For the best experience, open
https://m.punjabitribuneonline.com
on your mobile browser.
Advertisement

ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ’ਤੇ ਸਖ਼ਤ ਹੋਇਆ ਪ੍ਰਸ਼ਾਸਨ

07:51 AM Jul 10, 2024 IST
ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ’ਤੇ ਸਖ਼ਤ ਹੋਇਆ ਪ੍ਰਸ਼ਾਸਨ
ਪੁਲੀਸ ਕਮਿਸ਼ਨਰ ਨਾਲ ਮੀਟਿੰਗ ਕਰਦੇ ਹੋਏ ਸ਼ਿਵ ਸੈਨਾ ਆਗੂ।
Advertisement

ਗਗਨਦੀਪ ਅਰੋੜਾ
ਲੁਧਿਆਣਾ, 9 ਜੁਲਾਈ
ਸ਼ਿਵ ਸੈਨਾ ਆਗੂ ਸੰਦੀਪ ਥਾਪਰ ਗੋਰਾ ’ਤੇ ਹੋਏ ਹਮਲੇ ਤੋਂ ਬਾਅਦ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ’ਤੇ ਤਕਰੀਬਨ 10 ਹਿੰਦੂ ਆਗੂਆਂ ਨੂੰ ਸੁਰੱਖਿਆ ਦੇ ਦਿੱਤੀ ਗਈ ਹੈ। ਮੰਗਲਵਾਰ ਨੂੰ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨਾਲ ਸ਼ਿਵ ਸੈਨਾ ਦੇ ਵੱਖ-ਵੱਖ ਅਹੁਦੇਦਾਰਾਂ ਨੇ ਮੀਟਿੰਗ ਕੀਤੀ। ਤਕਰੀਬਨ ਇੱਕ ਘੰਟੇ ਤੱਕ ਚੱਲੀ ਇਸ ਮੀਟਿੰਗ ਤੋਂ ਬਾਅਦ ਸ਼ਿਵ ਸੈਨਾ ਤੇ ਹਿੰਦੂ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਗੱਲ ਉੱਭਰ ਕੇ ਸਾਹਮਣੇ ਆਈ। ਹੁਣ ਫਿਰ ਚਰਚਾ ਸ਼ੁਰੂ ਹੋ ਗਈ ਹੈ ਕਿ ਪੁਲੀਸ ਨੇ ਮਾਹੌਲ ਸ਼ਾਂਤ ਕਰਨ ਲਈ ਇੱਕ ਵਾਰ ਫਿਰ ਹਿੰਦੂ ਆਗੂਆਂ ਨੂੰ ਗੰਨਮੈਨ ਦੇ ਦਿੱਤੇ ਹਨ। ਮੀਟਿੰਗ ਦੌਰਾਨ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਸ਼ਿਵ ਸੈਨਾ ਆਗੂਆਂ ਨੂੰ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਤੋਂ ਬਚਣ ਦੀ ਸਲਾਹ ਦਿੱਤੀ। ਮੀਟਿੰਗ ਦੌਰਾਨ ਕਮਿਸ਼ਨਰ ਨੇ ਕਿਹਾ ਕਿ ਸਾਰੇ ਧਰਮਾਂ ਦਾ ਸਨਮਾਨ ਕਰਦੇ ਹੋਏ ਸ਼ਹਿਰ ਦਾ ਮਾਹੌਲ ਸਾਂਤੀਪੂਰਨ ਬਣਾ ਕੇ ਰੱਖਣਾ ਚਾਹੀਦਾ ਹੈ। ਸ਼ਿਵ ਸੈਨਾ ਆਗੂਆਂ ਨੂੰ ਸਾਫ਼ ਤੌਰ ’ਤੇ ਚਿਤਾਵਨੀ ਦਿੱਤੀ ਗਈ ਕਿ ਜੇ ਕੋਈ ਵੀ ਵਿਅਕਤੀ ਭੜਕਾਊ ਭਾਸ਼ਣ ਦੇਵੇਗਾ ਤਾਂ ਉਹ ਭਾਵੇਂ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸ਼ਿਵ ਸੈਨਾ ਪ੍ਰਮੁੱਖ ਰਾਜੀਵ ਟੰਡਨ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਸਾਰੀਆਂ ਹਿੰਦੂ ਜਥੇਬੰਦੀਆਂ ਸ਼ਹਿਰ ’ਚ ਸ਼ਾਂਤੀ ਮਾਰਚ ਕਰਨਗੀਆਂ। ਸ੍ਰੀ ਟੰਡਨ ਨੇ ਕਿਹਾ ਕਿ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨਾਲ ਹੋਈ ਮੀਟਿੰਗ ’ਚ ਸ਼ਿਵ ਸੈਨਾ ਆਗੂ ਗੋਰਾ ਥਾਪਰ ’ਤੇ ਹਮਲਾ ਕਰਨ ਵਾਲੇ ਤੀਸਰੇ ਮੁਲਜ਼ਮ ਦੀ ਜਲਦੀ ਗ੍ਰਿਫ਼ਤਾਰੀ, ਨਾਲ ਹੀ ਇਹ ਕੇਸ ਦੀ ਫਾਸਟ ਟਰੈਕ ਅਦਾਲਤ ’ਚ ਸੁਣਵਾਈ, ਗੋਰਾ ਥਾਪਰ ’ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਆਗੂਆਂ ’ਤੇ ਸੋਸ਼ਲ ਮੀਡੀਆ ’ਤੇ ਉਕਤ ਹਮਲੇ ਦੀ ਜ਼ਿੰਮੇਵਾਰੀ ਲੈ ਕੇ ਜਾਗੋ ਗਾਉਣ ਵਾਲੇ ਕਥਿਤ ਨਿਹੰਗਾਂ ’ਤੇ ਜਿੱਥੇ ਸਖਤ ਕਾਰਵਾਈ ਦੀ ਮੰਗ ਕੀਤੀ, ਉਥੇ ਗੋਰਾ ਥਾਪਰ ’ਤੇ ਹਮਲੇ ਦੌਰਾਨ ਮੌਜੂਦਾ ਸੁਰੱਖਿਆ ਕਰਮੀ ਦੀ ਲਾਪ੍ਰਵਾਹੀ ਅਤੇ ਉਸਦੀ ਸ਼ੱਕੀ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਕੀਤੀ।

Advertisement

ਸ਼ਿਵ ਸੈਨਾ ਆਗੂ ’ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਦੇ ਰਿਮਾਂਡ ’ਚ ਵਾਧਾ

ਲੁਧਿਆਣਾ (ਟਨਸ): ਸ਼ਿਵ ਸੈਨਾ ਆਗੂ ਗੋਰਾ ਥਾਪਰ ’ਤੇ ਹੋਏ ਜਾਨਲੇਵਾ ਹਮਲੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਬਜੀਤ ਸਿੰਘ ਸਾਬਾ ਤੇ ਹਰਜੋਤ ਸਿੰਘ ਜੋਤ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਦੋਹਾਂ ਨੂੰ ਤਿੰਨ ਦਿਨਾਂ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛ ਪੜਤਾਲ ਕਰ ਕੇ ਫ਼ਰਾਰ ਚੱਲ ਰਹੇ ਮੁਲਜ਼ਮ ਲਾਡੀ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ। ਪੁਲੀਸ ਦਾ ਦਾਅਵਾ ਹੈ ਕਿ ਜਲਦੀ ਹੀ ਫ਼ਰਾਰ ਮੁਲਜ਼ਮ ਲਾਡੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸ਼ਿਵ ਸੈਨਾ ਆਗੂ ਗੋਰਾ ਥਾਪਰ ਦੇ ਨਾਲ ਉਸਦੀ ਸੁਰੱਖਿਆ ’ਚ ਤਾਇਨਾਤ ਏਐੱਸਆਈ ਸਤਵੰਤ ਸਿੰਘ ਖ਼ਿਲਾਫ਼ ਵੀ ਪੁਲੀਸ ਵੱਲੋਂ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Advertisement
Author Image

joginder kumar

View all posts

Advertisement
Advertisement
×