ਨਸ਼ੇੜੀ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਭਰਤੀ ਕਰਵਾਇਆ
ਮਹੇਸ਼ ਸ਼ਰਮਾ-/ਹੁਸ਼ਿਆਰ ਰਾਣੂ
ਮੰਡੀ ਅਹਿਮਦਗੜ੍ਹ/ਮਾਲੇਰਕੋਟਲਾ, 11 ਮਾਰਚ
ਪੁਲੀਸ ਵੱਲੋਂ ਨਸ਼ਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਖੇ ਭਰਤੀ ਕਰਵਾ ਕੇ ਮੁੜ ਵਸੇਵੇ ਦੇ ਉਪਰਾਲੇ ਦਾ ਇਸ ਖੇਤਰ ਦੇ ਸਮਾਜਿਕ ਸੰਗਠਨਾਂ ਦੇ ਅਹੁਦੇਦਾਰਾਂ ਸਮੇਤ ਸਮੂਹ ਵਸਨੀਕਾਂ ਵੱਲੋਂ ਸਵਾਗਤ ਕੀਤਾ ਗਿਆ ਹੈ। ਨਸ਼ਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਇਸ ਖੇਤਰ ਦੇ ਲਗਪਗ ਇੱਕ ਦਰਜਨ ਨੌਜਵਾਨਾਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਉਣ ਦੀ ਸ਼ਲਾਘਾ ਕਰਦਿਆਂ ਸਮਾਜਿਕ ਸੰਗਠਨਾਂ ਦੇ ਅਹੁਦੇਦਾਰਾਂ ਨੇ ਇਸ ਮੁਹਿੰਮ ਵਿੱਚ ਪੁਲੀਸ ਨੂੰ ਸਹਿਯੋਗ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਰੋਟਰੀ ਕਲੱਬ ਦੇ ਸਹਾਇਕ ਗਵਰਨਰ ਇਲੈਕਟ ਸੁਰਿੰਦਰ ਪਾਲ ਸੋਫਤ ਨੇ ਮੁਹਿੰਮ ਦੀ ਸ਼ਲਾਘਾ ਕੀਤੀ। ਮਾਲੇਰਕੋਟਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ ਨੇ ਅਫਸੋਸ ਪ੍ਰਗਟ ਕੀਤਾ ਕਿ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਕਿ ਆਪਣੀ ਮਰਜ਼ੀ ਨਾਲ ਨਸ਼ਾ ਛੱਡਣ ਲਈ ਇਲਾਜ ਕਰਵਾਉਣ ਵਾਲੇ ਨਸ਼ੇੜੀਆਂ ਨੂੰ ਮੁਕੱਦਮੇ ਤੋਂ ਛੋਟ ਪ੍ਰਾਪਤ ਹੋ ਸਕਦੀ ਹੈ। ਐਸਐਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਅਦਾਲਤ ਰਾਹੀਂ ਪ੍ਰਕਿਰਿਆ ਅਪਨਾਉਣ ਤੋਂ ਬਾਅਦ ਸੰਗਰੂਰ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।