ਸਰਕਾਰੀ ਦਫ਼ਤਰਾਂ ਤੇ ਰਿਹਾਇਸ਼ੀ ਇਮਾਰਤਾਂ ਦੀ ਮੁਰੰਮਤ ’ਚ ਲੱਗਿਆ ਪ੍ਰਸ਼ਾਸਨ
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਜੁਲਾਈ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ 10 ਦਨਿ ਪਹਿਲਾਂ ਲਗਾਤਾਰ 72 ਘੰਟੇ ਪਏ ਮੀਂਹ ਨੇ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਇਸ ਦੌਰਾਨ ਸ਼ਹਿਰ ਦੀਆਂ ਸੜਕਾਂ ਤੇ ਸਰਕਾਰੀ ਇਮਾਰਤਾਂ ਦਾ ਕਾਫੀ ਨੁਕਸਾਨ ਹੋ ਗਿਆ ਸੀ। ਯੂਟੀ ਪ੍ਰਸ਼ਾਸਨ ਨੇ ਸੜਕਾਂ ਦੀ ਮੁਰੰਮਤ ਤੋਂ ਬਾਅਦ ਵੱਖ-ਵੱਖ ਸਰਕਾਰੀ ਦਫ਼ਤਰਾਂ ਅਤੇ ਰਿਹਾਇਸ਼ੀ ਇਮਾਰਤਾਂ ਦੀ ਮੁਰੰਮਤ ਵੱਲ ਕਦਮ ਵਧਾ ਰਿਹਾ ਹੈ। ਯੂਟੀ ਪ੍ਰਸ਼ਾਸਨ ਨੇ ਸੈਕਟਰ-17 ਸਥਿਤ ਅਸਟੇਟ ਦਫ਼ਤਰ ਤੇ ਖਜ਼ਾਨਾ ਦਫ਼ਤਰ ਦੀਆਂ ਛੱਤਾਂ ਕਾਫੀ ਖਰਾਬ ਹੋ ਗਈਆਂ। ਯੂਟੀ ਪ੍ਰਸ਼ਾਸਨ ਨੇ ਦੋਵਾਂ ਵਿਭਾਗਾਂ ਦੀਆਂ ਛੱਤਾਂ ਦੀ ਮੁਰੰਮਤ ਲਈ 20 ਲੱਖ ਰੁਪਏ ਦੇ ਟੈਂਡਰ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸੈਕਟਰ-19 ’ਚ ਸਥਿਤ ਸਰਕਾਰੀ ਮਕਾਨਾਂ ਦੀ ਮੁਰੰਮਤ ਲਈ ਵੀ ਟੈਂਡਰ ਜਾਰੀ ਕਰ ਦਿੱਤੇ।
ਯੂਟੀ ਦੇ ਮੁੱਖ ਇੰਜਨੀਅਰ ਸੀਬੀ ਓਝਾ ਨੇ ਕਿਹਾ ਕਿ ਭਾਰੀ ਮੀਂਹ ਕਰਕੇ ਸੈਕਟਰ-17 ਸਥਿਤ ਸਰਕਾਰੀ ਇਮਾਰਤਾਂ ਤੇ ਸੈਕਟਰ-19 ਵਿੱਚ ਸਰਕਾਰੀ ਰਿਹਾਇਸ਼ੀ ਇਮਾਰਤਾਂ ਦੀਆਂ ਛੱਤਾਂ ਚੋਣ ਲੱਗ ਪਈਆਂ ਸਨ। ਉਨ੍ਹਾਂ ਕਿਹਾ ਕਿ ਮੀਂਹ ਕਰਕੇ 400 ਦੇ ਕਰੀਬ ਘਰਾਂ ਦੀ ਮੁਰੰਮਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 20 ਲੱਖ ਵਿੱਚੋਂ ਸੈਕਟਰ-17 ਦੀਆਂ ਸਰਕਾਰੀ ਇਮਾਰਤਾਂ ਲਈ 3 ਲੱਖ ਰੁਪਏ ਖਰਚ ਕੀਤੇ ਜਾਣਗੇ। ਜਦੋਂ ਕਿ ਬਾਕੀ ਰੁਪਏ ਸੈਕਟਰ-19 ਦੇ ਰਿਹਾਇਸ਼ੀ ਮਕਾਨਾਂ ਦੀ ਮੁਰੰਮਤ ਲਈ ਖਰਚ ਕੀਤੇ ਜਾਣਗੇ। ਮੁੱਖ ਇੰਜਨੀਅਰ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਵਿੱਚੋਂ ਵਾਧੂ ਪਾਣੀ ਛੱਡੇ ਜਾਣ ਕਰਕੇ ਨੁਕਸਾਨੇ ਗਏ ਕਿਸ਼ਨਗੜ੍ਹ ਪੁਲ, ਬਾਪੂ ਧਾਮ ਕਲੋਨੀ ਤੋਂ ਮਨੀਮਾਜਰਾ ਪੁਲ ਅਤੇ ਮੱਖਣਮਾਜਰਾ ਪੁਲ ਨੂੰ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਦੀ ਮੁਰੰਮਤ ਹੋ ਚੁੱਕੀ ਹੈ, ਜਦੋਂ ਕਿ ਰਹਿੰਦੀ ਦੀ ਜਲਦ ਮੁਰੰਮਤ ਕਰ ਦਿੱਤੀ ਜਾਵੇਗੀ।
ਸੁਖਨਾ ਝੀਲ ’ਤੇ ਨਜ਼ਰ ਰੱਖਣ ਲਈ ਖਰੀਦਿਆ ਜਾਵੇਗਾ ਜੈਨਰੇਟਰ
ਯੂਟੀ ’ਚ ਪਿਛਲੇ ਦਨਿੀਂ ਪਏ ਭਾਰੀ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉੱਪਰ ਟੱਪ ਕੇ 1165 ਫੁੱਟ ਦੇ ਕਰੀਬ ਪਹੁੰਚ ਗਿਆ ਸੀ। ਜਦੋਂ ਕਿ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਇਸ ਦੌਰਾਨ ਯੂਟੀ ਪ੍ਰਸ਼ਾਸਨ ਨੂੰ ਰਾਤ ਸਮੇਂ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣੇ ਪਏ ਸਨ। ਇਸ ਤੋਂ ਇਲਾਵਾ ਵੀ ਇੰਜਨੀਅਰਿੰਗ ਵਿਭਾਗ ਵੱਲੋਂ 24 ਘੰਟੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉੱਥੇ ਨਜ਼ਰ ਰੱਖਣ ਲਈ ਬੈੱਕਅੱਪ ਵਾਸਤੇ ਯੂਟੀ ਪ੍ਰਸ਼ਾਸਨ ਤਿੰਨ ਲੱਖ ਰੁਪਏ ਦਾ ਜੈਨਰੇਟਰ ਖਰੀਦੇਗਾ। ਇਸ ਨਾਲ ਰਾਤ ਸਮੇਂ ਵੀ ਝੀਲ ’ਤੇ ਚੌਕਸੀ ਰੱਖੀ ਜਾ ਸਕੇਗੀ।