ਚੌਕ ਦੀ ਉਸਾਰੀ ਬਾਰੇ ਪ੍ਰਸ਼ਾਸਨ ਤੇ ਕੌਂਸਲ ਆਹਮੋ-ਸਾਹਮਣੇ
ਕੇਪੀ ਸਿੰਘ
ਗੁਰਦਾਸਪੁਰ, 11 ਜਨਵਰੀ
ਤਿੱਬੜੀ ਰੋਡ ਸਥਿਤ ਭਾਈ ਲਾਲੋ ਚੌਕ ਦੇ ਨਿਰਮਾਣ ਨੂੰ ਲੈ ਕੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਆਹਮੋ- ਸਾਹਮਣੇ ਆ ਗਏ ਹਨ। ਇੱਕ ਪਾਸੇ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਬਲਜੀਤ ਸਿੰਘ ਪਾਹੜਾ ਵੱਲੋਂ ਚੌਕ ਨੂੰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਟੈਂਡਰ ਵੀ ਪਾਸ ਕਰ ਦਿੱਤੇ ਗਏ ਹਨ, ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਟਰੈਫਿਕ ਸਮੱਸਿਆ ਦਾ ਹਵਾਲਾ ਦੇ ਕੇ ਇਸ ਚੌਕ ਦੇ ਨਿਰਮਾਣ ਨੂੰ ਰੋਕਿਆ ਜਾ ਰਿਹਾ ਹੈ। ਅੱਜ ਜਦੋਂ ਚੌਰਾਹਾ ਬਣਾਉਣ ਲਈ ਪੁੱਟੇ ਗਏ ਟੋਏ ਵਿੱਚ ਪ੍ਰਸ਼ਾਸਨ ਵੱਲੋਂ ਮਿੱਟੀ ਪਾ ਦਿੱਤੀ ਗਈ ਤਾਂ ਆਲ਼ੇ ਦੁਆਲੇ ਦੇ ਇੱਕ ਵਿਸ਼ੇਸ਼ ਬਰਾਦਰੀ ਦੇ ਲੋਕਾਂ ਨੇ ਇਕੱਠੇ ਹੋ ਕੇ ਚੌਕ ਵਿੱਚ ਧਰਨਾ ਲਗਾ ਦਿੱਤਾ ਅਤੇ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਅਤੇ ਉਨ੍ਹਾਂ ਦੇ ਭਰਾ ਬਲਜੀਤ ਸਿੰਘ ਪਾਹੜਾ, ਜੋ ਨਗਰ ਕੌਂਸਲ ਦੇ ਪ੍ਰਧਾਨ ਹਨ, ਵੀ ਪਹੁੰਚ ਗਏ । ਪ੍ਰਦਰਸ਼ਨਕਾਰੀਆਂ ਨੇ ਚੌਕ ਦੀਆਂ ਚਾਰੇ ਸੜਕਾਂ ’ਤੇ ਰੋਕਾਂ ਲਗਾ ਦਿੱਤੀਆਂ। ਕੌਂਸਲਰ ਸਤਿੰਦਰ ਸਿੰਘ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੇ ਆਗੂ ਦੇ ਇਸ਼ਾਰੇ ’ਤੇ ਪ੍ਰਸ਼ਾਸਨ ਵੱਲੋਂ ਚੌਕ ਦਾ ਨਿਰਮਾਣ ਰੋਕਿਆ ਜਾ ਰਿਹਾ ਹੈ ਜਦ ਕਿ ਚੌਕ ਬਣਨ ਨਾਲ ਹਾਦਸੇ ਘਟਣਗੇ ਅਤੇ ਟਰੈਫ਼ਿਕ ਸਮੱਸਿਆ ਵੀ ਸੁਲਝੇਗੀ। ਨਾਲ ਹੀ ਭਾਈ ਲਾਲੋ ਦੇ ਨਾਮ ਤੇ ਰੱਖੇ ਗਏ ਇਸ ਚੌਕ ਨਾਲ ਇੱਕ ਬਰਾਦਰੀ ਵਿਸ਼ੇਸ਼ ਬਰਾਦਰੀ ਦੀ ਆਸਥਾ ਵੀ ਜੁੜੀ ਹੈ।
ਐੱਨਓਸੀ ’ਤੇ ਪੀਡਬਲਯੂਡੀ ਮਹਿਕਮੇ ਨੇ ਇਤਰਾਜ਼ ਲਗਾਏ: ਏਡੀਸੀ
ਸਹਾਇਕ ਡਿਪਟੀ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਨੇ ਕਿਹਾ ਕਿ ਚੌਕ ਬਣਾਉਣ ਲਈ ਪਹਿਲਾਂ ਦਿੱਤੀ ਗਈ ਐੱਨਓਸੀ ’ਤੇ ਪੀਡਬਲਯੂਡੀ ਮਹਿਕਮੇ ਵੱਲੋਂ ਇਤਰਾਜ਼ ਲਗਾਏ ਗਏ ਹਨ ਇਸ ਲਈ ਕਾਨੂੰਨੀ ਢੰਗ ਨਾਲ ਹੀ ਇਸ ਚੌਕ ਨੂੰ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।