ਐੱਨਸੀਸੀ ਦੇ ਵਧੀਕ ਡਾਇਰੈਕਟਰ ਜਨਰਲ ਵੱਲੋਂ ਅੰਮ੍ਰਿਤਸਰ ਦਾ ਦੌਰਾ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 22 ਮਾਰਚ
ਮੇਜਰ ਜਨਰਲ ਮਨਜੀਤ ਸਿੰਘ ਮੋਖਾ ਸੈਨਾ ਮੈਡਲ ਐਡੀਸ਼ਨਲ ਡਾਇਰੈਕਟਰ ਜਨਰਲ ਐੱਨਸੀਸੀ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਨੇ ਐੱਨਸੀਸੀ ਗਰੁੱਪ ਹੈੱਡਕੁਆਰਟਰ ਅੰਮ੍ਰਿਤਸਰ ਦਾ ਦੌਰਾ ਕੀਤਾ। ਇਸ ਮੌਕੇ ਬ੍ਰਿਗੇਡੀਅਰ ਕੇਐੱਸ ਬਾਵਾ ਗਰੁੱਪ ਕਮਾਂਡਰ (ਐੱਨਸੀਸੀ) ਅੰਮ੍ਰਿਤਸਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਏਡੀਜੀ ਨੇ ਏਅਰ ਸਕੁਐਡਰਨ ਅਤੇ ਨੇਵਲ ਯੂਨਿਟ ਦਾ ਦੌਰਾ ਕੀਤਾ ਅਤੇ ਦਿਨ ਦੀ ਸਮਾਪਤੀ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਦੀ ਯਾਦ ’ਤੇ ਫੁੱਲਮਾਲਾ ਚੜ੍ਹਾ ਕੇ ਕੀਤੀ। ਨੇਵਲ ਅਫਸਰ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਵਿੱਚ ਐੱਨਸੀਸੀ ਕੈਡੇਟਾਂ, ਐਸੋਸੀਏਟ ਐੱਨਸੀਸੀ ਅਫਸਰਾਂ, ਕੇਅਰਟੇਕਰ ਐਨ ਗਰੁੱਪ ਦੇ ਅਫਸਰਾਂ ਅਤੇ ਸਥਾਈ ਇੰਸਟਰੱਕਟਰ ਸਟਾਫ ਦੇ ਇਕੱਠ ਨੂੰ ਸੰਬੋਧਨ ਕੀਤਾ।
ਮੇਜਰ ਜਨਰਲ ਮਨਜੀਤ ਸਿੰਘ ਮੋਖਾ ਨੇ ਕੈਡਟਾਂ ਨੂੰ ਚਰਿੱਤਰ ਪਰਿਪੱਕਤਾ ਅਤੇ ਨਿਰਸਵਾਰਥ ਸੇਵਾ ਦੇ ਨਾਲ-ਨਾਲ ਅਨੁਸ਼ਾਸਨ ਅਤੇ ਆਚਰਣ ਦੇ ਉੱਚੇ ਮਾਪਦੰਡਾਂ ਨੂੰ ਪ੍ਰਦਰਸ਼ਿਤ ਕਰਨ, ਆਪਸੀ ਸਾਂਝ ਦੀ ਭਾਵਨਾ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ ਦਾ ਇਸ ਪ੍ਰੋਗਰਾਮ ਦਾ ਪ੍ਰਬੰਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।