ਪ੍ਰਸ਼ਾਸਨਿਕ ਅਧਿਕਾਰੀ ਤੇ ਸਰਕਾਰ ਦੇ ਨੁਮਾਇੰਦੇ ਲੋਕਾਂ ਦੀ ਸਾਰ ਲੈਣ: ਵੜਿੰਗ
ਪੱਤਰ ਪ੍ਰੇਰਕ
ਦੇਵੀਗੜ੍ਹ, 11 ਜੁਲਾਈ
ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੇਵੀਗੜ੍ਹ ਇਲਾਕੇ ਦੇ ਹੜ੍ਹ ਪ੍ਰਭਾਵਤ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵੀ ਵਿਸ਼ੇਸ਼ ਤੌਰ ’ਤੇ ਨਾਲ ਸਨ। ਉਨ੍ਹਾਂ ਨੇ ਆਪਣੇ ਹਲਕੇ ਦੇ ਪਿੰਡਾਂ ਰੌਹੜ ਜਾਗੀਰ, ਲੇਹਲਾਂ, ਫਰਾਂਸਵਾਲਾ, ਮੀਰਾਂਪੁਰ ਚੋਆ ਅਤੇ ਸਨੌਰ ਦੇ ਨਾਲ ਲਗਦੇ ਪਿੰਡਾਂ ਦਾ ਦੌਰਾ ਕਰਵਾਇਆ।
ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਹੜ੍ਹਾਂ ਨਾਲ ਮਾੜੀ ਸਥਿਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਰਕਾਰ ਦੇ ਨੁਮਾਇੰਦੇ ਲੋਕਾਂ ਦੀ ਜਲਦ ਤੋਂ ਜਲਦ ਸਾਰ ਲੈਣ। ਉਨ੍ਹਾਂ ਕਿਹਾ ਕਿ ਟਾਂਗਰੀ ਨਦੀ ਵਿੱਚ ਵੱਧ ਪਾਣੀ ਆਉਣ ਕਾਰਨ ਬਹੁਤ ਸਾਰੇ ਪਿੰਡਾਂ ਦਾ ਸੰਪਰਕ ਦੇਵੀਗੜ੍ਹ ਅਤੇ ਪਹੇਵਾ ਨਾਲੋਂ ਟੁੱਟ ਗਿਆ ਹੈ। ਪੀੜਤਾਂ ਤੱਕ ਖਾਣ ਪੀਣ ਦੀਆਂ ਵਸਤਾਂ, ਪਸ਼ੂਆਂ ਲਈ ਚਾਰਾ ਤੇ ਦੁੱਧ ਆਦਿ ਪਹੁੰਚਾਉਣਾ ਪ੍ਰਸ਼ਾਸਨ ਅਤੇ ਲੋਕ ਨੁਮਾਇੰਦਿਆਂ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਇਸ ਹੜ੍ਹ ਮਾਰੇ ਇਲਾਕੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਘੱਟ ਆ ਰਹੇ ਹਨ ਜਿਸ ਕਾਰਨ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਮੌਕੇ ’ਤੇ ਹੀ ਡੀਸੀ ਪਟਿਆਲਾ ਸਾਕਸ਼ੀ ਸਾਹਨੀ ਅਤੇ ਐਸਡੀਐਮ ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਨੂੰ ਫੋਨ ’ਤੇ ਇਲਾਕੇ ਦੀ ਸਥਿਤੀ ਤੋਂ ਜਾਣੂ ਕਰਾਇਆ ਤੇ ਤੁਰੰਤ ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪਹੁੰਚਣ ਦੀ ਮੰਗ ਕੀਤੀ।