ਜਨਜੀਵਨ ਲੀਹ ’ਤੇ ਲਿਆਉਣ ਲਈ ਡਟਿਆ ਪ੍ਰਸ਼ਾਸਨ
ਆਤਿਸ਼ ਗੁਪਤਾ
ਚੰਡੀਗੜ੍ਹ, 12 ਜੁਲਾਈ
ਸਮਾਰਟ ਸਿਟੀ ਚੰਡੀਗੜ੍ਹ ਵਿੱਚ ਪਿਛਲੇ ਦਨਿੀਂ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਏ ਜਨ-ਜੀਵਨ ਨੂੰ ਮੁੜ ਲੀਹ ’ਤੇ ਲਿਆਉਣ ਲਈ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਵੱਖ ਵੱਖ ਥਾਈਂ ਮੀਂਹ ਕਾਰਨ ਧਸੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜ਼ੋਰਾਂ ’ਤੇ ਹੈ।
ਜਾਣਕਾਰੀ ਅਨੁਸਾਰ ਲਗਾਤਾਰ ਦੋ-ਤਿੰਨ ਦਨਿ ਪਏ ਮੀਂਹ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਪਾਣੀ ਵਿੱਚ ਹੜ੍ਹ ਗਈਆਂ ਸਨ ਅਤੇ ਕਈ ਥਾਈਂ ਸੜਕਾਂ ਧਸ ਗਈਆਂ ਸਨ।
ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਰੱਖਤ ਟੁੱਟਣ ਕਾਰਨ ਕਈ ਥਾਈਂ ਲਾਂਘੇ ਬੰਦ ਹੋ ਗਏ ਸਨ। ਯੂਟੀ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਨ ਲਈ ਕਜੌਲੀ ਵਾਟਰ ਵਰਕਸ ਠੀਕ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਮਨੀਮਾਜਰਾ ਤੇ ਆਸ-ਪਾਸ ਦੇ ਇਲਾਕਿਆਂ ’ਚ ਪਾਣੀ ਸਪਲਾਈ ਦੀ ਬਹਾਲੀ ਲਈ ਪਾਈਪਲਾਈਨ ਠੀਕ ਕੀਤੀ ਜਾ ਰਹੀ ਹੈ।ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਵੱਲੋਂ ਸ਼ਹਿਰ ਦੀਆਂ ਟੁੱਟੀਆਂ ਤੇ ਧਸੀਆਂ ਹੋਈਆਂ ਸੜਕਾਂ ਦੀ ਮੁਰੰਮਤ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸ ਦੌਰਾਨ ਨੁਕਸਾਨੀਆਂ ਗਈਆਂ ਲਗਭਗ ਡੇਢ ਦਰਜਨ ਦੇ ਕਰੀਬ ਸੜਕਾਂ ਵਿੱਚੋਂ ਇਕ ਦਰਜਨ ਦੇ ਕਰੀਬ ਸੜਕਾਂ ਨੂੰ ਇੰਜਨੀਅਰਿੰਗ ਵਿਭਾਗ ਨੇ ਠੀਕ ਕਰ ਦਿੱਤਾ ਹੈ, ਜਦੋਂ ਕਿ ਬਾਕੀਆਂ ਦੀ ਮੁਰੰਮਤ ਦਾ ਕੰਮ ਜਾਰੀ ਹੈ। ਯੂਟੀ ਪ੍ਰਸ਼ਾਸਨ ਵੱਲੋਂ ਬਾਪੂ ਧਾਮ ਕਲੋਨੀ ਤੋਂ ਮਨੀਮਾਜਰਾ ਵੱਲ ਜਾਣ ਵਾਲੇ ਪੁਲ ਨੂੰ ਠੀਕ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਗੋਲਫ ਕਲੱਬ ਤੋਂ ਕਿਸ਼ਨਗੜ੍ਹ ਜਾਣ ਵਾਲੇ ਪੁਲ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
ਇੰਜਨੀਅਰਿੰਗ ਵਿਭਾਗ ਵੱਲੋਂ ਅੱਜ ਦਨਿ ਭਰ ਮੌਲੀ ਜੱਗਰਾਂ ਅੰਡਰਬ੍ਰਿਜ ਵਿੱਚੋਂ ਪਾਣੀ ਨੂੰ ਕੱਢਿਆ ਗਿਆ। ਇਸੇ ਤਰ੍ਹਾਂ ਪ੍ਰਸ਼ਾਸਨ ਨੇ ਅੱਜ ਸੈਕਟਰ- 46/47/48 ਤੇ 49 ਵਾਲੇ ਚੌਕ ਤੋਂ ਸੈਕਟਰ-46/45/49 ਤੇ 50 ਵਾਲੇ ਲਾਈਟ ਪੁਆਇੰਟ ਵੱਲ ਜਾਣ ਵਾਲੀ ਸੜਕ ’ਤੇ ਡਿੱਗਿਆ ਦਰੱਖਤ ਚੁੱਕ ਦਿੱਤਾ ਹੈ, ਜਦੋਂ ਕਿ ਸੈਕਟਰ-17 ਵਿੱਚ ਦਰੱਖਤ ਡਿੱਗਣ ਕਰਕੇ ਪਏ ਖੱਡੇ ਨੂੰ ਹਾਲੇ ਤੱਕ ਭਰਿਆ ਨਹੀਂ ਜਾ ਸਕਿਆ।
ਦੂਜੇ ਪਾਸੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਮੇਅਰ ਅਨੂਪ ਗੁਪਤਾ, ਚੀਫ਼ ਇੰਜਨੀਅਰ ਸੀਬੀ ਓਝਾ ਵੱਲੋਂ ਸ਼ਹਿਰ ’ਚ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਜਾ ਰਿਹਾ ਹੈ।
ਮਾਰਕੀਟ ਕਮੇਟੀ ਦਫ਼ਤਰ ਅਸੁਰੱਖਿਅਤ ਐਲਾਨਿਆ
ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਨੇ ਸੈਕਟਰ-26 ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਦੀ ਇਮਾਰਤ ਨੂੰ ਅਸੁਰੱਖਿਅਤ ਐਲਾਨ ਦਿੱਤੀ ਹੈ। ਇਸ ਲਈ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੂੰ ਆਰਜ਼ੀ ਤੌਰ ’ਤੇ ਇਲਾਕੇ ਦੀ ਕਿਸੇ ਹੋਰ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਕਿਹਾ ਕਿ ਪੰਜਾਬ ਇੰਜਨੀਅਰਿੰਗ ਕਾਲਜ ਦੀ ਰਿਪੋਰਟ ਤੋਂ ਬਾਅਦ ਇਮਾਰਤ ਨੂੰ ਅਸੁਰੱਖਿਅਤ ਕਰਾਰ ਦਿੱਤਾ ਗਿਆ ਸੀ। ਇਸ ਦਫ਼ਤਰ ਦੀ ਉਸਾਰੀ 1976 ਵਿੱਚ ਹੋਈ ਸੀ, ਜਿਸ ਵਿੱਚ ਤਰੇੜਾਂ ਆ ਗਈਆਂ ਸਨ। ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ 50 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ।
ਕੈਂਬਵਾਲਾ ’ਚ ਸੜਕ ਧਸਣ ਕਰਕੇ ਬੈਰੀਕੇਡ ਲਗਾਏ
ਇੱਥੋਂ ਦੇ ਪਿੰਡ ਕੈਂਬਵਾਲਾ ’ਚ ਜ਼ਮੀਨ ਧਸਣ ਕਰਕੇ ਸੜਕ ਦਾ ਵੱਡਾ ਹਿੱਸਾ ਨੁਕਸਾਨਿਆ ਗਿਆ ਹੈ। ਟਰੈਫਿਕ ਪੁਲੀਸ ਨੇ ਖੱਡੇ ਦੁਆਲੇ ਬੈਰੀਕੇਡ ਲਗਾ ਦਿੱਤੇ ਹਨ। ਇਸ ਦੇ ਨਾਲ ਹੀ ਟਰੈਫਿਕ ਪੁਲੀਸ ਨੇ ਸ਼ਹਿਰ ਵਾਸੀਆਂ ਨੂੰ ਕੈਬਵਾਲਾਂ ’ਚ ਨੁਕਸਾਨੀ ਸੜਕ ਤੋਂ ਲੰਘਣ ਸਮੇਂ ਚੌਕਸੀ ਵਰਤਣ ਦੀ ਅਪੀਲ ਕੀਤੀ ਹੈ। ਮੀਂਹ ਕਰਕੇ ਸ਼ਹਿਰ ਵਿੱਚ ਕਈ ਸੜਕਾਂ ਪ੍ਰਭਾਵਿਤ ਹੋ ਗਈਆਂ ਹਨ, ਜਿਸ ਕਰਕੇ ਆਮ ਲੋਕਾਂ ਦੇ ਜੀਵਨ ’ਤੇ ਬਹੁਤ ਅਸਰ ਪਿਆ ਹੈ। ਚੰਡੀਗੜ੍ਹ ਟਰੈਫਿਕ ਪੁਲੀਸ ਵੱਲੋਂ ਫੇਸਬੁੱਕ ਰਾਹੀ ਲੋਕਾਂ ਨਾਲ ਸ਼ਹਿਰ ਦੇ ਹਾਲਾਤਾਂ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼ਹਿਰ ਵਿੱਚ ਬੰਦ ਪਈਆਂ ਸੜਕਾਂ ਜਾਂ ਭੀੜ-ਭਾੜ ਵਾਲੀਆਂ ਸੜਕਾਂ ਬਾਰੇ ਵੀ ਲੋਕਾਂ ਨੂੰ ਸੂਚਿਤ ਕੀਤਾ ਗਿਆ।
ਚੰਡੀਗੜ੍ਹ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਜਾਰੀ
ਚੰਡੀਗੜ੍ਹ (ਮੁਕੇਸ਼ ਕੁਮਾਰ): ਚੰਡੀਗੜ੍ਹ ਵਿੱਚ ਭਾਰੀ ਬਰਸਾਤ ਦੌਰਾਨ ਨੁਕਸਾਨੀਆਂ ਗਈਆਂ ਜਲ ਸਪਲਾਈ ਲਾਈਨਾਂ ਕਾਰਨ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਮਗਰੋਂ ਮਨੀਮਾਜਰਾ ਲਈ ਪਾਣੀ ਦੀ ਸਪਲਾਈ ਲਾਈਨ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਕਾਰਨ ਇਲਾਕੇ ਵਿੱਚ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੈ। ਇਸੇ ਤਰ੍ਹਾਂ ਕਜੌਲੀ ਜਲ ਘਰ ਤੋਂ ਚੰਡੀਗੜ੍ਹ ਨੂੰ ਆਉਣ ਵਾਲੀ ਸਪਲਾਈ ਲਾਈਨ ਬਰਸਾਤ ਦੇ ਪਾਣੀ ਨਾਲ ਨੁਕਸਾਨੀ ਜਾਣ ਕਰਕੇ ਸ਼ਹਿਰ ਵਿੱਚ ਵੀ ਪਾਣੀ ਦੀ ਕਿੱਲਤ ਹੈ। ਨਗਰ ਨਿਗਮ ਵੱਲੋਂ ਮਨੀਮਾਜਰਾ ਦੇ ਲੋਕਾਂ ਲਈ ਪਾਣੀ ਦੇ ਦੋ ਦਰਜਨ ਟੈਂਕਰਾਂ ਨੂੰ ਦਨਿ-ਰਾਤ ਲਗਾਇਆ ਗਿਆ ਹੈ। ਸ਼ਹਿਰ ਵਿੱਚ ਕਈ ਘਰਾਂ ਦੀਆਂ ਉਤਲੀਆਂ ਮੰਜਿਲਾਂ ਤੱਕ ਪਾਣੀ ਨਹੀਂ ਪੁੱਜ ਰਿਹਾ, ਜਿਸ ਕਾਰਨ ਲੋਕਾਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਨੇ ਲੰਘੇ ਦਨਿ ਦਾਅਵਾ ਕੀਤਾ ਸੀ ਅੱਜ ਸਵੇਰ ਤੱਕ ਪਾਣੀ ਦੀ ਸਪਲਾਈ ਸੁਚਾਰੂ ਢੰਗ ਨਾਲ ਚਾਲੂ ਹੋ ਜਾਵੇਗੀ ਪਰ ਲੋਕਾਂ ਤੋਂ ਮਿਲੀਆਂ ਸ਼ਿਕਾਇਤਾਂ ਅਨੁਸਾਰ ਅਜੇ ਵੀ ਘਰਾਂ ਦੀ ਉਪਰਲੀ ਮੰਜ਼ਿਲ ’ਤੇ ਪਾਣੀ ਨਹੀਂ ਚੜ੍ਹਿਆ। ਸੈਕਟਰ 45 ਵਾਸੀ ਹਰਿੰਦਰ ਖਰਬੰਦਾ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਦੂਜੀ ਮੰਜਿਲ ’ਤੇ ਹੈ ਅਤੇ ਪਾਣੀ ਨਾ ਆਉਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੀ ਸਮੱਸਿਆ ਸਬੰਧੀ ਨਿਗਮ ਦੇ ਸਬੰਧਿਤ ਵਿਭਾਗ ਤੱਕ ਪਹੁੰਚ ਕੀਤੀ ਗਈ ਪਰ ਦੇਰ ਸ਼ਾਮ ਤੱਕ ਕੋਈ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਬਹੁੜਿਆ। ਇਸੇ ਤਰ੍ਹਾਂ ਮਨੀਮਾਜਰਾ ਸਥਿਤ ਮਾਡਰਨ ਹਾਊਸਿੰਗ ਕੰਪਲੈਕਸ ਵਾਸੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਇਲਾਕੇ ਵਿੱਚ ਪਿਛਲੇ ਤਿੰਨ ਦਨਿਾਂ ਤੋਂ ਪਾਣੀ ਦੀ ਸਪਲਾਈ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਦੱਸਿਆ ਜਾ ਰਿਹਾ ਹੈ ਕਿ ਕਿਸ਼ਨਗੜ੍ਹ ਨੇੜੇ ਪਾਣੀ ਦੀ ਸਪਲਾਈ ਲਾਈਨ ਟੁੱਟ ਗਈ ਹੈ, ਜਿਸ ਦੇ ਭਲਕੇ ਵੀਰਵਾਰ ਤੱਕ ਠੀਕ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਨਗਰ ਨਿਗਮ ਵੱਲੋਂ ਵੀ ਇੱਥੇ ਪਾਣੀ ਭੇਜਿਆ ਜਾ ਰਿਹਾ ਹੈ ਪਰ ਛੱਤਾਂ ਦੀਆਂ ਟੈਂਕੀਆਂ ਵਿੱਚ ਪਾਣੀ ਭਰਨ ਲਈ ਹਜ਼ਾਰਾਂ ਰੁਪਏ ਖਰਚ ਕਰਕੇ ਨਿੱਜੀ ਟੈਂਕਰ ਮੰਗਵਾਉਣੇ ਪੈ ਰਹੇ ਹਨ। ਨਗਰ ਨਿਗਮ ਨਿਗਮ ਅਨੁਸਾਰ ਮਨੀਮਾਜਰਾ ਨੂੰ ਛੱਡ ਕੇ ਬਾਕੀ ਚੰਡੀਗੜ੍ਹ ਵਿੱਚ ਪਾਣੀ ਦੀ ਸਪਲਾਈ ਨੂੰ ਲਗਪਗ ਆਮ ਦਨਿਾਂ ਵਾਂਗ ਸ਼ੁਰੂ ਕੀਤਾ ਗਿਆ ਹੈ। ਨਿਗਮ ਅਨੁਸਾਰ ਕਜੌਲੀ ਨੇੜੇ ਪਾਣੀ ਦੇ ਦੋ ਫੇਜ਼ ਦੀ ਸਪਲਾਈ ਲਾਈਨ ਵਿੱਚ ਆਈ ਖਰਾਬੀ ਕਾਰਨ ਸ਼ਹਿਰ ਲਈ ਪੂਰਾ ਪਾਣੀ ਨਹੀਂ ਆ ਰਿਹਾ, ਜਿਸ ਕਾਰਨ ਇਹ ਸਮੱਸਿਆ ਆਈ ਹੈ। ਨਗਰ ਨਿਗਮ ਅਨੁਸਾਰ ਮਨੀਮਾਜਰਾ ਨੂੰ ਛੱਡ ਕੇ ਬਾਕੀ ਸਪਲਾਈ ਜਲਦੀ ਹੀ ਸੁਚਾਰੂ ਢੰਗ ਨਾਲ ਚਾਲੂੁ ਹੋਣ ਦੀ ਉਮੀਦ ਹੈ।