ਮਸਲਿਆਂ ਦੇ ਹੱਲ ਦੇ ਭਰੋਸੇ ਮਗਰੋਂ ਧਰਨਾ ਮੁਲਤਵੀ
ਪਰਮਜੀਤ ਸਿੰਘ
ਫਾਜ਼ਿਲਕਾ, 25 ਨਵੰਬਰ
ਸਰਬ ਭਾਰਤ ਨੌਜਵਾਨ ਸਭਾ ਜ਼ਿਲਾ ਫਾਜ਼ਿਲਕਾ ਵੱਲੋਂ ਕਥਿਤ ਪੁਲੀਸ ਵਧੀਕੀਆਂ ਖਿਲਾਫ ਅੱਜ ਥਾਣਾ ਸਦਰ ਫਾਜ਼ਿਲਕਾ ਦੀ ਐੱਸਐੱਚਓ ਖਿਲਾਫ਼ ਕੀਤਾ ਜਾਣ ਵਾਲਾ ਧਰਨਾ ਪ੍ਰਦਰਸ਼ਨ ਮੰਗਾਂ ਹੱਲ ਹੋਣ ਦੇ ਭਰੋਸੇ ਮਗਰੋਂ ਮੁਲਤਵੀ ਕਰ ਦਿੱਤਾ ਗਿਆ। ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਸ਼ੁਬੇਗ ਝੰਗੜਭੈਣੀ ਅਤੇ ਨੌਜਵਾਨ ਆਗੂ ਗੁਰਦਿਆਲ ਢਾਬਾਂ ਦੇ ਆਗੂਆਂ ਦੱਸਿਆ ਕਿ ਜਥੇਬੰਦੀ ਵੱਲੋਂ ਐਸਐਚਓ ਸਦਰ ਥਾਣਾ ਫਾਜ਼ਿਲਕਾ ਦਾ ਪੁਤਲਾ ਫੂਕ ਪ੍ਰਦਰਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਨੌਜਵਾਨ ਆਗੂ ਅਤੇ ਉਨ੍ਹਾਂ ਸਾਥੀ ਜਿਵੇਂ ਸਥਾਨਕ ਥਾਣਾ ਸਦਰ ਦੀ ਪੁਲਸ ਮੁਖੀ ਦਾ ਪੁਤਲਾ ਫੂਕਣ ਲਈ ਪਹੁੰਚੇ ਤਾਂ ਥਾਣਾ ਸਦਰ ਫਾਜ਼ਲਕਾ ਦੀ ਐੱਸਐੱਚਓ ਸ਼ਿਮਲਾ ਰਾਣੀ ਨੇ ਆਗੂਆਂ ਨਾਲ ਰਾਬਤਾ ਕਰਕੇ ਮਸਲੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਐੱਸਐੱਚਓ ਵੱਲੋਂ ਭਰੋਸਾ ਦੇਣ ’ਤੇ ਆਗੂਆਂ ਪੁਤਲਾ ਫੂਕ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਪਰ ਇੱਕ ਹਫਤੇ ਦੇ ਅੰਦਰ ਮਸਲੇ ਹੱਲ ਨਾ ਹੋਣ ’ਤੇ ਫਿਰ ਪੁਤਲਾ ਫੂਕਣ ਦੀ ਚਿਤਾਵਨੀ ਦਿੱਤੀ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀ ਵਾਲਾ, ਕੁਲਦੀਪ ਬਖੂ ਸ਼ਾਹ ਆਦਿ ਹਾਜ਼ਰ ਸਨ।