ਵਿਸਾਖੀ ਮੇਲੇ ਦੇ ਪ੍ਰਬੰਧਾਂ ਲਈ ਪ੍ਰਸ਼ਾਸਨ ਵੱਲੋਂ ਮੀਟਿੰਗ
ਪੱਤਰ ਪ੍ਰੇਰਕ
ਤਲਵੰਡੀ ਸਾਬੋ, 10 ਅਪਰੈਲ
ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ 12 ਤੋਂ 14 ਅਪਰੈਲ ਤੱਕ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਦੇ ਮੱਦੇਨਜ਼ਰ ਸੰਗਤ ਦੀ ਸਹੂਲਤ ਲਈ ਸਾਰੇ ਪੁਖ਼ਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਡੀਸੀ ਬਠਿੰਡਾ ਜਸਪ੍ਰੀਤ ਸਿੰਘ ਨੇ ਵਿਸਾਖੀ ਮੇਲੇ ਦੀਆਂ ਅਗਾਉਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੌਂਪੀਆਂ ਡਿਊਟੀਆਂ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਮੇਲਾ ਹਰ ਸਾਲ ਦੀ ਤਰ੍ਹਾਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੇਲੇ ਨੂੰ 6 ਸੈਕਟਰਾਂ ’ਚ ਵੰਡ ਕੇ ਡਿਊਟੀ ਮੈਜਿਸਟ੍ਰੇਟ ਲਗਾਏ ਗਏ ਹਨ। ਡਰੋਨ ਅਤੇ ਸੀਸੀਟੀਵੀ ਕੈਮਰਿਆਂ ਨਾਲ ਮੇਲੇ ’ਚ ਹਰ ਤਰ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਕਿਸੇ ਵੀ ਸ਼ਰਧਾਲੂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ 01655-220241, 01655-220249 ’ਤੇ ਸੰਪਰਕ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੇਲੇ ਵਿੱਚ ਆਉਣ ਵਾਲੀਆਂ ਸੰਗਤ ਦੀ ਸਹੂਲਤ ਲਈ ਪੀਆਰਟੀਸੀ ਬੱਸਾਂ ਦਾ ਸਪੈਸ਼ਲ ਪ੍ਰਬੰਧ ਕੀਤਾ ਗਿਆ ਹੈ ਤੇ ਸ਼ਹਿਰ ਦੇ ਬਾਹਰ ਆਰਜ਼ੀ ਬੱਸ ਅੱਡੇ ਬਣਾਏ ਗਏ ਹਨ।