ਅਡੀਨੋ ਵਾਇਰਸ: ਹਸਪਤਾਲਾਂ ’ਚ ਆਈ ਫਲੂ ਦੇ ਕੇਸ ਵਧੇ
ਮਨੋਜ ਸ਼ਰਮਾ
ਬਠਿੰਡਾ, 31 ਜੁਲਾਈ
ਬਰਸਾਤੀ ਮੌਸਮ ਦੇ ਚੱਲਦਿਆਂ ਅਡੀਨੋ ਵਾਇਰਸ ਦੇ ਕੇਸ ਵਧਣ ਲੱਗੇ ਹਨ ਜਿਸ ਦੀ ਲਪੇਟ ਵਿਚ ਜ਼ਿਆਦਾਤਰ ਸਕੂਲੀ ਬੱਚੇ ਆਉਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਬਠਿੰਡਾ ਦੇ ਸਰਕਾਰੀ ਅਤੇ ਨਿੱਜੀ ਹਸਪਤਾਲ ਵਿਚ ਆਈ ਫਲੂ ਬਿਮਾਰੀ ਤੋਂ ਪੀੜਤ ਬੱਚਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਪੰਜਾਬੀ ਟ੍ਰਿਬਿਊਨ ਵੱਲੋਂ ਪੜਤਾਲ ਦੌਰਾਨ ਦੇਖਿਆ ਕਿ ਸਰਕਾਰੀ ਸਕੂਲਾਂ ਵਿਚ ਪ੍ਰਾਇਮਰੀ ਅਤੇ ਹਾਈ ਸਕੂਲ ਤੋਂ ਇਲਾਵਾ ਨਿੱਜੀ ਸਕੂਲ ਦੇ ਬੱਚੇ ਇਸ ਬਿਮਾਰੀ ਦੀ ਮਾਰ ਹੇਠ ਆ ਰਹੇ ਹਨ। ਰਿਪੋਰਟ ਮੁਤਾਬਿਕ ਜ਼ਿਲ੍ਹੇ ਦੇ ਹਰ ਤੀਜੇ ਸਕੂਲ ਵਿਚ ਦਰਜਨ ਦੇ ਕਰੀਬ ਬੱਚੇ ਇਸ ਬਿਮਾਰੀ ਤੋਂ ਪੀੜਤ ਹਨ ਜਿਸ ਨੂੰ ਲੈ ਕੇ ਮਾਪਿਆ ਵਿਚ ਸਹਿਮ ਦਾ ਮਾਹੌਲ ਹੈ। ਸਕੂਲੀ ਬੱਚਿਆਂ ਵਿਚ ਆਈ ਫਲੂ ਦੇ ਕੇਸਾਂ ਨੂੰ ਦੇਖਦਿਆਂ ਸਕੂਲ ਸਿੱਖਿਆ ਵਿਭਾਗ ਹਰਕਤ ਵਿਚ ਆ ਗਿਆ ਹੈ। ਬਠਿੰਡਾ ਦੇ ਸ਼ਹੀਦ ਮਨੀ ਸਿੰਘ ਹਸਪਤਾਲ ਦਾ ਦੌਰਾ ਕਰਨ ਉਪਰੰਤ ਪਤਾ ਲੱਗਾ ਕਿ ਬੱਚਿਆਂ ਦੇ ਨਾਲ ਨਾਲ ਫਲੂ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਦੀ ਆਈ ਵਿਭਾਗ ਦੇ ਮੁਖੀ ਡਾ. ਮਿਨਾਕਸ਼ੀ, ਡਾ. ਡਿੰਪੀ ਕੱਕੜ ਅਤੇ ਡਾ. ਸਵਿਤਾ ਨੇ ਦੱਸਿਆ ਕਿ ਇਹ ਅਡੀਨੋ ਵਾਇਰਸ ਦਾ ਹਮਲਾ ਹੈ। ਇਸ ਹਮਲੇ ਨਾਲ ਬੈਕਟੀਰੀਅਲ ਇਨਫੈਕਸ਼ਨ ਵੱਧ ਜਾਂਦੀ ਹੈ। ਪੀੜਤ ਬੱਚੇ ਦੇ ਅੱਖਾਂ ਵਿਚ ਲਾਲੀ ਅਤੇ ਅੱਖ ਵਿਚ ਸੋਜ਼ਿਸ਼ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਰੋਜ਼ਾਨਾ 50 ਬੱਚੇ ਹਸਪਤਾਲ ਵਿਚ ਪੁੱਜ ਰਹੇ ਹਨ। ਡਾ. ਕੱਕੜ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਕੁੱਝ ਦਿਨਾਂ ਤੋਂ ਕੇਸ ਤੇਜ਼ੀ ਨਾਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੀ ਕੱਲ੍ਹ 80 ਮਰੀਜ਼ ਆਏ ਸੀ ਜਿਨ੍ਹਾਂ ਵਿਚ 50 ਆਈ ਫਲੂ ਤੋਂ ਪੀੜਤ ਬੱਚੇ ਸਨ। ਉਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਅੱਖਾਂ ਦੇ ਮਾਹਿਰ ਡਾਕਟਰਾਂ ਤੋਂ ਚੈੱਕਅਪ ਕਰਵਾਇਆ ਜਾਵੇ। ਬੀਤੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ 350 ਤੋਂ ਵੱਧ ਮਰੀਜ਼ ਫਲੂ ਤੋਂ ਪੀੜਤ ਪਾਏ ਗਏ ਸਨ। ਡਾਕਟਰਾਂ ਅਨੁਸਾਰ ਹੁਣ ਤਾਂ ਹਰ ਰੋਜ਼ ਓ.ਪੀ.ਡੀ ਵਿਚ ਵੱਡੀ ਗਿਣਤੀ ਅੱਖਾਂ ਦੀਆਂ ਬਿਮਾਰੀਆਂ ਨਾਲ ਸਬੰਧਤ ਆ ਰਹੇ ਹਨ। ਬਠਿੰਡਾ ਦੇ ਵਿਮੈਨ ਐਂਡ ਚਿਲਡਰਨ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ ਇਸ ਬਿਮਾਰੀ ਨੇ ਨੰਨ੍ਹੇ ਬੱਚਿਆਂ ਨੂੰ ਲਪੇਟ ਵਿਚ ਲਿਆ ਹੈ ਜਿਸ ਦੀ ਪੁਸ਼ਟੀ ਕਰਦੇ ਸਿਵਲ ਸਰਜਨ ਬਠਿੰਡਾ ਤੇਜਵੰਤ ਸਿੰਘ ਢਿੱਲੋਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤੀਸ਼ ਜਿੰਦਲ ਨੇ ਕਿਹਾ ਕਿ ਰੋਗੀ ਬੱਚੇ ਨਾਲ ਹੱਥ ਨਾ ਮਿਲਾਇਆ ਜਾਵੇ, ਉਸ ਲਈ ਵੱਖਰਾ ਤੋਲੀਆ ਰੱਖਿਆ ਜਾਵੇ, ਬੱਚਿਆਂ ਨੂੰ ਟੱਚ ਨਾ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੱਚੇ ਨੂੰ ਬਿਮਾਰ ਹੋਣ ਦੀ ਸੂਰਤ ਵਿਚ ਸਕੂਲ ਨਾ ਭੇਜਿਆ ਜਾਵੇ ਅਤੇ ਅੱਖਾਂ ਦੇ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਇਆ ਜਾਵੇ।
ਡੀਸੀ ਵੱਲੋਂ ਐਡਵਾਈਜ਼ਰੀ ਜਾਰੀ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਅੱਖਾਂ ਦੀ ਫਲੂ ਸਬੰਧੀ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਜੇ ਬੱਚਿਆਂ ਦੀਆਂ ਅੱਖਾਂ ਵਿਚ ਲਾਲੀ, ਜਾਲੇ, ਖੁਜਲੀ ਜਾਂ ਅੱਖਾਂ ਵਿਚ ਪਾਣੀ ਆਉਂਦਾ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਜ਼ਿਲ੍ਹੇ ਦੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਨੇ ਕਿਹਾ ਕਿ ਫਲੂ ਦਾ ਹਮਲਾ ਪ੍ਰਾਇਮਰੀ ਸਮੇਤ ਹਾਈ ਸਕੂਲ ਦੇ 6ਵੀਂ ਅਤੇ7 ਵੀ ਜਮਾਤ ਦੇ ਵਿਦਿਆਰਥੀਆਂ ਵਿਚ ਜ਼ਿਆਦਾ ਹੈ। ਸਕੂਲ ਮੁਖੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਫਲੂ ਨਾਲ ਪੀੜਤ ਬੱਚੇ ਨੂੰ ਸਕੂਲ ਨਾ ਭੇਜਿਆ ਜਾਵੇ।