ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਸ਼ਾਸਨ ਵੱਲੋਂ ਚੋਣਾਂ ਲਈ ਪ੍ਰਬੰਧ ਮੁਕੰਮਲ

05:12 AM Dec 21, 2024 IST

ਮਨੋਜ ਸ਼ਰਮਾ
ਬਠਿੰਡਾ, 20 ਦਸੰਬਰ
ਇਸ ਜ਼ਿਲ੍ਹੇ ਅੰਦਰ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ 21 ਦਸੰਬਰ ਨੂੰ ਹੋਣ ਜਾ ਰਹੀਆਂ ਜਨਰਲ ਤੇ ਉਪ ਚੋਣਾਂ ਨੂੰ ਅਮਨ-ਅਮਾਨ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੇ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਦੌਰਾਨ ਜ਼ਿਲ੍ਹੇ ਦੇ 39 ਵੱਖ-ਵੱਖ ਵਾਰਡਾਂ ਦੇ 65676 ਨਾਗਰਿਕ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ ’ਚ 32002 ਪੁਰਸ਼, 33669 ਇਸਤਰੀਆਂ ਤੇ 5 ਥਰਡ ਜੈਂਡਰ ਸ਼ਾਮਲ ਹਨ। ਵੋਟਾਂ 21 ਦਸੰਬਰ ਨੂੰ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਉਸੇ ਦਿਨ ਵੋਟਾਂ ਦੇ ਨਤੀਜੇ ਐਲਾਨੇ ਜਾਣਗੇ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਵਾਰਡਾਂ ’ਚੋਂ 152 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ’ਚ ਬਠਿੰਡਾ ਦੇ 48 ਨੰਬਰ ਵਾਰਡ ਤੋਂ 7, ਗੋਨਿਆਣਾ ਦੇ 9 ਨੰਬਰ ਵਾਰਡ ਤੋਂ 3, ਲਹਿਰਾ ਮੁਹੱਬਤ ਦੇ 3, 5, 8 ਅਤੇ 10 ਨੰਬਰ ਵਾਰਡ ਤੋਂ 10, ਰਾਮਪੁਰਾ ਫੂਲ ਦੇ 1-21 ਨੰਬਰ ਵਾਰਡਾਂ ਤੋਂ 93, ਕੋਠਾ ਗੁਰੂ ਦੇ 2 ਨੰਬਰ ਵਾਰਡ ਤੋਂ 3, ਭਾਈਰੂਪਾ ਦੇ 6 ਨੰਬਰ ਵਾਰਡ ਤੋਂ 3 ਅਤੇ ਤਲਵੰਡੀ ਸਾਬੋ ਦੇ 10 ਵੱਖ-ਵੱਖ ਵਾਰਡਾਂ ਤੋਂ 33 ਉਮੀਦਵਾਰ ਆਦਿ ਸ਼ਾਮਲ ਹਨ। ਵਧੀਕ ਜ਼ਿਲ੍ਹਾ ਚੋਣ ਅਫਸਰ ਰੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਨਥਾਣਾ ਦੇ ਵਾਰਡ ਨੰਬਰ 6, ਮਹਿਰਾਜ ਦੇ ਵਾਰਡ ਨੰਬਰ 8, ਕੋਠਾਗੁਰੂ ਦੇ ਵਾਰਡ ਨੰਬਰ 2 ਅਤੇ ਤਲਵੰਡੀ ਸਾਬੋ ਦੇ ਵਾਰਡ ਨੰਬਰ 5, 6, 9, 10 ਤੇ 15 ’ਚੋਂ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਹਨ। ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਬਠਿੰਡਾ, ਗੋਨਿਆਣਾ, ਲਹਿਰਾ ਮੁਹੱਬਤ, ਰਾਮਪੁਰਾ ਫੂਲ, ਭਾਈਰੂਪਾ, ਮੌੜ ਅਤੇ ਤਲਵੰਡੀ ਸਾਬੋ ਦੇ 39 ਵੱਖ-ਵੱਖ ਵਾਰਡਾਂ ਲਈ 65 ਪੋਲਿੰਗ ਬੂਥ ਬਣਾਏ ਗਏ ਹਨ।

Advertisement

ਧਰਮਕੋਟ ਨਗਰ ਕੌਂਸਲ ਦੀਆਂ ਚੋਣਾਂ ’ਤੇ ਹਾਈਕੋਰਟ ਵੱਲੋਂ ਰੋਕ

ਧਰਮਕੋਟ (ਹਰਦੀਪ ਸਿੰਘ):

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਥੇ ਨਗਰ ਕੌਂਸਲ ਦੇ ਅੱਠ ਵਾਰਡਾਂ ਵਿਚ ਭਲਕੇ ਹੋਣ ਜਾ ਰਹੀਆਂ ਚੋਣਾਂ ਉੱਤੇ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਦੱਸਿਆ ਕਿ ਧਰਮਕੋਟ ਨਗਰ ਕੌਂਸਲ ਦੀਆਂ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਕਾਂਗਰਸ ਦੇ 10 ਉਮੀਦਵਾਰਾਂ ਨੇ ਹਾਈਕੋਰਟ ਪਹੁੰਚ ਕਰਕੇ ਕਾਗਜ਼ ਦਾਖਲ ਕਰਨ ਲਈ ਅਦਾਲਤੀ ਸੁਰੱਖਿਆ ਹਾਸਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਸਭ ਦੇ ਬਾਵਜੂਦ ਮੌਜੂਦਾ ਵਿਧਾਇਕ ਦੇ ਕਥਿਤ ਦਬਾਅ ਦੇ ਚਲਦਿਆਂ ਪੁਲੀਸ ਅਤੇ ਚੋਣ ਅਧਿਕਾਰੀਆਂ ਨੇ ਕਾਂਗਰਸ ਦੇ ਇਨ੍ਹਾਂ 10 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵਿਚ ਅੜਿੱਕਾ ਡਾਹਿਆ ਅਤੇ ਸਿਰਫ ਛੇ ਉਮੀਦਵਾਰਾਂ ਦੀਆਂ ਫਾਈਲਾਂ ਹੀ ਜਮ੍ਹਾਂ ਕੀਤੀਆਂ ਗਈਆਂ। ਇਸ ਮਾਮਲੇ ਨੂੰ ਲੈ ਕੇ ਫਿਰ ਤੋਂ ਉਮੀਦਵਾਰਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ’ਤੇ ਅੱਜ ਹਾਈਕੋਰਟ ਨੇ ਅੱਠ ਵਾਰਡਾਂ ਵਿਚ ਚੋਣਾਂ ਨਾ ਕਰਵਾਉਣ ਤੇ ਸਟੇਟ ਆਰਡਰ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਨੇ ਇਹ ਰਿੱਟ ਪਟੀਸ਼ਨ ਉਮੀਦਵਾਰ ਸੰਦੀਪ ਸਿੰਘ ਸੰਧੂ ਵਾਰਡ ਨੰਬਰ 7 ਰਾਹੀਂ ਦਾਖਲ ਕੀਤੀ ਸੀ। ਸਾਬਕਾ ਐਡਵੋਕੇਟ ਜਨਰਲ ਤੇਜਬੀਰ ਸਿੰਘ ਹੁੰਦਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹਾਈਕੋਰਟ ਨੇ ਅੱਜ ਇਹ ਫੈਸਲਾ ਸੁਣਾਇਆ ਹੈ।

Advertisement

ਸਰਦੂਲਗੜ੍ਹ ਵਿੱਚ 55 ਅਤੇ ਭੀਖੀ ਵਿੱਚ 38 ਉਮੀਦਵਾਰਾਂ ਦਾ ਮੁਕਾਬਲਾ

ਮਾਨਸਾ (ਪੱਤਰ ਪ੍ਰੇਰਕ):

ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਦੋਵਾਂ ਨਗਰ ਪੰਚਾਇਤਾਂ ਦੇ ਕੁੱਲ 30322 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਦੱਸਿਆ ਕਿ ਭੀਖੀ ਨਗਰ ਪੰਚਾਇਤ ਦੇ 13 ਵਾਰਡਾਂ ਦੇ ਕੁੱਲ 14369 ਵੋਟਰ ਹਨ, ਜਿਨ੍ਹਾਂ ਵਿੱਚ 7457 ਪੁਰਸ਼ ਅਤੇ 6911 ਔਰਤ ਵੋਟਰ ਹਨ ਅਤੇ ਇਸ ਤੋਂ ਇਲਾਵਾ 1 ਵੋਟ ਥਰਡ ਜੈਂਡਰ ਹੈ। ਭੀਖੀ ਦੇ 13 ਵਾਰਡਾਂ ਲਈ 14 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਸੇ ਤਰ੍ਹਾਂ ਸਰਦੂਲਗੜ੍ਹ ਨਗਰ ਪੰਚਾਇਤ ਦੇ 15 ਵਾਰਡਾਂ ਦੇ ਕੁੱਲ 15953 ਵੋਟਰ ਹਨ, ਜਿਨ੍ਹਾਂ ਵਿੱਚ 8369 ਪੁਰਸ਼ ਅਤੇ 7584 ਔਰਤ ਵੋਟਰ ਸ਼ਾਮਲ ਹਨ ਅਤੇ ਸਰਦੂਲਗੜ੍ਹ ਵਿਖੇ 17 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਦੋਵਾਂ ਨਗਰ ਪੰਚਾਇਤਾਂ ਲਈ ਕੁੱਲ 93 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਸਰਦੂਲਗੜ੍ਹ ਵਿਖੇ 55 ਅਤੇ ਭੀਖੀ ਵਿਖੇ 38 ਉਮੀਦਵਾਰ ਚੋਣ ਲੜਨਗੇ।

ਪੁਲੀਸ ਅਧਿਕਾਰੀਆਂ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ; ਫਲੈਗ ਮਾਰਚ ਕੀਤਾ

ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ):

ਨਗਰ ਕੌਂਸਲ ਤਲਵੰਡੀ ਸਾਬੋ ਦੀਆਂ ਭਲਕੇ ਹੋਣ ਵਾਲੀਆਂ ਚੋਣਾਂ ਦੇ ਪ੍ਰਬੰਧ ਪੁਲੀਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਮੁਕੰਮਲ ਕਰ ਲਏ ਗਏ ਹਨ। ਸਥਾਨਕ ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੋਣ ਅਧਿਕਾਰੀ ਕਮ ਐੱਸਡੀਐੱਮ ਤਲਵੰਡੀ ਸਾਬੋ ਅਤੇ ਹੋਰ ਚੋਣ ਅਧਿਕਾਰੀਆਂ ਵੱਲੋਂ ਚੋਣ ਅਮਲੇ ਨੂੰ ਚੋਣ ਸਮੱਗਰੀ ਅਤੇ ਲੋੜੀਦੇ ਦਿਸ਼ਾ ਨਿਰਦੇਸ਼ ਦੇ ਕੇ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ। ਸਥਾਨਕ ਸ਼ਹਿਰ ਦੇ ਕੁੱਲ 15 ਵਾਰਡਾਂ ਵਿੱਚੋਂ ਦਸ ਵਾਰਡਾਂ ’ਤੇ ਵੋਟਾਂ ਪੈਣੀਆਂ ਹਨ ਕਿਉਂਕਿ ਪੰਜ ਵਾਰਡਾਂ ’ਤੇ ਪਹਿਲਾਂ ਹੀ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ। ਦੂਜੇ ਪਾਸੇ ਚੋਣ ਦੌਰਾਨ ਅਮਨ ਸ਼ਾਂਤੀ ਬਣਾਈ ਰੱਖਣ ਲਈ ਐੱਸਐੱਸਪੀ ਅਮਨੀਤ ਕੌਂਡਲ ਦੀ ਅਗਵਾਈ ਵਿੱਚ ਪੁਲੀਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।

Advertisement