ਪ੍ਰਸ਼ਾਸਨ ਨੇ ਡੱਲੇਵਾਲ ਲਈ ਆਰਜ਼ੀ ਹਸਪਤਾਲ ਬਣਾਇਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਦਸੰਬਰ
ਕਿਸਾਨੀ ਮੰਗਾਂ ਦੀ ਪੂਰਤੀ ਲਈ ਢਾਬੀ ਗੁੱਜਰਾਂ ਬਾਰਡਰ ’ਤੇ 25 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪੱਖੋਂ ਗੰਭੀਰ ਹਾਲਤ ਤੋਂ ਚਿੰਤਤ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਰਨ ਵਰਤ ਵਾਲੇ ਸਥਾਨ ਦੇ ਨੇੜੇ ਹੀ ਆਰਜ਼ੀ ਹਸਪਤਾਲ ਸਥਾਪਤ ਕੀਤਾ ਗਿਆ ਹੈ। ਅਜਿਹੀ ਜਾਣਕਾਰੀ ਅਧਿਕਾਰੀਆਂ ਵੱਲੋਂ ਅਦਾਲਤ ਨੂੰ ਵੀ ਦਿੱਤੀ ਗਈ ਹੈ।
ਪੁਲੀਸ ਵੱਲੋਂ ਡੱਲੇਵਾਲ ਨੂੰ ਜਬਰੀ ਚੁੱਕ ਕੇ ਲਿਜਾਣ ਦਾ ਖਦਸ਼ਾ ਜ਼ਾਹਰ ਕਰਦਿਆਂ ਕਿਸਾਨਾਂ ਨੇ ਉਨ੍ਹਾਂ ਦੁਆਲੇ ਪਹਿਰਾ ਹੋਰ ਵੀ ਸਖ਼ਤ ਕਰ ਦਿੱਤਾ ਹੈ। ਇਥੋਂ ਤੱਕ ਕਿ ਡਾਂਗਾਂ, ਸੋਟਿਆਂ, ਤੰਗਲੀਆਂ ਅਤੇ ਕੰਧਾਲਿਆਂ ਆਦਿ ਨਾਲ ਲੈਸ ਕਿਸਾਨਾਂ ਵੱਲੋਂ ਇਸ ਖੇਤਰ ਨੇੜੇ ਪਹਿਰੇ ਲਾਏ ਗਏ ਹਨ। ਇਸ ਦੌਰਾਨ ਕਿਸਾਨਾਂ ਵੱਲੋਂ ਇੱਥੋਂ ਲੰਘਣ ਵਾਲੇ ਹਰ ਵਾਹਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਇਸ ਮੋਰਚੇ ’ਚ ਸ਼ਿਰਕਤ ਕਰਨ ਆਉਣ ਵਾਲੇ ਕਿਸਾਨਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸ਼ੱਕ ਪੈਣ ’ਤੇ ਇਨ੍ਹਾਂ ਕਿਸਾਨਾਂ ਦੇ ਬਲਾਕ ਜਾਂ ਪਿੰਡ ਇਕਾਈ ਦੇ ਪ੍ਰਧਾਨਾਂ ਨਾਲ ਰਾਬਤਾ ਸਾਧਿਆ ਜਾ ਰਿਹਾ ਹੈ।
ਮੋਰਚੇ ਦੇ ਮੋਢੀਆਂ ’ਚ ਸ਼ੁਮਾਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਉਹ ਪੁਲੀਸ ਨੂੰ ਡੱਲੇਵਾਲ ਨੂੰ ਇਥੋਂ ਚੁੱਕ ਕੇ ਨਹੀਂ ਲਿਜਾਣ ਦੇਣਗੇ। ਇਸ ਮੌਕੇ ਉਨ੍ਹਾਂ ਨੇ ਹੋਰ ਕਿਸਾਨਾਂ ਤੇ ਆਮ ਲੋਕਾਂ ਨੂੰ ਵੀ ਵੱਡੀ ਗਿਣਤੀ ’ਚ ਢਾਬੀਗੁੱਜਰਾਂ ਬਾਰਡਰ ’ਤੇ ਪਹੁੰਚਣ ਦੀ ਅਪੀਲ ਕੀਤੀ।
ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਬੀਤੇ ਦਿਨ ਚੋਣ ਪ੍ਰਚਾਰ ਲਈ ਪਟਿਆਲਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੱਲੇਵਾਲ ਦਾ ਪਤਾ ਲੈਣ ਲਈ ਨਾ ਆਉਣ ’ਤੇ ਵੀ ਰੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਖੁਦ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੇ ਮੁੱਖ ਮੰਤਰੀ ਨੂੰ ਅਜਿਹੀ ਗੰਭੀਰ ਸਥਿਤੀ ’ਚ ਡੱਲੇਵਾਲ ਦਾ ਹਾਲ ਪੁੱਛਣ ਲਈ ਜ਼ਰੂਰ ਇਥੇ ਆਉਣਾ ਚਾਹੀਦਾ ਸੀ। ਅਜਿਹਾ ਨਾ ਕਰਨ ਨਾਲ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ ਕਿ ਉਹ ਕਿਸਾਨ ਹਿਤੈਸ਼ੀ ਹੋਣ ਦਾ ਨਾਟਕ ਕਰ ਰਹੇ ਹਨ ਤੇ ਕਿਸਾਨਾਂ ਦੀ ਉਨ੍ਹਾਂ ਨੂੰ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਉਹ ਕਿਸਾਨ ਹਿਤੈਸ਼ੀ ਅਖਵਾਉਂਦੇ ਹਨ ਤਾਂ ਉਨ੍ਹਾਂ ਨੂੰ ਫੌਰੀ ਤੌਰ ’ਤੇ ਕੇਂਦਰ ਸਰਕਾਰ ਨਾਲ ਕਿਸਾਨਾਂ ਦੇ ਮੁੱਦਿਆਂ ਸਬੰਧੀ ਗੱਲਬਾਤ ਕਰਨੀ ਚਾਹੀਦੀ ਹੈ।
ਬੀਕੇਯੂ (ਚੜੂਨੀ) ਵੱਲੋਂ ਡੱਲੇਵਾਲ ਦੀ ਹਮਾਇਤ ’ਚ ਭੁੱਖ ਹੜਤਾਲ
ਅੰਬਾਲਾ (ਰਤਨ ਸਿੰਘ ਢਿੱਲੋਂ): ਖਨੌਰੀ ਸਰਹੱਦ ’ਤੇ 25 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਨੇ ਅੱਜ ਦੇਸ਼ ਭਰ ਵਿੱਚ ਭੁੱਖ ਹੜਤਾਲ ਰੱਖੀ। ਅੰਬਾਲਾ ਵਿੱਚ ਵੀ ਬੀਕੇਯੂ ਚੜੂਨੀ ਦੇ 11 ਆਗੂਆਂ ਨੇ ਡੀਸੀ ਦਫ਼ਤਰ ਦੇ ਬਾਹਰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਭੁੱਖ ਹੜਤਾਲ ਰੱਖ ਕੇ ਡੱਲੇਵਾਲ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਇਸ ਮਗਰੋਂ ਡੀਸੀ ਨੂੰ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਡੱਲੇਵਾਲ ਦੀ ਸਿਹਤ ਖ਼ਰਾਬ ਹੋਣ ਕਾਰਨ ਹੁਣ ਹੋਰ ਕਿਸਾਨ ਜਥੇਬੰਦੀਆਂ ਵੀ ਉਨ੍ਹਾਂ ਦੇ ਸਮਰਥਨ ਵਿੱਚ ਆ ਗਈਆਂ ਹਨ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਾਲੀ ਜਥੇਬੰਦੀ ਭਾਵੇਂ ਹੁਣ ਤੱਕ ਕਿਸਾਨ ਅੰਦੋਲਨ-2 ਤੋਂ ਦੂਰ ਰਹੀ ਹੈ ਪਰ ਡੱਲੇਵਾਲ ਦੀ ਵਿਗੜਦੀ ਸਿਹਤ ਨੂੰ ਦੇਖਦਿਆਂ ਅੱਜ ਵੱਖ-ਵੱਖ ਥਾਵਾਂ ’ਤੇ ਭੁੱਖ ਹੜਤਾਲ ਰੱਖ ਕੇ ਸਰਕਾਰ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਕਿਸਾਨ 10 ਮਹੀਨਿਆਂ ਤੋਂ ਸਰਕਾਰ ਖ਼ਿਲਾਫ਼ ਹੜਤਾਲ ’ਤੇ ਬੈਠੇ ਹਨ ਪਰ ਨਾ ਤਾਂ ਉਨ੍ਹਾਂ ਦੀ ਸੁਣਵਾਈ ਹੋ ਰਹੀ ਹੈ ਤੇ ਨਾ ਹੀ ਉਨ੍ਹਾਂ ਨੂੰ ਦਿੱਲੀ ਜਾਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ੰਭੂ ਬਾਰਡਰ ਬੰਦ ਕਰ ਦਿੱਤਾ ਹੈ ਜਿਸ ਕਾਰਨ ਪੰਜਾਬ ਤੇ ਹਰਿਆਣਾ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ।