ਸੰਗਰੂਰ ਦੇ ਵੱਖ-ਵੱਖ ਪਿੰਡਾਂ ਕਾਂਝਲਾ, ਲੱਡਾ, ਬਡਰੁੱਖਾਂ, ਉਭਾਵਾਲ, ਚੱਠੇ ਸੇਖਵਾਂ, ਉਪਲੀ ਆਦਿ ਦਾ ਦੌਰਾ ਕਰਦੇ ਹੋਏ ਭਰਵੇਂ ਇਕੱਠਾਂ ਦੌਰਾਨ ਕਿਸਾਨਾਂ ਅਤੇ ਜ਼ਿਮੀਂਦਾਰਾਂ ਨੂੰ ਪਰਾਲੀ ਦੇ ਯੋਗ ਪ੍ਰਬੰਧਨ ਲਈ ਪ੍ਰੇਰਿਤ ਕੀਤਾ। ਪਿੰਡਾਂ ਦੀਆਂ ਸਾਂਝੀਆਂ ਥਾਵਾਂ ਉੱਤੇ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਵਾਤਾਵਰਨ ਦੀ ਸਾਂਭ ਸੰਭਾਲ ਲਈ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਆਪਾਂ ਮਨੁੱਖਤਾ, ਬਨਸਪਤੀ ਅਤੇ ਜੀਵ-ਜੰਤੂਆਂ ਦੇ ਭਲੇ ਨੂੰ ਯਕੀਨੀ ਬਣਾਉਣ ਲਈ ਆਪਣੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਾਂਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਵੱਲੋਂ ਲਗਪਗ 11,200 ਮਸ਼ੀਨਾਂ ਸਬਸਿਡੀ ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਮੌਕੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਜ਼ਿਲ੍ਹਾ ਸੰਗਰੂਰ ਨੂੰ ਪਰਾਲੀ ਸਾੜਨ ਦੀ ਪ੍ਰਥਾ ਤੋਂ ਮੁਕਤ ਕਰਨ ਲਈ ਕਿਸਾਨਾਂ ਤੋਂ ਸਹਿਯੋਗ ਮੰਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਨੇ ਵੀ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਕਿਸਾਨ ਪੱਖੀ ਉਪਰਾਲਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਸ਼ੇਰਪੁਰ/ਧੂਰੀ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਬਲਾਕ ਸ਼ੇਰਪੁਰ ਤੇ ਧੂਰੀ ਦੇ ਪਿੰਡਾਂ ਦਾ ਰੁਖ ਕਰਦਿਆਂ ਪਿੰਡਾਂ ਦੀਆਂ ਸੱਥਾਂ ‘ਚ ਕਿਸਾਨਾਂ ਨਾਲ ਖੁਦ ਸਿੱਧਾ ਸੰਵਾਦ ਰਚਾਉਂਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾਲ ਲਗਾਉਣ। ਇਤਿਹਾਸਕ ਪਿੰਡ ਮੂਲੋਵਾਲ, ਕੁੰਭੜਵਾਲ, ਬਾਲੀਆਂ, ਹਸਨਪੁਰ, ਕਾਂਝਲਾ ਲੱਡਾ ਆਦਿ ਪਿੰਡਾਂ ਵਿੱਚ ਪੁੱਜ ਡੀਸੀ ਸੰਗਰੂਰ ਨਾਲ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਹਿਲ, ਐਸਡੀਐਮ ਧੂਰੀ ਵਿਕਾਸ ਹੀਰਾ, ਮੁੱਖ ਖੇਤੀਵਾੜੀ ਅਫ਼ਸਰ ਹਰਬੰਸ ਸਿੰਘ ਚਹਿਲ, ਡਿਪਟੀ ਰਜਿਸਟਰਾਰ ਸਹਿਕਾਰੀ ਸੇਵਾਵਾਂ ਅਤੇ ਡੀਐਸਪੀ ਧੂਰੀ ਮਨਦੀਪ ਸਿੰਘ ਆਦਿ ਹਾਜ਼ਰ ਸਨ।
ਕਿਸਾਨਾਂ ਨੇ ਡੀਏਪੀ ਤੇ ਗੰਨਾ ਮਿੱਲ ਧੂਰੀ ਦਾ ਮੁੱਦਾ ਉਠਾਇਆ
ਧੂਰੀ (ਪੱਤਰ ਪ੍ਰੇਰਕ): ਪਿੰਡ ਮੂਲੋਵਾਲ ਵਿਖੇ ਕੋ-ਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਮੱਖਣ ਸਿੰਘ, ਸਾਬਕਾ ਸਰਪੰਚ ਜਗਪਾਲ ਜੱਗੀ, ਰਜਿੰਦਰ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ ਮੂਲੋਵਾਲ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦੱਸਿਆ ਕਿ ਮੂਲੋਵਾਲ ‘ਚ ਚਾਰ ਪਿੰਡਾਂ ਦੀ ਸੁਸਾਇਟੀ ਵਿੱਚ 7 ਹਜ਼ਾਰ ਡੀਏਪੀ ਦੀ ਬੋਰੀ ਚਾਹੀਦੀ ਹੈ ਪਰ ਹਾਲੇ ਤੱਕ ਇੱਕ ਹਜ਼ਾਰ ਬੋਰੀ ਹੀ ਆਈ ਹੈ। ਇਸ ਮੌਕੇ ਕਿਸਾਨਾਂ ਨੇ ਧੂਰੀ ਗੰਨਾ ਮਿੱਲ ਚਲਾਉਣ ਦਾ ਮੁੱਦਾ ਵੀ ਉਭਾਰਿਆ ਜਦੋਂ ਕਿ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬਾਬੂ ਸਿੰਘ ਮੂਲੋਵਾਲ ਨੇ ਡੀਏਪੀ ਦੀ ਘਾਟ ਸਬੰਧੀ ਮੰਗ ਪੂਰੀ ਨਾ ਹੋਣ ‘ਤੇ ਸੰਘਰਸ਼ ਛੇੜਨ ਲਈ ਕਿਹਾ।
ਐਸਡੀਐਮ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕੀਤਾ
ਪਟਿਆਲਾ (ਖੇਤਰੀ ਪ੍ਰਤੀਨਿਧ): ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਪਟਿਆਲਾ ਦੇ ਐੱਸਡੀਐੱਮ ਮਨਜੀਤ ਕੌਰ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾਲ ਸਾੜਨ ਦੀ ਅਪੀਲ ਕੀਤੀ। ਪਟਿਆਲਾ ਸਬ-ਡਿਵੀਜ਼ਨ ਦੇ ਪਿੰਡ ਲੰਗ, ਚਲੈਲਾ, ਕਸਿਆਣਾ ਤੇ ਫੱਗਣ ਮਾਜਰਾ ਸਮੇਤ ਦਰਜਨ ਭਰ ਪਿੰਡ ਦਾ ਦੌਰਾ ਕਰਦਿਆਂ ਉਨ੍ਹਾ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਗਏ ਉਪਰਾਲਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਕਿਸਾਨ ਮਸ਼ੀਨਰੀ ਲਈ ਆਪਣੇ ਪਿੰਡ ਦੇ ਵਿਲੇਜ ਲੈਵਲ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ ਜਾ ਫੇਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਬਣਾਈ ਗਈ ‘ਉਨਤ ਕਿਸਾਨ’ ਐਪ ਰਾਹੀਂ ਲੋੜੀਂਦੀ ਮਸ਼ੀਨਰੀ ਦੀ ਬੁਕਿੰਗ ਕਰਵਾ ਸਕਦੇ ਹਨ। ਉਨ੍ਹਾਂ ਪਿਛਲੇ ਸਾਲ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ।