ਹੜ੍ਹਾਂ ਤੋਂ ਬਚਾਅ ਲਈ ਪ੍ਰਸ਼ਾਸਨ ਵੱਲੋਂ ਮਸ਼ਕਾਂ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਜੂਨ
ਸੰਭਾਵਿਤ ਹੜ੍ਹਾਂ ਤੋਂ ਬਚਾਅ ਲਈ ਪ੍ਰਸ਼ਾਸਨ ਅਗਾਊਂ ਪ੍ਰਬੰਧਾਂ ‘ਚ ਜੁਟ ਗਿਆ ਹੈ। ਇਸ ਸਬੰਧ ‘ਚ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਹਾਇਕ ਕਮਿਸ਼ਨਰ (ਜ) ਪੰਕਜ ਕੁਮਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਮੀਖ਼ਿਆ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਜ਼ਿਲ੍ਹਾ ਪੱਧਰੀ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ ਤਾਂ ਜੋ ਸਾਰੇ ਅਧਿਕਾਰੀ ਆਪਸ ਵਿੱਚ ਤਾਲਮੇਲ ਰੱਖ ਸਕਣ ਅਤੇ ਸੰਭਾਵੀ ਹੜ੍ਹਾਂ ਦੌਰਾਨ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਸਹਾਇਕ ਕਮਿਸ਼ਨਰ ਨੇ ਅਧਿਕਾਰੀਆਂ ਕੋਲੋਂ ਜ਼ਿਲ੍ਹੇ ਵਿਚਲੇ ਸੇਮ ਨਾਲਿਆਂ ਦੀ ਸਫ਼ਾਈ ਬਾਰੇ ਜਾਣਕਾਰੀ ਲਈ ਅਤੇ ਡਰੇਨਾਂ ਦੀ ਸਫ਼ਾਈ ਦਾ ਕੰਮ ਜਲਦੀ ਨਿਪਟਾਉਣ ਦੇ ਆਦੇਸ਼ ਦਿੱਤੇ। ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਸੀਵਰੇਜ ਸਿਸਟਮ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਕਰਨ ਲਈ ਕਿਹਾ। ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਬਚਾਅ ਕਾਰਜਾਂ ਲਈ ਲੋੜੀਂਦਾ ਸਾਮਾਨ ਤਿਆਰ ਰੱਖਿਆ ਜਾਵੇ ਅਤੇ ਸਬੰਧਿਤ ਅਮਲੇ ਦੀਆਂ ਡਿਊਟੀਆਂ ਸਬੰਧੀ ਵੇਰਵੇ ਤਿਆਰ ਰੱਖੇ ਜਾਣ ਤਾਂ ਜੋ ਫੌਰੀ ਜ਼ਰੂਰਤ ਪੈਣ ‘ਤੇ ਇਨ੍ਹਾਂ ਨੂੰ ਵਰਤਿਆ ਜਾ ਸਕੇ। ਮੀਟਿੰਗ ‘ਚ ਐੱਸਡੀਐੱਮ ਬਠਿੰਡਾ ਵਰਿੰਦਰ ਸਿੰਘ, ਐੱਸਡੀਐੱਮ ਤਲਵੰਡੀ ਸਾਬੋ ਗਗਨਦੀਪ ਸਿੰਘ, ਐਸਡੀਐਮ ਰਾਮਪੁਰਾ ਫੂਲ ਓਮ ਪ੍ਰਕਾਸ਼ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।