ਭਾਜਪਾ ਦੀ ਅੰਦਰੂਨੀ ਰਾਜਨੀਤੀ ਦਾ ਸ਼ਿਕਾਰ ਹੋਏ ਅਦਿੱਤਿਆ ਚੌਟਾਲਾ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 5 ਸਤੰਬਰ
ਤਾਊ ਚੌਧਰੀ ਦੇਵੀ ਲਾਲ ਦੇ ਪੋਤਰੇ ਅਤੇ ਭਾਜਪਾ ਆਗੂ ਅਦਿੱਤਿਆ ਚੌਟਾਲਾ, ਭਾਜਪਾ ਦੇ ਭਗਵਾਂ ਸੰਗਠਨ ਦੀ ਰਾਜਨੀਤੀ ਸ਼ਿਕਾਰ ਹੋ ਗਏ ਹਨ। ਭਾਜਪਾ ਨੇ ਚੌਟਾਲਾ ਰਾਜਨੀਤੀ ਦੀ ਸੀਟ ਡੱਬਵਾਲੀ ਤੋਂ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਹੈ। ਪਾਰਟੀ ਵੱਲੋਂ ਟਿਕਟ ਤੋਂ ਮਨ੍ਹਾਂ ਹੋਣ ਤੋਂ ਖਫ਼ਾ ਹੋ ਕੇ ਅਦਿੱਤਿਆ ਨੇ ਹਰਿਆਣਾ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਮੁਤਾਬਿਕ ਅਗਾਮੀ ਕਦਮ ਵਜੋਂ ਅਦਿੱਤਿਆ ਚੌਟਾਲਾ ਦੇਰ-ਸਵੇਰ ਭਾਜਪਾ ਤੋਂ ਜਥੇਬੰਦਕ ਤੌਰ ’ਤੇ ਨਾਤਾ ਤੋੜ ਸਕਦੇ ਹਨ। ਆਖਿਆ ਜਾ ਰਿਹਾ ਹੈ ਕਿ ਭਾਜਪਾ ਵੱਲੋਂ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੂੰ ਹਲਕਾ ਰਾਣੀਆਂ ਦੀ ਬਜਾਇ ਡੱਬਵਾਲੀ ਤੋਂ ਚੋਣ ਲੜਨ ਦੀ ਪੇਸ਼ਕਸ਼ ਵੀ ਅਦਿੱਤਿਆ ਦੀ ਨਾਰਾਜ਼ਗੀ ਦਾ ਵੱਡਾ ਕਾਰਨ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਭਾਜਪਾ ਵੱਲੋਂ ਹਰਿਆਣੇ ਦੇ 67 ਹਲਕਿਆਂ ਦੀ ਜਾਰੀ ਪਹਿਲੀ ਸੂਚੀ ਵਿੱਚ ਡੱਬਵਾਲੀ ਹਲਕਾ ਗਾਇਬ ਸੀ। ਉਦੋਂ ਤੋਂ ਅਦਿੱਤਿਆ ਚੌਟਾਲਾ ਨਾਲ ਇਸ ਸੀਟ ‘ਤੇ ਸਿਆਸੀ ਖੇਡ ਹੋਣ ਦੇ ਕਿਆਸ ਲੱਗਣ ਸ਼ੁਰੂ ਹੋ ਗਏ ਸਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅਸਤੀਫਾ ਦੇਣ ਮਗਰੋਂ ਅਦਿੱਤਿਆ ਚੌਟਾਲਾ ਆਪਣੇ ਸਾਥੀ ਕਾਰਕੁਨਾਂ ਨਾਲ ਸਲਾਹ-ਮਸ਼ਵਰੇ ਦੇ ਬਾਅਦ ਅਗਾਮੀ ਕਦਮ ਉਠਾਉਣਗੇ। ਉਨ੍ਹਾਂ ਦੇ ਡੱਬਵਾਲੀ ਤੋਂ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉੱਤਰਨ ਦੀ ਕਾਫ਼ੀ ਸੰਭਾਵਨਾ ਹੈ। ਜਿਸਦੇ ਨਾਲ ਡੱਬਵਾਲੀ ਹਲਕੇ ਵਿੱਚ ਭਾਜਪਾ ਦੀ ਪਰੇਸ਼ਾਨੀਆਂ ਵੱਧ ਸਕਦੀਆਂ ਹਨ।
ਅਦਿੱਤਿਆ ਚੌਟਾਲਾ 2014 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਪਾਰਟੀ ਨੇ ਉਨ੍ਹਾਂ ਨੂੰ 2019 ਦੇ ਵਿਧਾਨਸਭਾ ਚੋਣ ਵਿੱਚ ਡੱਬਵਾਲੀ ਤੋਂ ਉਮੀਦਵਾਰ ਵੀ ਬਣਾਇਆ ਸੀ। ਭਾਜਪਾ ਦੇ ਸੂਤਰਾਂ ਮੁਤਾਬਕ ਅਦਿੱਤਿਆ ਚੌਟਾਲਾ ਨੇ ਪਾਰਟੀ ਹਾਈਕਮਾਨ ਨਾਲ ਖੂਬ ਸਬੰਧ ਬਣਾਏ ਪਰ ਉਹ ਡੱਬਵਾਲੀ ਹਲਕੇ ਵਿੱਚ ਭਾਜਪਾ ਦੇ ਪੁਰਾਣੇ ਅਤੇ ਸਥਾਪਿਤ ਸੰਗਠਨ ਤੰਤਰ ਦੇ ਦਿਲ ਵਿੱਚ ਜਗ੍ਹਾ ਅਤੇ ਲੋੜੀਂਦਾ ਤਾਲਮੇਲ ਨਹੀਂ ਬਣਾ ਸਕੇ। ਦੱਸਿਆ ਜਾਂਦਾ ਹੈ ਕਿ ਬੀਤੀ 11 ਅਗਸਤ ਨੂੰ ਭਾਜਪਾ ਸੰਗਠਨ ਵੱਲੋਂ ਡੱਬਵਾਲੀ ਹਲਕੇ ਦੀ ਅੰਦਰੂਨੀ ਰਾਇਸ਼ੁਮਾਰੀ ਕਰਵਾਈ ਗਈ ਸੀ। ਰਾਇਸ਼ੁਮਾਰੀ ਵਿੱਚ ਹਲਕੇ ਵਿੱਚੋਂ ਭਾਜਪਾ ਦੇ ਲਗਭਗ 36 ਕਾਡਰਬੇਸ ਵੋਟਰਾਂ ਵਿੱੱਚੋਂ ਜ਼ਿਆਦਾਤਰ ਨੇ ਅਦਿੱਤਿਆ ਦੀ ਜਗ੍ਹਾ ਭਾਜਪਾ ਦੇ ਪੁਰਾਣੇ ਆਗੂਆਂ ਨੂੰ ਆਪਣਾ ਮਨਪਸੰਦ ਉਮੀਦਵਾਰ ਕਰਾਰ ਦਿੱਤਾ ਸੀ। ਦਿੱਤਿਆ, ਪਿਛਲੇ ਇੱਕ ਦਹਾਕੇ ਤੋਂ ਹਲਕੇ ਦੇ ਪੇਂਡੂ ਇਲਾਕੇ ਵਿੱਚ ਕਾਫੀ ਕਾਰਜਸ਼ੀਲ ਰਹੇ ਹਨ। ਉਨ੍ਹਾਂ ਪਿੰਡਾਂ ਵਿੱਚ ਵਿਕਾਸ ਲਈ ਕਾਫੀ ਸਿਆਸੀ ਮੁਸ਼ੱਕਤ ਕੀਤੀ। ਉਨ੍ਹਾਂ ਨੂੰ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਖਾਸਮ-ਖਾਸ ਨੇਤਾਵਾਂ ਵਿੱਚ ਮੰਨਿਆ ਜਾਂਦਾ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਭਾਜਪਾ ਸਰਕਾਰ ਨੇ ਅਦਿੱਤਿਆ ਚੌਟਾਲਾ ਨੂੰ ਹਰਿਆਣਾ ਰਾਜ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਦਾ ਚੇਅਮੈਨ ਵੀ ਬਣਾਇਆ ਸੀ।
ਡੱਬਵਾਲੀ ਤੋਂ ਭਾਜਪਾ ਨੂੰ ਸਿੱਖ ਚਿਹਰੇ ਦੀ ਭਾਲ
ਹਲਕੇ ਵਿਚ ਚਰਚਾ ਹੈ ਕਿ ਭਾਜਪਾ ਡੱਬਵਾਲੀ ਦੀ ਬਾਜ਼ੀ ਜਿੱਤਣ ਲਈ ਕਿਸੇ ਪੰਜਾਬੀ/ਸਿੱਖ ਚਿਹਰੇ ਦੀ ਭਾਲ ਵਿੱਚ ਹਨ। ਤਾਜ਼ਾ ਘਟਨਾਕ੍ਰਮ ਵਿੱਚ ਟਿਕਟ ਦੇ ਚਾਹਵਾਨ ਭਾਜਪਾ ਦੇ ਸਥਾਨਕ ਤਿੰਨ ਆਗੂ ਪਹਿਲਾਂ ਨਾਲ ਜ਼ਿਆਦਾ ਸਰਗਰਮ ਹੋ ਗਏ ਹਨ। ਜਿਨ੍ਹਾਂ ਵਿੱਚੋਂ ਇੱਕ ਸਿੱਖ ਨੇਤਾ ਅਤੇ ਦੂਸਰਾ ਗੋਲ ਬਾਜ਼ਾਰ ਨਾਲ ਸਬੰਧਤ ਹੈ। ਸੁਣਨ ਵਿੱਚ ਆਇਆ ਹੈ ਕਿ ਹੋਰ ਦਲ ਦੇ ਕਿਸੇ ਆਗੂ ਨੂੰ ਭਾਜਪਾ ਵਿੱਚ ਸ਼ਾਮਲ ਕਰਕੇ ਉਸ ’ਤੇ ਵੀ ਦਾਅ ਖੇਡਿਆ ਜਾ ਸਕਦਾ ਹੈ।