ਆਦਿੱਤਿਆ ਚੌਟਾਲਾ ਸਮਰਥਕਾਂ ਸਮੇਤ ਇਨੈਲੋ ’ਚ ਸ਼ਾਮਲ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 8 ਸਤੰਬਰ
ਭਾਜਪਾ ਦੇ ਬਾਗ਼ੀ ਆਗੂ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦਾ ਪੋਤਾ ਆਦਿੱਤਿਆ ਚੌਟਾਲਾ ਐਤਵਾਰ ਨੂੰ ਜੱਦੀ ਪਿੰਡ ਚੌਟਾਲਾ ਵਿੱਚ ਹਜ਼ਾਰਾਂ ਸਮਰਥਕਾਂ ਦੇ ਨਾਲ ਤਾਇਆ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਇਨੈਲੋ ਵਿੱਚ ਸ਼ਾਮਲ ਹੋ ਗਿਆ ਹੈ। ਅਭੈ ਚੌਟਾਲਾ ਨੇ ਆਦਿੱਤਿਆ ਨੂੰ ਡੱਬਵਾਲੀ ਤੋਂ ਇਨੈਲੋ ਦਾ ਉਮੀਦਵਾਰ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੂੰ ਪਾਰਟੀ ਦਾ ਜ਼ਿਲ੍ਹਾ ਸਿਰਸਾ ਦਾ ਇੰਚਾਰਜ ਵੀ ਥਾਪਿਆ ਗਿਆ ਹੈ। ਆਦਿੱਤਿਆ ਚੌਟਾਲਾ ਅਤੇ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ਨੇ ਲੋਕਾਂ ਦੀ ਰਾਏ ਜਾਣਨ ਤੋਂ ਬਾਅਦ ਇਨੈਲੋ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਆਦਿੱਤਿਆ ਨੇ ਭਰਵਾਂ ਇਕੱਠ ਕਰਕੇ ਡੱਬਵਾਲੀ ਹਲਕੇ ਵਿਚ ਇਨੈਲੋ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਉਸ ਦੇ ਇਸ ਕਦਮ ਨਾਲ ਡੱਬਵਾਲੀ ’ਚ ਭਾਜਪਾ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ।
ਇਸ ਮੌਕੇ ਅਭੈ ਸਿੰਘ ਚੌਟਾਲਾ ਨੇ ਆਪਣੇ ਸੰਬੋਧਨ ਵਿਚ ਆਦਿੱਤਿਆ ਨੂੰ ਸੰਘਰਸ਼ੀ ਆਗੂ ਦੱਸਦਿਆਂ ਦਾਅਵਾ ਕੀਤਾ ਕਿ ਇਨੈਲੋ ਮੁੜ ਇਤਿਹਾਸ ਸਿਰਜਦਿਆਂ ਸਿਰਸਾ ਜ਼ਿਲ੍ਹੇ ਦੀਆਂ ਸਾਰੀਆਂ ਪੰਜ ਸੀਟਾਂ ਜਿੱਤੇਗੀ ਅਤੇ ਭਾਜਪਾ ਸੱਤਾ ਤੋਂ ਬਾਹਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਟਿਕਟਾਂ ਨੂੰ ਲੈ ਕੇ ਵੀ ਵੱਡਾ ਵਿਵਾਦ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਆਦਿੱਤਿਆ ਚੌਟਾਲਾ ਆਪਣੇ ਸੰਬੋਧਨ ਦੌਰਾਨ ਭਾਵੁਕ ਹੋ ਗਏ ਜਿਸ ’ਤੇ ਦੇਵੀ ਲਾਲ ਦੀ ਧੀ ਸ਼ਾਂਤੀ ਦੇਵੀ ਅਤੇ ਆਦਿੱਤਿਆ ਦੀ ਮਾਂ ਨੇ ਸਟੇਜ ਤੋਂ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਪੁੱਤਰ ਦਾ ਸਾਥ ਦੇਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਦੇਵੀ ਲਾਲ ਦੀ ਧੀ ਸ਼ਾਂਤੀ ਦੇਵੀ ਨੇ ਆਦਿੱਤਿਆ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਜੱਦੀ ਪਾਰਟੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ। ਭਾਜਪਾ ਦੇ ਕਨਵੀਨਰ ਗੌਰਵ ਮੌਂਗਾ, ਬਲਾਕ ਸਮਿਤੀ ਓਢਾਂ ਦੇ ਮੌਜੂਦਾ ਚੇਅਰਮੈਨ ਮਨਜੀਤ ਸਿੰਘ ਚੱਠਾ ਅਤੇ ਅਬੂਬਸ਼ਹਿਰ ਮੰਡਲ ਦੇ ਪ੍ਰਧਾਨ ਅਮਰਜੋਤ ਡਿੰਪੀ ਸਮੇਤ ਕਈ ਹੋਰਾਂ ਨੇ ਅਦਿੱਤਿਆ ਦੇ ਨਾਲ ਇਨੈਲੋ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਆਦਿੱਤਿਆ ਚੌਟਾਲਾ ਭਲਕੇ ਸੋਮਵਾਰ ਨੂੰ ਡੱਬਵਾਲੀ ਵਿੱਚ ਰਿਟਰਨਿੰਗ ਅਫ਼ਸਰ ਕੋਲ ਇਨੈਲੋ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖ਼ਲ ਕਰਨਗੇ।
ਇਸ ਮੌਕੇ ਇਨੈਲੋ ਆਗੂ ਅਭੈ ਚੌਟਾਲਾ ਅਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹਿਣਗੇ।